ਭੁਪਿੰਦਰਜੀਤ ਮੌਲਵੀਵਾਲਾ, ਪਾਤੜਾਂ : ਮਾਰਕੀਟ ਕਮੇਟੀ ਪਾਤੜਾਂ ਦੀ ਚੇਅਰਮੈਨੀ ਨੂੰ ਲੈ ਕੇ ਆਮ ਆਦਮੀ ਪਾਰਟੀ ਹਲਕਾ ਸ਼ੁਤਰਾਣਾ ਦੇ ਇਕ ਆਗੂ ਦੀ ਵਾਇਰਲ ਹੋਈ ਵੀਡੀਓ ਮਗਰੋਂ ਚਰਚਾ ਵਿਚ ਆਏ ਮਾਮਲੇ ਦੌਰਾਨ ਕਾਂਗਰਸ ਪਾਰਟੀ ਨੇ ਚੁਟਕੀ ਲੈਂਦਿਆਂ ਆਮ ਆਦਮੀ ਪਾਰਟੀ ਦੇ ਆਗੂਆਂ ਨੂੰ ਕਟਹਿਰੇ ਵਿਚ ਖੜ੍ਹਾ ਕੀਤਾ ਹੈ। ਵਿਧਾਨ ਸਭਾ ਹਲਕਾ ਸ਼ੁਤਰਾਣਾ ਨਾਲ ਸਬੰਧਤ ਕਾਂਗਰਸ ਦੇ ਆਗੂਆਂ ਨੇ ਇਸ ਮਾਮਲੇ ਦੀ ਤਹਿ ਤੱਕ ਜਾਣ ਲਈ ਵਾਇਰਲ ਵੀਡੀਓ ਦੀ ਡੂੰਘਾਈ ਨਾਲ ਜਾਂਚ ਕਰਨ ਦੀ ਮੰਗ ਕੀਤੀ ਹੈ ਜਦੋਂਕਿ ਆਮ ਆਦਮੀ ਪਾਰਟੀ ਦੇ ਵਿਧਾਨ ਸਭਾ ਹਲਕਾ ਸ਼ੁਤਰਾਣਾ ਤੋਂ ਵਿਧਾਇਕ ਕੁਲਵੰਤ ਸਿੰਘ ਬਾਜ਼ੀਗਰ ਨੇ ਦੋਸ਼ਾਂ ਨੂੰ ਨਕਾਰਿਆ ਹੈ।
ਕਾਂਗਰਸ ਦੇ ਹਲਕਾ ਇੰਚਾਰਜ ਦਰਬਾਰਾ ਸਿੰਘ ਬਣਵਾਲਾ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਆਮ ਆਦਮੀ ਪਾਰਟੀ ਭ੍ਰਿਸ਼ਟਾਚਾਰ ਵਿਚ ਪੂਰੀ ਤਰ੍ਹਾਂ ਲਿਪਤ ਹੋ ਚੁੱਕੀ ਹੈ ਅਤੇ ਨਿੱਤ ਪ੍ਰਤੀ ਦਿਨ ਨਵੇਂ ਖ਼ੁਲਾਸੇ ਹੋ ਰਹੇ ਹਨ। ਵਿਧਾਨ ਸਭਾ ਹਲਕਾ ਸ਼ੁਤਰਾਣਾ ਅਧੀਨ ਆਉਂਦੀ ਮਾਰਕੀਟ ਕਮੇਟੀ ਪਾਤੜਾਂ ਦੀ ਚੇਅਰਮੈਨੀ ਨੂੰ ਲੈ ਕੇ ‘ਆਪ’ ਦੇ ਇਕ ਆਗੂ ਵੱਲੋਂ ਦਿੱਲੀ ਵਿਖੇ ਪਾਰਟੀ ਦੇ ਕਿਸੇ ਵੱਡੇ ਲੀਡਰ ਨਾਲ ਕੀਤੀ ਗਈ ਗੱਲਬਾਤ ਦੌਰਾਨ ਸੱਤਰ ਲੱਖ ਰੁਪਏ ਵਿਚ ਚੇਅਰਮੈਨੀ ਦਿੱਤੇ ਜਾਣ ਦਾ ਜੋ ਖ਼ੁਲਾਸਾ ਹੋਇਆ ਹੈ, ਉਹ ਬੇਹੱਦ ਮੰਦਭਾਗਾ ਹੈ। ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਦਾ ਜਨਮ ਭ੍ਰਿਸ਼ਟਾਚਾਰ ਵਿਰੋਧੀ ਲਹਿਰ ਵਿਚ ਹੋਇਆ ਸੀ ਤੇ ਸੂਬੇ ਦੇ ਲੋਕਾਂ ਨੇ ਪਿਛਲੀਆਂ ਵਿਧਾਨ ਸਭਾ ਚੋਣਾਂ ਦੌਰਾਨ ਬਦਲਾਅ ਲਈ ਆਮ ਆਦਮੀ ਪਾਰਟੀ ਨੂੰ ਵੋਟਾਂ ਪਾਈਆਂ ਸਨ ਪਰ ਕੁਝ ਮਹੀਨਿਆਂ ਦੇ ਸ਼ਾਸਨ ਕਾਲ ਦੌਰਾਨ ਹੀ ਇਸ ਦੇ ਆਗੂਆਂ ਨੇ ਭ੍ਰਿਸ਼ਟਾਚਾਰ ਦੀਆਂ ਹੱਦਾਂ ਪਾਰ ਕਰ ਦਿੱਤੀਆਂ ਹਨ। ਮੰਤਰੀਆਂ ਤੇ ਵਿਧਾਇਕਾਂ ਦੇ ਭ੍ਰਿਸ਼ਟਾਚਾਰ ਵਿਚ ਲਿਪਤ ਹੋਣ ਦੇ ਕਈ ਮਾਮਲੇ ਸਾਹਮਣੇ ਆਉਣ ਮਗਰੋਂ ਹੁਣ ਪਾਰਟੀ ਦੇ ਆਗੂਆਂ ਨੇ ਚੇਅਰਮੈਨੀਆਂ ਵੇਚਣ ਦਾ ਸਿਲਸਿਲਾ ਵੀ ਸ਼ੁਰੂ ਕਰ ਦਿੱਤਾ ਹੈ।
ਉਨ੍ਹਾਂ ਕਿਹਾ ਕਿ ਵੀਡੀਓ ਵਾਇਰਲ ਹੋਣ ਮਗਰੋਂ ਸਬੰਧਤ ‘ਆਪ’ ਆਗੂ ਵੱਲੋਂ ਮੀਡੀਆ ਨੂੰ ਦਿੱਤੀ ਇੰਟਰਵਿਊ ਦੌਰਾਨ ਕੀਤੇ ਖ਼ੁਲਾਸੇ ਵਿਚ ਉਸ ਨੇ ਚੇਅਰਮੈਨੀ ਬਦਲੇ ਪੈਸਿਆਂ ਦੇ ਲੈਣ-ਦੇਣ ਦੀ ਗੱਲ ਵਿਧਾਇਕ ਦੇ ਘਰ ਹੋਣ ਦੀ ਗੱਲ ਕਹੀ ਹੈ, ਇਸ ਲਈ ਮੁੱਖ ਮੰਤਰੀ ਭਗਵੰਤ ਮਾਨ ਨੂੰ ਮਾਮਲੇ ਦੀ ਗੰਭੀਰਤਾ ਨੂੰ ਦੇਖਦਿਆਂ ਵਿਜੀਲੈਂਸ ਤੋਂ ਜਾਂਚ ਕਰਵਾਉਣੀ ਚਾਹੀਦੀ ਹੈ।
ਇਸ ਮੌਕੇ ਉਨ੍ਹਾਂ ਨਾਲ ਕਾਂਗਰਸ ਦੇ ਬਲਾਕ ਪ੍ਰਧਾਨ ਰਣਜੀਤ ਸਿੰਘ ਮਤੋਲੀ, ਸਾਬਕਾ ਪ੍ਰਧਾਨ ਦਲੇਰ ਸਿੰਘ ਹਰਿਆਊ, ਮੋਹਰ ਸਿੰਘ ਜਿਉਣਪੁਰਾ ਤੇ ਅੰਗਰੇਜ਼ ਸਿੰਘ ਲਾਲਵਾ ਆਦਿ ਹਾਜ਼ਰ ਸਨ।
ਅਜਿਹੀ ਕੋਈ ਗੱਲ ਨਹੀਂ ਹੋਈ, ਅਕਸ ਖ਼ਰਾਬ ਕਰ ਰਹੇ ਵਿਰੋਧੀ : ਵਿਧਾਇਕ
ਵਿਧਾਨ ਸਭਾ ਹਲਕਾ ਸ਼ੁਤਰਾਣਾ ਦੇ ਵਿਧਾਇਕ ਕੁਲਵੰਤ ਸਿੰਘ ਬਾਜ਼ੀਗਰ ਨੇ ਦੋਸ਼ਾਂ ਦਾ ਖੰਡਨ ਕਰਦਿਆਂ ਕਿਹਾ ਹੈ ਕਿ ਉਨ੍ਹਾਂ ਦੇ ਘਰ ਚੇਅਰਮੈਨੀ ਬਦਲੇ ਪੈਸਿਆਂ ਦੇ ਲੈਣ-ਦੇਣ ਦੀ ਅਜਿਹੀ ਕੋਈ ਗੱਲ ਨਹੀਂ ਹੋਈ ਹੈ। ਇਹ ਵਿਅਕਤੀ ਵਿਰੋਧੀ ਪਾਰਟੀਆਂ ਦੇ ਹੱਥੀਂ ਚੜ੍ਹ ਕੇ ਪਾਰਟੀ ਦਾ ਅਕਸ ਖ਼ਰਾਬ ਕਰ ਰਿਹਾ ਹੈ।