ਆਰ ਸਿੰਘ, ਪਠਾਨਕੋਟ : ਪੰਜਾਬ ਸੂਬੇ ਵਿੱਚੋਂ ਨਸ਼ਿਆਂ ਦੀ ਤਸਕਰੀ ਦਾ ਮੁਕੰਮਲ ਸਫਾਇਆ ਕਰਨ ਦੀ ਆਪਣੀ ਵਚਨਬੱਧਤਾ ਤਹਿਤ ਪਠਾਨਕੋਟ ਪੁਲਿਸ ਨੇ ਤਿੰਨ ਅੰਤਰਰਾਜੀ ਅਫ਼ੀਮ ਸਮੱਗਲਰਾਂ ਨੂੰ ਗ੍ਰਿਫ਼ਤਾਰ ਕਰ ਕੇ ਉਨ੍ਹਾਂ ਦੇ ਕਬਜ਼ੇ ਵਿੱਚੋਂ ਮੱਧ ਪ੍ਰਦੇਸ਼ ਤੋਂ ਲਿਆਂਦੀ ਗਈ ਪੰਜ ਕਿਲੋ ਅਫ਼ੀਮ ਜ਼ਬਤ ਕੀਤੀ ਹੈ। ਤਿੰਨਾਂ ਮੁਲਜ਼ਮਾਂ ਦੀ ਪਛਾਣ ਗੁਰਦੱਤ ਸਿੰਘ ਗੀਤੂ, ਨਰਵੇਲ ਸਿੰਘ ਅਤੇ ਕਸ਼ਮੀਰ ਸਿੰਘ ਵਾਸੀ ਸੈਚਾਂ, ਸੁਲਤਾਨਪੁਰ ਲੋਧੀ, ਕਪੂਰਥਲਾ ਵਜੋਂ ਹੋਈ ਹੈ।
ਇਸ ਸਬੰਧੀ ਪ੍ਰੈਸ ਨੂੰ ਜਾਣਕਾਰੀ ਦਿੰਦਿਆਂ ਸੀਨੀਅਰ ਕਪਤਾਨ ਪੁਲਿਸ ਹਰਕਮਲ ਪ੍ਰੀਤ ਸਿੰਘ ਖੱਖ ਨੇ ਦੱਸਿਆ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਅਤੇ ਡੀਜੀਪੀ ਪੰਜਾਬ ਗੌਰਵ ਯਾਦਵ ਦੇ ਦਿਸ਼ਾ ਨਿਰਦੇਸ਼ਾਂ ’ਤੇ ਪਠਾਨਕੋਟ ਪੁਲਿਸ ਵੱਲੋਂ ਇਲਾਕੇ ਵਿੱਚ ਨਸ਼ਾ ਤਸਕਰੀ ਦੀ ਅਲਾਮਤ ਨੂੰ ਨੱਥ ਪਾਉਣ ਲਈ ਲਗਾਤਾਰ ਕੰਮ ਕੀਤਾ ਜਾ ਰਿਹਾ ਹੈ। ਐਸਪੀ ਮਨੋਜ ਠਾਕੁਰ ਨੇ ਦੱਸਿਆ ਕਿ ਪੁਲਿਸ ਨੂੰ ਇਤਲਾਹ ਮਿਲੀ ਕਿ ਤਿੰਨ ਤਸਕਰ ਮੱਧ ਪ੍ਰਦੇਸ਼ ਤੋਂ ਅਫ਼ੀਮ ਲਿਆ ਕੇ ਪਠਾਨਕੋਟ ਵਿਖੇ ਸੁੰਦਰ ਚੱਕ ਮੋੜ ਨੇੜੇ ਆਪਣੇ ਗਾਹਕਾਂ ਨੂੰ ਵੇਚਣ ਦੀ ਕੋਸ਼ਿਸ਼ ਕਰ ਰਹੇ ਹਨ । ਤੁਰੰਤ ਕਾਰਵਾਈ ਕਰਦੇ ਹੋਏ ਉਪ ਪੁਲਿਸ ਕਪਤਾਨ ਰਵਿੰਦਰ ਕੁਮਾਰ ਰੂਬੀ ਦੀ ਨਿਗਰਾਨੀ ਹੇਠ ਸੀਆਈਏ ਪਠਾਨਕੋਟ ਦੇ ਇੰਚਾਰਜ ਸਬ-ਇੰਸਪੈਕਟਰ ਸੁਰਿੰਦਰ ਸਿੰਘ ਦੀ ਅਗਵਾਈ ਵਾਲੀ ਪੁਲਿਸ ਟੀਮ ਨੇ ਬਾਰੀਕੀ ਨਾਲ ਤਲਾਸ਼ੀ ਲਈ ਅਤੇ ਸਮੱਗਲਰਾਂ ਨੂੰ ਦਬੋਚ ਲਿਆ ਅਤੇ ਤਲਾਸ਼ੀ ਲੈਣ ’ਤੇ ਉਨ੍ਹਾਂ ਕੋਲੋਂ ਪੰਜ ਕਿਲੋ ਅਫੀਮ ਬਰਾਮਦ ਹੋਈ ਹੈ।
ਐਸਐਸਪੀ ਨੇ ਦੱਸਿਆ ਕਿ ਫੜੇ ਗਏ ਸਮੱਗਲਰਾਂ ਦੇ ਖ਼ਿਲਾਫ਼ ਨਾਰਕੋਟਿਕ ਡਰੱਗਜ਼ ਐਂਡ ਸਾਈਕੋਟ੍ਰੋਪਿਕ ਸਬਸਟੈਂਸ ਐਕਟ ਦੀ ਧਾਰਾ 18-61-85 ਤਹਿਤ ਮੁਕੱਦਮਾ ਥਾਣਾ ਸੁਜਾਨਪੁਰ, ਪਠਾਨਕੋਟ ਵਿਖੇ ਦਰਜ ਕਰ ਲਿਆ ਗਿਆ ਹੈ।ਉਨ੍ਹਾਂ ਦੱਸਿਆ ਕਿ ਮੁੱਢਲੀ ਪੜਤਾਲ ਦੌਰਾਨ ਪਤਾ ਲੱਗਾ ਹੈ ਕਿ ਗੁਰਦੱਤ ਸਿੰਘ ਉਰਫ਼ ਗੀਤੂ ਨਸ਼ੀਲੇ ਪਦਾਰਥਾਂ ਦੇ ਗ਼ੈਰ-ਕਾਨੂੰਨੀ ਕਾਰੋਬਾਰ ਵਿੱਚ ਇੱਕ ਬਦਨਾਮ ਵਿਅਕਤੀ ਹੈ ਜੋ ਮੱਧ ਪ੍ਰਦੇਸ਼ ਤੋਂ ਡਰੱਗ ਲਿਆਕੇ ਵੇਚ ਰਿਹਾ ਸੀ। ਉਸ ਵਿਰੁੱਧ ਪਹਿਲਾਂ ਹੀ ਪੰਜਾਬ ਦੇ ਵੱਖ-ਵੱਖ ਥਾਣਿਆਂ ਵਿੱਚ ਕਈ ਐਫਆਈਆਰ ਦਰਜ ਹਨ। ਪਹਿਲਾਂ, ਉਹ ਭੁੱਕੀ ਵੇਚਣ ਦੇ ਨਾਜਾਇਜ਼ ਕਾਰੋਬਾਰ ਵਿੱਚ ਸ਼ਾਮਲ ਸੀ, ਜਿਸਨੂੰ ਉਹ ਜੰਮੂ-ਕਸ਼ਮੀਰ ਅਤੇ ਮੱਧ ਪ੍ਰਦੇਸ਼ ਤੋਂ ਲਿਆਉਂਦਾ ਸੀ। ਹਾਲਾਂਕਿ ਪਠਾਨਕੋਟ ਪੁਲਿਸ ਨੇ ਉਸ ਦੇ ਮਨਸੂਬੇ ਨੂੰ ਨਾਕਾਮ ਕਰ ਦਿੱਤਾ ਹੈ।
ਖੱਖ ਨੇ ਅੱਗੇ ਕਿਹਾ ਕਿ ਫੜੇ ਗਏ ਵਿਅਕਤੀਆਂ ਨੂੰ ਮੈਜਿਸਟਰੇਟ ਦੇ ਸਾਹਮਣੇ ਪੇਸ਼ ਕੀਤਾ ਜਾਵੇਗਾ ਅਤੇ ਸਪਲਾਈ ਚੇਨ ਨੂੰ ਤੋੜਨ ਲਈ ਉਨ੍ਹਾਂ ਦੇ ਹੋਰ ਰਿਮਾਂਡ ਦੀ ਮੰਗ ਕੀਤੀ ਜਾਵੇਗੀ। ਐਸਐਸਪੀ ਖੱਖ ਨੇ ਲੋਕਾਂ ਨੂੰ ਚੌਕਸ ਰਹਿਣ ਅਤੇ “‘ਯੂ ਸ਼ੇਅਰ ਐਂਡ, ਵੀ ਕੇਅਰ’ ਮੁਹਿੰਮ ਦੇ ਹਿੱਸੇ ਵਜੋਂ ਪੋਸਟਰਾਂ ਵਿੱਚ ਦਿੱਤੇ ਨੰਬਰਾਂ ਦੀ ਵਰਤੋਂ ਕਰਦੇ ਹੋਏ ਕਿਸੇ ਵੀ ਸ਼ੱਕੀ ਗਤੀਵਿਧੀ ਦੀ ਸੂਚਨਾ ਪੁਲਿਸ ਨੂੰ ਦੇਣ ਦੀ ਅਪੀਲ ਵੀ ਕੀਤੀ ਹੈ।