ਜਗਤਾਰ ਮਹਿੰਦੀਪੁਰੀਆ ,ਬਲਾਚੌਰ : ਬਲਾਚੌਰ 'ਚ ਸ੍ਰੀ ਗੁਰੂ ਰਵਿਦਾਸ ਜੀ ਦੇ ਪ੍ਰਕਾਸ਼ ਦਿਹਾੜੇ 'ਤੇ ਸਜਾਏ ਵਿਸ਼ਾਲ ਨਗਰ ਕੀਰਤਨ ਦੌਰਾਨ ਚਲਾਏ ਪਟਾਕੇ ਨਾਲ ਇਕ ਨੌਜਵਾਨ ਦੇ ਗੰਭੀਰ ਰੂਪ ਵਿਚ ਜ਼ਖ਼ਮੀ ਹੋ ਗਿਆ ਹੈ। ਪ੍ਰਰਾਪਤ ਜਾਣਕਾਰੀ ਅਨੁਸਾਰ ਬਲਾਚੌਰ 'ਚ ਸ੍ਰੀ ਗੁਰੂ ਰਵਿਦਾਸ ਮਹਾਰਾਜ ਦੇ ਪਾਵਨ ਪ੍ਰਕਾਸ਼ ਪੁਰਬ ਮੌਕੇ ਸਜਾਏ ਵਿਸ਼ਾਲ ਨਗਰ ਕੀਰਤਨ ਦੇ ਭੱਦੀ ਰੋਡ ਵਿਖੇ ਪੁੱਜਣ 'ਤੇ ਨੌਜਵਾਨਾਂ ਵੱਲੋਂ ਚਲਾਏ ਜਾ ਰਹੇ ਪਟਾਕੇ ਕਾਰਨ ਸੇਠੀ ਕੁਮਾਰ ਵਾਸੀ ਪਿੰਡ ਖੀਵੇਵਾਲ ਜੋ ਕਿ ਗਹੂੰਣ ਰੋਡ 'ਤੇ ਸੈਂਟਰਲ ਬੈਂਕ ਬਲਾਚੌਰ ਨੇੜੇ ਚਾਹ ਦੀ ਦੁਕਾਨ ਕਰਦਾ ਹੈ ਉਸ ਦੇ ਇਕ ਪਟਾਕੇ ਦੀ ਲਪੇਟ ਵਿਚ ਆਉਣ ਕਾਰਨ ਉਸ ਦੀ ਅੱਖ ਬੁਰੀ ਤਰ੍ਹਾਂ ਨੁਕਸਾਨੀ ਗਈ। ਇਸ ਹਾਦਸੇ ਤੋਂ ਬਾਅਦ ਡਿੱਗੇ ਸੇਠੀ ਕੁਮਾਰ ਨੂੰ ਪਹਿਲਾਂ ਰਾਹਗੀਰਾਂ ਵੱਲੋਂ ਸਿਵਲ ਹਸਪਤਾਲ ਬਲਾਚੌਰ ਲਿਜਾਇਆ ਗਿਆ। ਪਰ ਸੇਠੀ ਕੁਮਾਰ ਦੀ ਹਾਲਤ ਗੰਭੀਰ ਹੋਣ ਕਾਰਨ ਉਸ ਨੂੰ ਪੀਜੀਆਈ ਚੰਡੀਗੜ੍ਹ ਰੈਫਰ ਕੀਤਾ ਗਿਆ। ਪੀਜੀਆਈ ਵਿਖੇ ਸੇਠੀ ਕੁਮਾਰ ਦਾ ਮੇਜਰ ਆਪਰੇਸ਼ਨ ਹੋਇਆ ਹੈ। ਪਰਿਵਾਰਿਕ ਮੈਂਬਰਾਂ ਨੇ ਦੱਸਿਆ ਕਿ ਸੇਠੀ ਕੁਮਾਰ ਦੀ ਅੱਖ ਫੱਟ ਗਈ ਹੈ ਅਤੇ ਸੇਠੀ ਕੁਮਾਰ ਨੂੰ ਇਲਾਜ ਲਈ ਹਾਲੇ ਪੀਜੀਆਈ ਚੰਡੀਗੜ੍ਹ ਰੱਖਿਆ ਗਿਆ ਹੈ। ਪਰਿਵਾਰਿਕ ਮੈਂਬਰਾਂ ਨੇ ਪੁਲਿਸ ਪ੍ਰਸ਼ਾਸਨ ਤੋਂ ਮੰਗ ਕੀਤੀ ਕਿ ਨਗਰ ਕੀਰਤਨ ਦੌਰਾਨ ਪਟਾਕੇ ਚਲਾਉਣ ਵਾਲਿਆਂ ਖਿਲਾਫ਼ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇ। ਇਸੇ ਤਰਾਂ੍ਹ ਭਵਿੱਖ ਵਿਚ ਨਗਰ ਕੀਰਤਨ ਦੌਰਾਨ ਪਟਾਕਿਆਂ ਦੀ ਵਰਤੋਂ ਕਰਨ ਦੇ ਪੂਰੀ ਤਰਾਂ੍ਹ ਰੋਕ ਲਗਾਈ ਜਾਵੇ ਤਾਂ ਜੋਂ ਭਵਿੱਖ ਵਿਚ ਅਜਿਹੇ ਹਾਦਸੇ ਨਾ ਵਾਪਰਨ।