ਜਤਿੰਦਰਪਾਲ ਕਲੇਰ, ਕਾਠਗੜ੍ਹ : ਰੋਪੜ -ਬਲਾਚੌਰ ਰਾਜ ਮਾਰਗ ’ਤੇ ਸਥਿਤ ਟੋਲ ਬੈਰੀਅਰ ਬੱਛੂਆਂ ਦੇ ਇਕ ਕਰਮਚਾਰੀ ਵੱਲੋਂ ਟੋਲ ਪਰਚੀ ਕਟਵਾਉਣ ਨੂੰ ਲੈ ਕੇ ਇਕ ਕਾਰ ਮਾਲਕ ’ਤੇ ਲੋਹੇ ਦੀ ਰਾਡ ਨਾਲ ਹਮਲਾ ਕੀਤੇ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ। ਪਰ ਵਿਗੜੀ ਸਥਿਤੀ ਨੂੰ ਥਾਣਾ ਕਾਠਗਡ੍ਹ ਦੇ ਐੱਸਐੱਚਓ ਨੇ ਮੌਕੇ ’ਤੇ ਪਹੁੰਚ ਕੇ ਸੰਭਾਲਿਆ। ਮੌਕੇ ’ਤੇ ਜਾਣਕਾਰੀ ਦਿੰਦੇ ਹੋਏ ਨੰਬਰਦਾਰ ਅਜੀਤ ਸਿੰਘ ਨੇ ਦੱਸਿਆ ਕਿ ਉਹ ਰੋਪੜ ਤੋਂ ਨਵਾਂਸ਼ਹਿਰ ਸਾਇਡ ਨੂੰ ਆਪਣੀ ਸਕਾਰਪੀਓ ’ਚ ਜਾ ਰਿਹਾ ਸੀ। ਜਦੋਂ ਉਹ ਟੋਲ ਬੈਰੀਅਰ ’ਤੇ ਰੁਕਿਆ ਅਤੇ ਪਰਚੀ ਕੱਟ ਰਹੀ ਮੈਡਮ ਨੇ ਉਨ੍ਹਾਂ ਉਨ੍ਹਾਂ ਨੂੰ ਕਿਹਾ ਕਿ ਤੁਹਾਡੇ ਫਾਸਟੈਗ ’ਚੋਂ ਬੈਲੇਂਸ ਨਾ ਹੋਣ ਕਾਰਨ ਪੈਸੇ ਨਹੀਂ ਕੱਟੇ ਜਾ ਰਹੇ। ਜਿਸ ’ਤੇ ਉਸ ਵੱਲੋਂ 200 ਰੁਪਏ ਦਿੰਦੇ ਹੋਏ ਕਿਹਾ ਕਿ ਤੁਸੀਂ ਪਰਚੀ ਦੇ ਬਣਦੇ ਪੈਸੇ ਕੱਟ ਲਓ। ਪਰ ਉੱਥੇ ਕੋਲ ਖੜ੍ਹੇ ਇਕ ਟੋਲ ਕਰਮਚਾਰੀ ਨੇ ਗਾਲ੍ਹ ਕੱਢਦੇ ਹੋਏ ਕਿਹਾ ਕਿ ਇਨ੍ਹਾਂ ਲੋਕਾਂ ਦਾ ਤਾਂ ਇਹੀ ਹਾਲ ਹੈ। ਇਨ੍ਹਾਂ ਨੂੰ ਪਹਿਲਾਂ ਨਹੀਂ ਪਤਾ ਹੁੰਦਾ ਕਿ ਅਕਾਊਂਟ ’ਚ ਪੈਸੇ ਪੁਆਉਣੇ ਹਨ ਜਾਂ ਨਹੀਂ। ਪਰ ਸਕਾਰਪੀਓ ਮਾਲਕ ਗੱਡੀ ’ਚੋਂ ਬਾਹਰ ਉਤਰ ਕੇ ਕਰਮਚਾਰੀ ਨੂੰ ਕਹਿਣ ਲੱਗਾ ਕਿ ਉਹ ਪਰਚੀ ਕਟਵਾ ਰਿਹਾ ਹਾਂ ਤੇਰਾ ਗਾਲ ਕੱਢਣ ਦਾ ਕੀ ਮਤਲਬ ? ਬਸ ਫੇਰ ਕੀ ਟੋਲ ਕਰਮਚਾਰੀ ਨੇ ਬਹਿਸ ਕਰਦੇ ਹੋਏ ਲੋਹੇ ਦੀ ਰਾਡ ਨਾਲ ਇਕਦਮ ਉਸ ’ਤੇ ਹਮਲਾ ਕਰ ਦਿੱਤਾ। ਜਿਸ ’ਤੇ ਉਸ ਨੇ ਕਰਮਚਾਰੀ ਦੇ ਹੱਥ ਵਿਚੋਂ ਰਾਡ ਖੋਹ ਲਈ। ਪਰ ਟੋਲ ਕਰਮਚਾਰੀ ਭੱਜ ਕੇ ਇਕ ਕਮਰੇ ਵਿਚੋਂ ਹੋਰ ਰਾਡ ਲੈ ਆਇਆ। ਇਸ ਤੋਂ ਬਾਅਦ ਟੋਲ ਬੈਰੀਅਰ ਦੇ ਦੂਜੇ ਕਰਮਚਾਰੀ ਇਕੱਠੇ ਹੋਏ ਤੇ ਉਨ੍ਹਾਂ ਨੇ ਆਪਣੇ ਸਾਥੀ ਨੂੰ ਇਕ ਕਮਰੇ ਵਿਚ ਭੇਜ ਦਿੱਤਾ ਅਤੇ ਮਾਹੌਲ ਤਣਾਅ ਵਾਲਾ ਹੋ ਗਿਆ। ਟੋਲ ਬੈਰੀਅਰ ਤੇ ਵਿਗੜੀ ਇਸ ਸਥਿਤੀ ਦੀ ਸੂਚਨਾ ਲੋਕਾਂ ਨੇ ਥਾਣਾ ਕਾਠਗੜ੍ਹ ਦੇ ਐੱਸਐੱਚਓ ਹਰਕੀਰਤ ਸਿੰਘ ਨੂੰ ਦਿੱਤੀ। ਉਨ੍ਹਾਂ ਤੁਰੰਤ ਮੌਕੇ ’ਤੇ ਪਹੁੰਚ ਕੇ ਮਾਹੌਲ ਨੂੰ ਸ਼ਾਂਤ ਕੀਤਾ ਅਤੇ ਬੜੀ ਸੂਝਬੂਝ ਤੋਂ ਕੰਮ ਲੈਂਦੇ ਹੋਏ ਦੋਵੇਂ ਧਿਰਾਂ ਨੂੰ ਥਾਣਾ ਕਾਠਗੜ੍ਹ ਲਿਆ ਕੇ ਸਾਰੀ ਪੁੱਛ ਪੜਤਾਲ ਕੀਤੀ ਗਈ। ਦੂਜੇ ਪਾਸੇ ਜਦੋਂ ਟੋਲ ਪਲਾਜ਼ਾ ਦੇ ਮੈਨੇਜਰ ਤੋਂ ਇਸ ਸਬੰਧੀ ਜਾਣਕਾਰੀ ਮੰਗੀ ਤਾਂ ਉਨ੍ਹਾਂ ਨੇ ਕਿਹਾ ਕਿ ਜਿਨ੍ਹਾਂ ਟੌਲ ਪਲਾਜੇ ਦੇ ਅਧਿਕਾਰੀਆਂ ਦਾ ਵਰਤਾਅ ਚੰਗਾ ਨਹੀਂ ਹੋਵੇਗਾ। ਉਨ੍ਹਾਂ ਨੂੰ ਨੌਕਰੀ ਤੋਂ ਕੱਢ ਦਿੱਤਾ ਜਾਵੇਗਾ। ਇਸ ਤੋਂ ਇਲਾਵਾ ਜਿਸ ਨੇ ਟੌਲ ਪਲਾਜੇ ’ਤੇ ਅੱਜ ਸਕਾਰਪੀਓ ਗੱਡੀ ਦੇ ਮਾਲਕ ਨਾਲ ਬਦਸਲੂਕੀ ਕੀਤੀ, ਨੂੰ ਨੌਕਰੀ ਤੋਂ ਕੱਢ ਦਿੱਤਾ ਗਿਆ ਹੈ। ਉਨ੍ਹਾਂ ਬਾਕੀ ਕਰਮਚਾਰੀਆਂ ਨੂੰ ਵੀ ਹਦਾਇਤ ਕੀਤੀ ਕਿ ਹੈ ਕਿ ਕਿਸੇ ਨਾਲ ਕੋਈ ਕਰਮਚਾਰੀ ਬਦਸਲੂਕੀ ਕਰਦਾ ਫੜਿਆ ਗਿਆ ਤਾਂ ਉਸ ਨੂੰ ਬਖਸ਼ਿਆ ਨਹੀਂ ਜਾਵੇਗਾ।