ਪ੍ਰਦੀਪ ਭਨੋਟ, ਨਵਾਂਸ਼ਹਿਰ : ਸਿਵਲ ਸਰਜਨ ਡਾ. ਦਵਿੰਦਰ ਢਾਂਡਾ ਦੀ ਪ੍ਰਧਾਨਗੀ ਹੇਠ ਜਣੇਪੇ ਦੌਰਾਨ ਹੋਣ ਵਾਲੀਆਂ ਮੌਤਾਂ ਸਬੰਧੀ ਅੱਜ ਜ਼ਿਲ੍ਹਾ ਪੱਧਰੀ ਰੀਵਿਊ ਕਮੇਟੀ ਦੀ ਹੋਈ। ਇਸ ਵਿਚ ਤਿੰਨ ਮਾਤਰੀ ਮੌਤ ਦੇ ਕੇਸਾਂ ਨੂੰ ਵਿਚਾਰਿਆ ਗਿਆ ਜੋ ਕਿ ਸਿਹਤ ਬਲਾਕ ਸੁੱਜੋਂ ਅਤੇ ਸੜੋਆ ਨਾਲ ਸਬੰਧਤ ਸਨ। ਮੀਟਿੰਗ ਦੌਰਾਨ ਸਿਵਲ ਸਰਜਨ ਨੇ ਦੱਸਿਆ ਕਿ ਇਨਾਂ੍ਹ ਮੌਤਾਂ ਦੇ ਵਿਸ਼ਲੇਸ਼ਨ ਤੋਂ ਬਾਅਦ ਉਨਾਂ੍ਹ ਦੇਰੀਆਂ ਨੂੰ ਵੀ ਪਛਾਣਿਆ ਗਿਆ ਜੋ ਵਿਭਿੰਨ ਪੱਧਰਾਂ 'ਤੇ ਮਾਤਰੀ ਮੌਤਾਂ ਲਈ ਹਿੱਸੇਦਾਰ ਬਣੇ। ਇਸ ਮੌਕੇ ਸਿਵਲ ਸਰਜਨ ਡਾ. ਦਵਿੰਦਰ ਢਾਂਡਾ ਨੇ ਮਾਤਰੀ ਮੌਤ ਰੀਵਿਊ ਮੀਟਿੰਗ ਦੌਰਾਨ ਸਬੰਧਤ ਮੈਡੀਕਲ ਅਤੇ ਪੈਰਾ ਮੈਡੀਕਲ ਸਟਾਫ ਨੂੰ ਸਖ਼ਤ ਹਦਾਇਤਾਂ ਜਾਰੀ ਕਰਦੇ ਹੋਏ ਕਿਹਾ ਕਿ ਭਵਿੱਖ ਵਿੱਚ ਅਜਿਹੀਆਂ ਮੌਤਾਂ ਨੂੰ ਰੋਕਣ ਲਈ ਢੁੱਕਵੇਂ ਕਦਮ ਉਠਾਏ ਜਾਣ। ਸਿਵਲ ਸਰਜਨ ਵੱਲੋਂ ਹਦਾਇਤ ਕੀਤੀ ਗਈ ਕਿ ਜੇਕਰ ਕੋਈ ਗਰਭਵਤੀ ਹਾਈ ਰਿਸਕ 'ਤੇ ਹੈ ਤਾਂ ਉਸ ਬਾਬਤ ਇੱਕ ਲਿਸਟ ਹਰੇਕ ਐੱਸਐਮਓ ਅਤੇ ਸਬੰਧਤ ਸਟਾਫ ਦੇ ਕੋਲ ਹੋਣੀ ਚਾਹੀਦੀ ਹੈ। ਤਾਂ ਜੋ ਪਹਿਲਾਂ ਤੋਂ ਐਕਸ਼ਨ ਪਲਾਨ ਬਣਾਇਆ ਜਾਵੇ ਅਤੇ ਉਸ ਅੌਰਤ ਦਾ ਸੁਰੱਖਿਅਤ ਜਣੇਪਾ ਮੁਮਕਿਨ ਬਣਾਇਆ ਜਾ ਸਕੇ। ਉਨਾਂ੍ਹ ਕਿਹਾ ਕਿ ਸਿਜੇਰੀਅਨ ਕੇਸਾਂ 'ਚ ਅੌਰਤਾਂ ਦੀ ਸਿਹਤ ਦੀ ਨਿਰੰਤਰ ਨਿਗਰਾਨੀ ਕੀਤੀ ਜਾਵੇ। ਉਨ੍ਹਾਂ ਕਿਹਾ ਕਿ ਇਹ ਜਾਣਕਾਰੀ ਸੇਵਾਵਾਂ ਵਿਚ ਪਾਈਆਂ ਜਾਂਦੀਆਂ ਕਮੀਆਂ ਨੂੰ ਦੂਰ ਕਰਨ ਦੇ ਉਪਾਅ ਅਪਣਾਉਣ ਵਿਚ ਵਰਤੀ ਜਾਵੇ। ਸਿਹਤ ਵਿਭਾਗ ਜਣੇਪੇ ਦੌਰਾਨ ਗਰਭਵਤੀ ਅੌਰਤਾਂ ਦੀ ਮੌਤ ਦਰ 'ਤੇ ਕਾਬੂ ਪਾਉਣ ਲਈ ਯਤਨਸ਼ੀਲ ਹੈ ਅਤੇ ਹਰ ਗਰਭਵਤੀ ਅੌਰਤ ਦੇ ਜਣੇਪੇ ਨੂੰ ਸੁਰੱਖਿਆ ਬਣਾਉਣ ਲਈ ਵੱਡੇ ਉਪਰਾਲੇ ਕਰ ਰਿਹਾ ਹੈ। ਇਸ ਵਿਚ ਕਿਸੇ ਵੀ ਤਰ੍ਹਾਂ ਦੀ ਕੁਤਾਹੀ ਬਰਦਾਸ਼ਤ ਨਹੀਂ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਮਾਤਰੀ ਦਰ ਮੌਤ ਨੂੰ ਘਟਾਉਣ ਲਈ ਗਰਭਵਤੀ ਅੌਰਤਾਂ ਦੀ ਸਿਹਤ 'ਤੇ ਤਿੱਖੀ ਨਜ਼ਰ ਰੱਖੀ ਜਾਵੇ ਤੇ ਜੇ ਕਿਸੇ ਨੂੰ ਕੋਈ ਸਮੱਸਿਆ ਹੈ ਤਾਂ ਉਸ ਦੇ ਉਚਿਤ ਇਲਾਜ ਪ੍ਰਬੰਧਨ ਲਈ ਲੋੜੀਂਦੇ ਉਪਰਾਲੇ ਕੀਤੇ ਜਾਣ।
ਉਨਾਂ੍ਹ ਕਿਹਾ ਕਿ ਮਾਤਰੀ ਮੌਤ ਦਰ ਘਟਾਉਣ ਲਈ ਗਰਭ ਅਵਸਥਾ ਦੀਆਂ ਸਮੱਸਿਆਵਾਂ ਦੀ ਸਮੇਂ ਸਿਰ ਪਛਾਣ ਕਰਨਾ ਬਹੁਤ ਜ਼ਰੂਰੀ ਹੈ। ਤਾਂ ਜੋ ਸਮੇਂ ਸਿਰ ਉਨਾਂ੍ਹ ਦਾ ਇਲਾਜ ਸ਼ੁਰੂ ਕੀਤਾ ਜਾ ਸਕੇ। ਇਸ ਤਰ੍ਹਾਂ ਜਣੇਪੇ ਸਮੇਂ ਕਿਸੇ ਵੀ ਤਰਾਂ੍ਹ ਦੀ ਕੋਈ ਸਮੱਸਿਆ ਪੇਸ਼ ਨਹੀਂ ਆਵੇਗੀ। ਸਿਵਲ ਸਰਜਨ ਨੇ ਦੱਸਿਆ ਕਿ ਸਿਹਤ ਵਿਭਾਗ ਦੇ ਪ੍ਰਮੁੱਖ ਉਦੇਸ਼ਾਂ ਵਿੱਚੋਂ ਇੱਕ ਮਾਤਰੀ ਮੌਤ ਦਰ ਨੂੰ ਘਟਾਉਣਾ ਹੈ। ਇਸ ਲਈ ਲੋਕਾਂ ਨੂੰ ਬਿਹਤਰ ਜੱਚਾ-ਬੱਚਾ ਸਿਹਤ ਸੇਵਾਵਾਂ ਮੁਹੱਈਆ ਕਰਵਾਈਆਂ ਜਾਣ। ਸਿਹਤ ਵਿਭਾਗ ਵੱਲੋਂ ਜਨਨੀ ਸ਼ਿਸ਼ੂ ਸੁਰੱਖਿਆ ਪੋ੍ਗਰਾਮ ਤਹਿਤ ਹਰੇਕ ਗਰਭਵਤੀ ਅੌਰਤ ਨੂੰ ਗਰਭ ਧਾਰਨ ਤੋਂ ਲੈ ਕੇ ਬੱਚੇ ਦੇ ਜਨਮ ਤੱਕ ਸਾਰੀਆਂ ਸਿਹਤ ਸੇਵਾਵਾਂ ਮੁਫਤ ਪ੍ਰਦਾਨ ਕੀਤੀਆਂ ਜਾਂਦੀਆਂ ਹਨ। ਜਿਨਾਂ੍ਹ ਵਿਚ ਏਐੱਨਸੀ ਚੈਕਅੱਪ, ਲੈਬ ਟੈਸਟ, ਸਕੈਨਿੰਗ, ਹਸਪਤਾਲ ਲਿਆਉਣਾ ਤੇ ਛੱਡਣਾ ਸ਼ਾਮਲ ਹੈ।
ਇਸ ਲਈ ਇਨ੍ਹਾਂ ਮੁਫ਼ਤ ਸਰਕਾਰੀ ਸਹੂਲਤਾਂ ਦਾ ਲੋਕਾਂ ਨੂੰ ਵੱਧ ਤੋਂ ਵੱਧ ਫਾਇਦਾ ਦੇਣਾ ਚਾਹੀਦਾ ਹੈ। ਉਨਾਂ੍ਹ ਵੱਲੋਂ ਹਦਾਇਤ ਕੀਤੀ ਗਈ ਕਿ ਜੇਕਰ ਸਰਕਾਰੀ ਸਿਹਤ ਕੇਂਦਰ ਵਿਚ ਕੋਈ ਵੀ ਗਰਭਵਤੀ ਅੌਰਤ ਨੂੰ ਪਹਿਲੀ ਵਾਰ ਚੈੱਕਅਪ ਦੌਰਾਨ ਹਾਈ ਰਿਸਕ ਲੱਗੇ ਤਾਂ ਉਸ ਨੂੰ ਤੁਰੰਤ ਜ਼ਿਲ੍ਹਾ ਸਰਕਾਰੀ ਹਸਪਤਾਲ ਪੱਧਰ 'ਤੇ ਰੈਫਰ ਕੀਤਾ ਜਾਵੇ। ਉਸ ਸਮੇਂ ਉਸ ਮਰੀਜ਼ ਦੇ ਵਾਰਿਸਾਂ ਨੂੰ ਇਹ ਵੀ ਸਮਝਾਇਆ ਜਾਵੇ ਕਿ ਕਿੰਝ ਮਾਂ ਤੇ ਬੱਚੇ ਦੀ ਜਾਨ ਨੂੰ ਖਤਰਾ ਕਿਵੇਂ ਘਟਾਇਆ ਜਾ ਸਕਦਾ ਹੈ ਤੇ ਇਹ ਸਭ ਕੁਝ ਗਰਭਵਤੀ ਅੌਰਤਾਂ ਨੂੰ ਵੀ ਦੱਸਣਾ ਯਕੀਨੀ ਬਣਾਇਆ ਜਾਵੇ।
ਇਸ ਮੌਕੇ ਜ਼ਿਲ੍ਹਾ ਪਰਿਵਾਰ ਭਲਾਈ ਅਫ਼ਸਰ ਡਾ. ਰਾਕੇਸ਼ ਚੰਦਰ ਨੇ ਦੱਸਿਆ ਕਿ ਮਾਤਰੀ ਮੌਤ ਅੌਰਤ ਦੀ ਉਹ ਮੌਤ ਹੈ ਜੋ ਜਣੇਪੇ ਦੌਰਾਨ ਜ਼ਿਆਦਾ ਗੰਭੀਰ ਸਥਿਤੀ ਹੋਣ ਕਰਕੇ ਜਾਂ ਗਰਭ ਅਵਸਥਾ ਨਾਲ ਸਬੰਧਤ ਪ੍ਰਬੰਧਾਂ ਦੀਆਂ ਖਾਮੀਆਂ ਕਰਕੇ ਜਾਂ ਬੱਚੇ ਦੇ ਜਨਮ ਸਮੇਂ ਜਾਂ ਫਿਰ ਗਰਭ ਖਤਮ ਹੋਣ ਤੋਂ ਬਾਅਦ 42 ਦਿਨਾਂ ਦੇ ਅੰਦਰ ਅੰਦਰ ਹੋਈ ਹੋਵੇ। ਮਾਤਰੀ ਮੌਤ ਸਮੀਖਿਆ ਦਾ ਮਹੱਤਵ ਇਸ ਵਿਚ ਹੈ ਕਿ ਇਹ ਸਿਹਤ ਸਹੂਲਤਾਂ, ਜ਼ਿਲ੍ਹੇ, ਸਮੁਦਾਇ, ਖੇਤਰੀ ਤੇ ਰਾਸ਼ਟਰੀ ਪੱਧਰ 'ਤੇ ਪਾਏ ਜਾਣ ਵਾਲੇ ਉਨਾਂ੍ਹ ਤੱਤਾਂ ਬਾਰੇ ਪੂਰੀ ਜਾਣਕਾਰੀ ਪ੍ਰਦਾਨ ਕਰਦੀ ਹੈ ਜੋ ਮਾਤਰੀ ਮੌਤ ਦਰ ਨੂੰ ਘਟਾਉਣ ਲਈ ਲੋੜੀਂਦੇ ਹਨ। ਇਸ ਮੀਟਿੰਗ ਵਿਚ ਜ਼ਿਲ੍ਹਾ ਟੀਕਾਕਰਨ ਅਫਸਰ ਡਾ. ਬਲਵਿੰਦਰ ਕੁਮਾਰ, ਗਾਇਨੀਕੋਲੋਜਿਸਟ ਡਾ. ਮੋਨਿਕਾ ਜੈਨ, ਡਾ. ਰਿਤਿਕਾ, ਡਾ. ਹਰਤੇਸ਼ ਪਾਹਵਾ, ਡਾ. ਮੇਘਾ ਕਟਿਆਲ, ਜ਼ਿਲ੍ਹਾ ਪੋ੍ਗਰਾਮ ਮੈਨੇਜਰ ਰਾਮ ਸਿੰਘ, ਜ਼ਿਲ੍ਹਾ ਨਿਗਰਾਨੀ ਤੇ ਮੁਲਾਂਕਣ ਅਫਸਰ ਗੁਰਪ੍ਰਰੀਤ ਸਿੰਘ ਸਮੇਤ ਐਲਐਚਵੀਜ, ਏਐੱਨਐੱਮਜ ਤੇ ਹੋਰ ਨੁਮਾਇੰਦੇ ਹਾਜ਼ਰ ਸਨ।