ਸੁਰਿੰਦਰ ਦੁੱਗਲ, ਜਾਡਲਾ : ਪਿੰਡ ਦੌਲਤਪੁਰ ਵਿਖੇ ਅੱਜ ਸਵੇਰੇ ਮਾਨ ਬੱਸ ਸਰਵਿਸ ਦੀ ਇਕ ਮਿੰਨੀ ਬੱਸ ਜੋ ਕਿ ਸਵਾਰੀਆਂ ਲੈ ਕੇ ਮਜਾਰੀ ਤੋਂ ਰੁੜਕੀ-ਦੌਲਤਪੁਰ-ਨਵਾਂਸ਼ਹਿਰ ਆ ਰਹੀ ਸੀ। ਪਿੰਡ ਦੌਲਤਪੁਰ ਵਿਖੇ ਤਪਸਵੀ ਦੇ ਧਾਰਮਿਕ ਅਸਥਾਨ ਲਾਗੇ ਇਕ ਮੌੜ ’ਤੇ ਕਿਸੇ ਹੋਰ ਵਾਹਨ ਨੂੰ ਸਾਈਡ ਦਿੰਦੇ ਸਮੇਂ ਅਚਾਨਕ ਝੋਨੇ ਦੇ ਖੇਤ ਵਿਚ ਪਲਟ ਗਈ। ਬੱਸ ਚਾਲਕ ਨੇ ਦੱਸਿਆ ਕਿ ਹਲਕੇ ਹਲਕੇ ਮੀਂਹ ਕਾਰਨ ਸੜਕ ਕਿਨਾਰੇ ਬਰਮ ’ਤੇ ਤਿਲਕਣ ਬਣੀ ਹੋਈ ਸੀ। ਕਿਸੇ ਹੋਰ ਵਾਹਨ ਨੂੰ ਸਾਈਡ ਦਿੰਦੇ ਸਮੇਂ ਅਚਾਨਕ ਮਿੰਨੀ ਬੱਸ ਝੋਨੇ ਦੇ ਖੇਤ ਵਿਚ ਪਲਟ ਗਈ। ਇਸ ਦੌਰਾਨ ਬੱਸ ਵਿਚ 15 ਤੋਂ 20 ਸਵਾਰੀਆਂ ਸਵਾਰ ਸਨ। ਬੱਸ ਪਲਟਣ ਦੀ ਜਾਣਕਾਰੀ ਮਿਲਦਿਆਂ ਮੌਕੇ ਉੱਤੇ ਪੁੱਜੇ ਪਿੰਡ ਵਾਸੀਆਂ ਨੇ ਬੱਸ ਚਾਲਕ, ਕੰਡਕਟਰ ਸਮੇਤ 20 ਸਵਾਰੀਆਂ ਨੂੰ ਬੱਸ ਦੇ ਸ਼ੀਸ਼ੇ ਤੋੜ ਕੇ ਬਾਹਰ ਕੱਢਿਆ। ਪਿੰਡ ਵਾਸੀਆਂ ਨੇ ਦੱਸਿਆ ਕਿ ਇਸ ਦੌਰਾਨ 5-4 ਸਵਾਰੀਆਂ ਦੇ ਸੱਟਾਂ ਲਗੀਆਂ ਹਨ। ਜਿਨ੍ਹਾਂ ਨੂੰ ਮੁੱਢਲੀ ਸਹਾਇਤਾ ਦੇ ਕੇ ਇਲਾਜ ਲਈ ਭਿਜਵਾਇਆ ਗਿਆ ਹੈ। ਉਧਰ ਇਸ ਹਾਦਸੇ ਵਿਚ ਕਿਸੇ ਦਾ ਵੀ ਕੋਈ ਜਾਨੀ ਨੁਕਸਾਨ ਨਹੀਂ ਹੋਇਆ। ਮਾਨ ਬੱਸ ਸਰਵਿਸ ਦੇ ਚਾਲਕ, ਕੰਡਕਟਰ ਅਤੇ ਮਾਲਕਾਂ ਵੱਲੋਂ ਹੋਰਨਾਂ ਵਾਹਨਾਂ ਦੀ ਮਦਦ ਨਾਲ ਬੱਸ ਨੂੰ ਖੇਤਾਂ ਵਿਚ ਸਿੱਧਾ ਕਰਕੇ ਬਾਹਰ ਕੱਢਿਆ ਗਿਆ ਹੈ।