ਰਮੇਸ਼ ਸ਼ਰਮਾ, ਨਵਾਂਸ਼ਹਿਰ : ਡਿਪਟੀ ਕਮਿਸ਼ਨਰ ਤੇ ਸਿਵਲ ਸਰਜਨ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਸੀਨੀਅਰ ਮੈਡੀਕਲ ਅਫਸਰ ਡਾ. ਮਨਦੀਪ ਕਮਲ ਦੀ ਅਗਵਾਈ ਹੇਠ ਸਿਹਤ ਵਿਭਾਗ ਸਬ-ਡਵੀਜ਼ਨ ਨਵਾਂਸ਼ਹਿਰ 'ਚ ਚੋਣ ਅਮਲੇ ਨੂੰ ਬੂਸਟਰ ਡੋਜ਼ ਲਗਾਉਣ ਲਈ ਵਿਸ਼ੇਸ਼ ਕੈਂਪ ਲਗਾਉਣ ਜਾ ਰਿਹਾ ਹੈ। ਇਨਾਂ੍ਹ ਕੈਂਪਾਂ 'ਚ ਬੂਸਟਰ ਡੋਜ਼ ਲਗਾਉਣ ਦੇ ਨਾਲ ਜਿਨਾਂ੍ਹ ਚੋਣ ਅਧਿਕਾਰੀਆਂ ਤੇ ਕਰਮਚਾਰੀਆਂ ਦੀ ਪਹਿਲੀ ਜਾਂ ਦੂਜੀ ਡੋਜ਼ ਡਿਊ ਹੈ, ਨੂੰ ਵੀ ਵੈਕਸੀਨੇਟ ਕੀਤਾ ਜਾਵੇਗਾ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਸੀਨੀਅਰ ਮੈਡੀਕਲ ਅਫਸਰ ਡਾ. ਕਮਲ ਨੇ ਦੱਸਿਆ ਕਿ ਜ਼ਿਲ੍ਹਾ ਹਸਪਤਾਲ ਨਵਾਂਸ਼ਹਿਰ ਵਿਖੇ ਚੋਣ ਅਮਲੇ ਨੂੰ ਵੈਕਸੀਨੇਟ ਕਰਨ ਲਈ 14, 17, 19 ਅਤੇ 22 ਜਨਵਰੀ 2022 ਨੂੰ ਵਿਸ਼ੇਸ਼ ਕੈਂਪ ਲਗਾਏ ਜਾਣਗੇ। ਜਿੱਥੇ ਤਾਇਨਾਤ ਚੋਣ ਅਧਿਕਾਰੀਆਂ ਅਤੇ ਕਰਮਚਾਰੀਆਂ ਦਾ ਪਹਿਲ ਦੇ ਆਧਾਰ 'ਤੇ ਕੋਵਿਡ ਟੀਕਾਕਰਨ ਕਰਵਾਇਆ ਜਾ ਰਿਹਾ ਹੈ।
-ਕੋਵਿਡ ਵੈਕਸੀਨ ਦੀ ਇਹਤਿਆਤੀ/ਬੂਸਟਰ ਡੋਜ਼ ਸ਼ੁਰੂਆਤ
ਉਨ੍ਹਾਂ ਕੋਵਿਡ ਟੀਕਾਕਰਨ ਮੁਹਿੰਮ ਸਬੰਧੀ ਦੱਸਿਆ ਕਿ ਜ਼ਿਲ੍ਹਾ ਹਸਪਤਾਲ 'ਚ ਸਿਹਤ ਕਾਮਿਆਂ, ਫਰੰਟ ਲਾਈਨ ਵਰਕਰਾਂ ਅਤੇ 60 ਸਾਲ ਤੋਂ ਵੱਧ ਉਮਰ ਦੇ ਸਹਿ ਰੋਗਾਂ ਤੋਂ ਪੀੜਤ ਵਿਅਕਤੀਆਂ ਨੂੰ ਕੋਵਿਡ ਵੈਕਸੀਨ ਦੀ ਇਹਤਿਆਤੀ/ ਬੂਸਟਰ ਡੋਜ਼ ਦੀ ਵੀ ਸ਼ੁਰੂਆਤ ਹੋ ਗਈ ਹੈ। ਉਨ੍ਹਾਂ ਕਿਹਾ ਕਿ ਸਿਹਤ ਕਾਮਿਆਂ, ਫਰੰਟ ਲਾਈਨ ਵਰਕਰਾਂ ਤੇ 60 ਸਾਲ ਤੋਂ ਵੱਧ ਉਮਰ ਦੇ ਸਹਿ ਰੋਗਾਂ ਤੋਂ ਪੀੜਤ ਵਿਅਕਤੀਆਂ ਜਿਨਾਂ੍ਹ ਦੇ ਕੋਵਿਡ ਵੈਕਸੀਨ ਦੀ ਦੂਜੀ ਡੋਜ਼ ਲੱਗੇ ਨੂੰ 39 ਹਫਤੇ ਜਾਂ 9 ਮਹੀਨੇ ਪੂਰੇ ਹੋ ਗਏ ਹਨ, ਉਹ ਕੋਵਿਡ ਵੈਕਸੀਨ ਦੀ ਬੂਸਟਰ ਡੋਜ਼ ਲਗਵਾ ਸਕਦੇ ਹਨ ਅਤੇ ਕੋਈ ਵੀ ਯੋਗ ਨਾਗਰਿਕ ਆਪਣਾ ਪਛਾਣ ਪੱਤਰ ਦਿਖਾ ਕੇ ਬੂਸਟਰ ਡੋਜ਼ ਲਗਵਾ ਸਕਦਾ ਹੈ।
-ਆਈਸੋਲੇਸ਼ਨ ਦਾ ਸਮਾਂ ਘਟਾ ਕੇ ਕੀਤੇ 7 ਦਿਨ
ਸੀਨੀਅਰ ਮੈਡੀਕਲ ਅਫਸਰ ਨੇ ਦੱਸਿਆ ਕਿ ਹੁਣ ਆਈਸੋਲੇਸ਼ਨ ਦਾ ਸਮਾਂ 10 ਦਿਨਾਂ ਤੋਂ ਘਟ ਕੇ ਸੱਤ ਦਿਨ ਰਹਿ ਗਿਆ ਹੈ। ਉਨਾਂ੍ਹ ਕਿਹਾ ਕਿ ਪਾਜ਼ੇਟਿਵ ਆਏ ਮਰੀਜ ਘਰ 'ਚ ਏਕਾਂਤਵਾਸ ਦੌਰਾਨ ਆਪਣੇ ਆਪ ਨੂੰ ਬਾਕੀ ਪਰਿਵਾਰਕ ਮੈਂਬਰਾਂ ਤੋਂ ਵੱਖਰੇ ਕਮਰੇ 'ਚ ਰੱਖਣ ਅਤੇ ਕਮਰਾ ਹਵਾਦਾਰ ਹੋਣਾ ਚਾਹੀਦਾ ਹੈ। ਘਰ ਵਿਚ ਏਕਾਂਤਵਾਸ ਦੌਰਾਨ ਪਾਜ਼ੇਟਿਵ ਮਰੀਜ਼ ਵੱਲੋਂ ਗਰਮ ਪਾਣੀ ਦੇ ਗਰਾਰੇ ਤੇ ਗਰਮ ਪਾਣੀ ਦੀ ਭਾਫ ਦਿਨ 'ਚ ਤਿੰਨ ਤੋਂ ਚਾਰ ਵਾਰ ਜ਼ਰੂਰ ਲਈ ਜਾਵੇ। ਤੇਜ਼ ਬੁਖਾਰ ਹੋਣ ਦੀ ਸੂਰਤ 'ਚ ਤੁਰੰਤ ਨੇੜਲੇ ਸਿਹਤ ਕੇਂਦਰ ਦੇ ਡਾਕਟਰ ਨਾਲ ਸੰਪਰਕ ਕੀਤਾ ਜਾਵੇ।