ਸਟਾਫ ਰਿਪੋਰਟਰ, ਸ੍ਰੀ ਮੁਕਤਸਰ ਸਾਹਿਬ : ਪਾਵਰਕਾਮ ਐਂਡ ਟ੍ਰਾਸਕੋਂ ਠੇਕਾ ਮੁਲਾਜਮ ਯੂਨੀਅਨ ਸਰਕਲ ਸ੍ਰੀ ਮੁਕਤਸਰ ਸਾਹਿਬ ਦੀ ਭਰਵੀਂ ਮੀਟਿੰਗ ਹੋਈ। ਇਸ ਮੌਕੇ ਸਰਕਲ ਪ੍ਰਧਾਨ ਰਾਕੇਸ਼ ਕੁਮਾਰ, ਅੰਗਰੇਜ਼ ਸਿੰਘ, ਪਿ੍ਰਤਪਾਲ ਸਿੰਘ, ਬਲਰਾਮ ਤੇ ਰਣਜੀਤ ਸਿੰਘ ਨੇ ਦੱਸਿਆ ਕਿ ਮੌਜੂਦਾ ਆਮ ਅਦਮੀ ਪਾਰਟੀ ਵੀ ਪਹਿਲਾਂ ਵਾਲੀਆਂ ਸਰਕਾਰਾਂ ਵਾਂਗ ਹੀ ਟਾਈਮ ਟਪਾਉ ਦੀ ਨੀਤੀ ਅਪਣਾ ਰਹੀ ਹੈ। ਆਊਟ-ਸੋਰਸਿੰਗ ਰਾਹੀ ਕੰਮ ਕਰ ਰਹੇ ਪਾਵਰਕਾਮ ਸੀਐੱਚਬੀ ਤੇ ਡਬਲਿਊ ਠੇਕਾ ਕਾਮਿਆਂ ਕੋਲੋਂ ਸਹਾਇਕ ਲਾਈਨਮੈਨਾਂ ਦੀਆਂ ਪੋਸਟਾਂ 'ਤੇ ਭਰਤੀ ਕੀਤੀ ਗਈ ਹੈ, ਇਨਾਂ੍ਹ ਕਾਮਿਆਂ ਨੂੰ ਜਿੱਥੇ ਨਿਗੂਣੀਆਂ ਤਨਖਾਹਾਂ 'ਤੇ ਭਰਤੀ ਕੀਤਾ ਗਿਆ ਹੈ ਉੱਥੇ ਬਿਜਲੀ ਸਪਲਾਈ ਨੂੰ ਬਹਾਲ ਰੱਖਦੇ ਕਈ ਠੇਕਾ ਕਾਮੇ ਅਪੰਗ ਹੋ ਗਏ ਤੇ ਕਈ ਮੌਤ ਦੇ ਮੂੰਹ 'ਚ ਚਲੇ ਗਏ ਹਨ, ਜਿਨਾਂ੍ਹ ਦੇ ਪਰਿਵਾਰਾਂ ਨੂੰ ਮੁਆਵਜਾ ਤੇ ਨੌਕਰੀ ਪੈਨਸ਼ਨ ਦਾ ਕੋਈ ਪ੍ਰਬੰਧ ਨਹੀਂ ਕੀਤਾ ਗਿਆ। ਉਨਾਂ੍ਹ ਕਿਹਾ ਕਿ ਕਾਮਿਆਂ ਦੇ ਪਰਿਵਾਰ ਲਗਾਤਾਰ ਧਰਨੇ ਪ੍ਰਦਰਸ਼ਨ 'ਚ ਸ਼ਾਮਿਲ ਹੋ ਕੇ ਸਰਕਾਰ ਤੇ ਮੈਨੇਜਮੈਂਟ ਕੋਲੋਂ ਮੁਆਵਜੇ ਤੇ ਨੌਕਰੀ ਦੀ ਮੰਗ ਕਰ ਰਹੇ ਹਨ ਪਰ ਸਰਕਾਰ ਅਤੇ ਮੈਨੇਜਮੈਂਟ ਦੇ ਕੰਨਾਂ 'ਤੇ ਜੂੰ-ਤੱਕ ਨੀ ਸਰਕ ਰਹੀ। ਆਗੂਆਂ ਨੇ ਮੰਗ ਕੀਤੀ ਕਿ ਸਰਕਾਰੀ ਅਦਾਰਿਆਂ ਦਾ ਨਿੱਜੀਕਰਨ ਬੰਦ ਕੀਤੇ ਜਾਣ, ਕਾਰਪੋਰੇਟ ਘਰਾਣਿਆਂ ਨੂੰ ਸਰਕਾਰੀ ਅਦਾਰਿਆਂ 'ਚੋਂ ਬਾਹਰ ਕੀਤਾ ਜਾਵੇ, ਨਵੀਂ ਭਰਤੀ ਕਰਨ ਤੋਂ ਪਹਿਲਾਂ ਉਨਾਂ੍ਹ ਪੋਸਟਾਂ 'ਤੇ ਕੰਮ ਕਰਦੇ ਸੀਐੱਚਬੀ ਤੇ ਡਬਲਿਊ ਠੇਕਾ ਕਾਮਿਆਂ ਨੂੰ ਵਿਭਾਗ 'ਚ ਲਿਆ ਕੇ ਰੈਗੂਲਰ ਕਰਨ, ਛਾਟੀਂ ਕੀਤੇ ਕਾਮਿਆਂ ਨੂੰ ਮੁੜ ਨੌਕਰੀ ਤੇ ਬਹਾਲ ਕਰਨ, ਡਿਊਟੀ ਦੌਰਾਨ ਬਿਜਲੀ ਦੀ ਲਪੇਟ 'ਚ ਆਏ ਕਾਮਿਆਂ ਦੇ ਪਰਿਵਾਰਾਂ ਨੂੰ ਮੁਆਵਜਾ ਪੱਕੀ ਨੌਕਰੀ ਦਾ ਪ੍ਰਬੰਧ ਕਰਨ, ਠੇਕੇਦਾਰਾਂ ਕੰਪਨੀਆਂ ਨੇ ਠੇਕਾ ਕਾਮਿਆਂ ਦੀਆਂ ਤਨਖਾਹਾਂ 'ਚ ਕੀਤੀ ਲੁੱਟ ਅਤੇ ਪੁਰਾਣਾ ਬਕਾਇਆ ਏਰੀਅਰ ਅਤੇ ਈਐੱਫਆਈ 'ਚ ਕੀਤਾ ਅਰਬਾਂ ਰੁਪਏ ਦੇ ਘਪਲੇ ਦਾ ਪੁਰਾਣਾ ਬਕਾਇਆ ਜਾਰੀ ਕਰਨ। ਆਗੂਆਂ ਨੇ ਕਿਹਾ ਕਿ ਉਕਤ ਮੰਗਾਂ ਤੋਂ ਇਲਾਵਾ ਹੋਰ ਮੰਗਾਂ ਲਈ ਮੁੱਖ ਮੰਤਰੀ ਪੰਜਾਬ ਸਮੇਤ ਬਿਜਲੀ ਮੰਤਰੀ, ਕਿਰਤ ਮੰਤਰੀ ਅਤੇ ਵਿਭਾਗਾਂ ਦੇ ਅਧਿਕਾਰੀਆਂ ਨਾਲ ਕਈ ਵਾਰ ਬੈਠਕਾਂ ਹੋਈਆਂ ਪਰ ਕੋਈ ਹੱਲ ਨਹੀ ਹੋਇਆ, ਜਿਸ ਕਾਰਨ ਠੇਕਾ ਕਾਮਿਆਂ 'ਚ ਭਾਰੀ ਰੋਸ ਪਾਇਆ ਜਾ ਰਿਹਾ। ਇਸ ਮੀਟਿੰਗ 'ਚ ਵਿਸੇਸ਼ ਤੌਰ 'ਤੇ ਸੂਬਾ ਆਗੂ ਬਲਿਹਾਰ ਸਿੰਘ ਮੌਜੂਦ ਸਨ। ਸੀਐੱਚਬੀ ਤੇ ਡਬਲਿਊ ਕਾਮਿਆਂ ਦੀ ਜਥੇਬੰਦੀ ਵੱਲੋਂ 7 ਫਰਵਰੀ 2023 ਨੂੰ ਮੁੱਖ ਮੰਤਰੀ ਪੰਜਾਬ ਦੀ ਕੋਠੀ ਦਾ ਦਰਵਾਜਾ ਖੜਕਾਉਣ ਦਾ ਐਲਾਨ ਕੀਤਾ ਹੈ।