ਭੰਵਰਾ/ਗਿੱਲ, ਸ੍ਰੀ ਮੁਕਤਸਰ ਸਾਹਿਬ : ਪਿੰਡ ਖੁੰਡੇ ਹਲਾਲ 'ਚ ਮਜ਼ਦੂਰਾਂ ਨੂੰ ਮਗਨਰੇਗਾ ਅਧੀਨ ਕੀਤੇ ਹੋਏ ਕੰਮ ਦੇ ਪੈਸੇ ਨਾ ਮਿਲਣ 'ਤੇ ਰੋਹ 'ਚ ਆਏ ਵੱਡੀ ਗਿਣਤੀ 'ਚ ਇਕੱਤਰ ਮਜ਼ਦੂਰਾਂ ਵੱਲੋਂ ਪਿੰਡ ਦੇ ਸਰਪੰਚ ਖਿਲਾਫ਼ ਜ਼ੋਰਦਾਰ ਨਾਅਰੇਬਾਜ਼ੀ ਕੀਤੀ ਗਈ। ਇਸ ਮੌਕੇ ਪੰਜਾਬ ਖੇਤ ਮਜ਼ਦੂਰ ਯੂਨੀਅਨ ਦੇ ਬਲਾਕ ਪ੍ਰਧਾਨ ਕਾਕਾ ਸਿੰਘ ਖੁੰਡੇਹਲਾਲ, ਤਰਸੇਮ ਸਿੰਘ ਖੁੰਡੇ ਹਲਾਲ, ਕਿਸਾਨ ਸੁਖਜਿੰਦਰ ਸਿੰਘ, ਤਿਰਲੋਕ ਸਿੰਘ ਤੇ ਹੋਰਨਾਂ ਨੇ ਦੱਸਿਆ ਕਿ ਜੂਨ 2020 ਵਿਚ ਯੂਨੀਅਨ ਦੀ ਅਗਵਾਈ 'ਚ ਦਬੜਾ ਮਾਇਨਰ ਨਾਲ ਖਾਲਿਆਂ ਤੋਂ ਮਿੱਟੀ ਚੁੱਕਣ ਦਾ ਕੰਮ ਮਨਰੇਗਾ ਤਹਿਤ ਮਜ਼ਦੂਰਾਂ ਨੇ ਕੀਤਾ ਸੀ ਅਤੇ ਕਿਸਾਨਾਂ ਵੱਲੋਂ ਟਰਾਲੀਆਂ ਲਾਈਆਂ ਸਨ।
ਆਗੂਆਂ ਨੇ ਪਿੰਡ ਦੇ ਸਰਪੰਚ 'ਤੇ ਕਥਿਤ ਤੌਰ 'ਤੇ ਦੋਸ਼ ਲਾਇਆ ਕਿ ਸਰਪੰਚ ਨੇ ਹੇਰਾ ਫੇਰੀ ਕੀਤੀ ਹੈ ਤੇ ਕੰਮ ਕਰਨ ਵਾਲੇ ਮਜ਼ਦੂਰਾਂ ਨੂੰ ਇਕ ਪੈਸਾ ਵੀ ਨਹੀਂ ਮਿਲਿਆ। ਉਨ੍ਹਾਂ ਮੰਗ ਕੀਤੀ ਕਿ ਘਪਲੇ ਕੀਤੇ ਕੰਮਾਂ ਦੀ ਪੜਤਾਲ ਕਰ ਕੇ ਕਾਰਵਾਈ ਕੀਤੀ ਜਾਵੇ। ਮਜ਼ਦੁੂਰ ਆਗੂਆਂ ਨੇ ਦੱਸਿਆ ਕਿ ਇਨ੍ਹਾਂ ਕੰਮਾਂ ਬਾਰੇ 14 ਮਾਰਚ ਨੂੰ ਡਿਪਟੀ ਕਮਿਸ਼ਨਰ ਸ੍ਰੀ ਮੁਕਤਸਰ ਸਾਹਿਬ ਨਾਲ ਮੀਟਿੰਗਾਂ ਕਰ ਕੇ ਦਰਖਾਸਤਾਂ ਵੀ ਦਿੱਤੀਆਂ ਅਤੇ ਇਹ ਮਾਮਲਾ ਮੰਤਰੀ ਦੇ ਧਿਆਨ ਹਿੱਤ ਵੀ ਹੈ, ਪਰ ਉਕਤਾਨ ਵੱਲੋਂ ਅਜੇ ਤਕ ਕੋਈ ਕਾਰਵਾਈ ਨਹੀਂ ਕੀਤੀ ਗਈ।
-----
- ਸਪਰੰਚ ਨੇ ਦੋਸ਼ਾਂ ਨੂੰ ਨਕਾਰਿਆ
ਓਧਰ ਜਦੋਂ ਇਸ ਸਬੰਧੀ ਪਿੰਡ ਦੇ ਸਰਪੰਚ ਹੰਸਾ ਸਿੰਘ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਮਜ਼ਦੂਰ ਯੂਨੀਅਨ ਦੇ ਆਗੂਆਂ ਵੱਲੋਂ ਲਾਏ ਗਏ ਦੋਸ਼ਾਂ ਨੂੰ ਨਕਾਰਦਿਆਂ ਕਿਹਾ ਕਿ ਉਕਤ ਕੰਮਾਂ 'ਚ ਕਿਸੇ ਵੀ ਤਰ੍ਹਾਂ ਦੀ ਹੇਰਾ-ਫੇਰੀ ਨਹੀਂ ਹੋਈ, ਜਿਸ ਲਈ ਰਿਕਾਰਡ ਵੀ ਚੈੱਕ ਕੀਤਾ ਜਾ ਸਕਦਾ ਹੈ। ਉਨ੍ਹਾਂ ਕਿਹਾ ਕਿ ਉਕਤ ਮਜ਼ਦੂਰ ਆਗੂਆਂ ਵੱਲੋਂ ਉਨ੍ਹਾਂ ਨੂੰ ਸਰਪੰਚੀ ਤੋਂ ਲਾਉਣ ਲਈ ਬਦਨਾਮ ਕੀਤਾ ਜਾ ਰਿਹਾ ਹੈ।