ਜਤਿੰਦਰ ਸਿੰਘ ਭੰਵਰਾ, ਸ੍ਰੀ ਮੁਕਤਸਰ ਸਾਹਿਬ : ਕਿਰਤੀ ਕਿਸਾਨ ਯੂਨੀਅਨ ਦੇ ਸੂਬਾ ਕਮੇਟੀ ਮੈਂਬਰ ਜਸਵਿੰਦਰ ਸਿੰਘ ਝਬੇਲਵਾਲੀ ਅਤੇ ਜ਼ਿਲ੍ਹਾ ਪ੍ਰਧਾਨ ਬਲਵਿੰਦਰ ਸਿੰਘ ਭੁੱਟੀਵਾਲਾ ਨੇ ਕਿਹਾ ਕਿ ਦਿੱਲੀ ਵਿਖੇ ਚਲਦੇ ਕਿਸਾਨ ਅੰਦੋਲਨ ਦੇ ਦਬਾਅ ਸਦਕਾ ਬੇਸ਼ੱਕ ਮੋਦੀ ਸਰਕਾਰ ਨੇ ਖੇਤੀ ਕਾਨੂੰਨ ਵਾਪਸ ਲੈ ਲਏ ਹਨ ਪਰ ਅੰਦੋਲਨ ਦੌਰਾਨ ਕਿਸਾਨਾਂ ਅਤੇ ਉਨਾਂ੍ਹ ਦੇ ਹਮਾਇਤੀਆਂ ਉੱਪਰ ਦਰਜ ਹੋਏ ਕੇਸ ਰੱਦ ਨਹੀਂ ਕੀਤੇ ਗਏ, ਨਾ ਹੀ ਲਖੀਮਪੁਰ ਖੀਰੀ ਦੀ ਘਟਨਾ ਦਾ ਇਨਸਾਫ ਮਿਲਿਆ ਹੈ ਅਤੇ ਐਮਐਸਪੀ ਸਮੇਤ ਬਾਕੀ ਮੰਗਾਂ ਉੱਪਰ ਕੋਈ ਅਮਲ ਨਹੀਂ ਕੀਤਾ ਗਿਆ, ਜਿਸ ਕਰਕੇ ਅੰਦੋਲਨ ਹਾਲੇ ਬਾਕੀ ਹੈ। ਮੋਦੀ ਦੀ ਹੱਠ ਦੇ ਕਾਰਨ ਹੀ ਦਿੱਲੀ ਮੋਰਚਾ ਲਾਉਣਾ ਪਿਆ ਜਿਸ 'ਚ ਕਰੀਬ 700 ਕਿਸਾਨਾਂ ਨੂੰ ਆਪਣੀ ਜਾਨ ਗਵਾਉਣੀ ਪਈ। ਫਾਸ਼ੀਵਾਦੀ ਹਕੂਮਤ ਦੇ ਮੁਖੀ ਮੋਦੀ ਦੀ ਪੰਜਾਬ ਫੇਰੀ ਕਿਸਾਨਾਂ ਦੇ ਜ਼ਖ਼ਮਾਂ ਉੱਪਰ ਨਮਕ ਿਛੜਕਣਾ ਹੈ। ਕਿਰਤੀ ਕਿਸਾਨ ਯੂਨੀਅਨ ਵੱਲੋਂ ਫਾਸ਼ੀਵਾਦੀ ਹਕੂਮਤ ਦੇ ਮੁਖੀ ਮੋਦੀ ਦੀ ਪੰਜਾਬ ਫੇਰੀ ਮੌਕੇ ਪੰਜਾਬ ਭਰ ਵਿੱਚ ਮੋਦੀ ਦੀ ਅਰਥੀ ਫੂਕ ਕੇ ਵਿਰੋਧ ਪ੍ਰਦਰਸ਼ਨ ਕੀਤੇ ਜਾਣਗੇ। ਚੋਣਾਂ ਦੌਰਾਨ ਵੀ ਰਾਜਨੀਤਕ ਪਾਰਟੀਆਂ ਦੀਆਂ ਕਾਰਪੋਰੇਟ ਪੱਖੀ ਅਤੇ ਨਿੱਜੀਕਰਨ ਦੀਆਂ ਨੀਤੀਆਂ ਨੂੰ ਬੇਪਰਦ ਕੀਤਾ ਜਾਵੇਗਾ। ਇਸ ਮੌਕੇ ਬਲਵਿੰਦਰ ਸਿੰਘ ਥਾਂਦੇਵਾਲਾ, ਬਲਜੀਤ ਸਿੰਘ ਲੰਡੇ ਰੋਡੇ, ਹਰਪ੍ਰਰੀਤ ਸਿੰਘ ਝਬੇਲਵਾਲੀ, ਡਾ. ਬਿੱਟੂ ਗੋਨਿਆਣਾ, ਨਿਰਮਲ ਸਿੰਘ, ਕੁਲਵਿੰਦਰ ਸਿੰਘ, ਰਣਜੀਤ ਸਿੰਘ ਝਬੇਲਵਾਲੀ, ਕਿਰਤੀ ਕਿਸਾਨ ਯੂਨੀਅਨ ਦੀ ਇਸਤਰੀ ਆਗੂ ਚਰਨਜੀਤ ਕੌਰ, ਬਲਵਿੰਦਰ ਸਿੰਘ ਕੋਟਲੀ ਸੰਘਰ, ਜਗਸੀਰ ਸਿੰਘ ਥਾਂਦੇਵਾਲਾ, ਲੱਖਾ ਸਿੰਘ ਵੜਿੰਗ ਆਦਿ ਆਗੂ ਹਾਜ਼ਰ ਸਨ।