ਭੰਵਰਾ\ਗਿੱਲ, ਸ੍ਰੀ ਮੁਕਤਸਰ ਸਾਹਿਬ
ਬਹੁਜਨ ਸਮਾਜ ਪਾਰਟੀ ਵੱਲੋਂ ਮੰਗਲਵਾਰ ਨੂੰ ਮੁਕਤਸਰ ਦੇ ਡੀਸੀ ਦਫ਼ਤਰ ਅੱਗੇ ਧਰਨਾ ਦਿੱਤਾ ਗਿਆ। ਇਸ ਦੌਰਾਨ ਬਸਪਾ ਆਗੂਆਂ ਤੇ ਵਰਕਰਾਂ ਵੱਲੋਂ ਬਜਟ ਨੂੰ ਲੈ ਕੇ ਪੰਜਾਬ ਸਰਕਾਰ ਖਿਲਾਫ਼ ਨਾਅਰੇਬਾਜ਼ੀ ਕਰਦਿਆਂ ਭੜਾਸ ਕੱਢੀ। ਆਗੂਆਂ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਪੇਸ਼ ਕੀਤੇ ਬਜਟ 'ਚ ਮਜ਼ਦੂਰ ਵਰਗ ਨੂੰ ਅਣਗੌਲਿਆ ਕੀਤਾ ਗਿਆ ਹੈ। ਇਹ ਬਜਟ ਲੋਕ ਹਿੱਤ ਵਿੱਚ ਨਹੀਂ ਹੈ। ਉਨਾਂ੍ਹ ਕਿਹਾ ਕਿ ਅੌਰਤਾਂ ਨੂੰ ਇੱਕ ਹਜ਼ਾਰ ਰੁਪਏ ਪੈਨਸ਼ਨ, ਹੋਰਨਾਂ ਪੈਨਸ਼ਨਾਂ 'ਚ ਵਾਧਾ, ਮਨਰੇਗਾ ਅਧੀਨ ਕੰਮ ਕਰਦੇ ਮਜ਼ਦੂਰਾਂ ਦੇ ਹੱਕਾਂ ਦੀ ਖਾਤਿਰ ਅਤੇ ਮਜਦੂਰਾਂ ਦੀ ਆਰਥਿਕਤਾ 'ਚ ਸੁਧਾਰ ਲਿਆਉਣ ਦੀਆਂ ਕੋਸ਼ਿਸ਼ਾਂ ਤੋਂ ਕਿਨਾਰਾ ਕਰਕੇ ਉਲੀਕੇ ਗਏ ਬੱਜਟ ਨਾਲ ਮੌਜੂਦਾ ਸਰਕਾਰ ਨੇ ਸਮੁੱਚੇ ਸੂਬੇ ਦੀਆਂ ਭਾਵਨਾਵਾਂ ਨਾਲ ਖਿਲਵਾੜ ਕੀਤਾ ਹੈ। ਇਸ ਦੌਰਾਨ ਬਸਪਾ ਵੱਲੋਂ ਡਿਪਟੀ ਕਮਿਸ਼ਨਰ ਨੂੰ ਇਕ ਮੰਗ ਪੱਤਰ ਗਵਰਨਰ ਪੰਜਾਬ ਤੇ ਮੁੱਖ ਮੰਤਰੀ ਪੰਜਾਬ ਦੇ ਨਾਮ 'ਤੇ ਸੌਂਪਿਆ ਗਿਆ। ਮੰਗ ਪੱਤਰ ਰਾਹੀਂ ਮੰਗ ਕੀਤੀ ਕਿ ਮਜ਼ਦੂਰ ਵਰਗ ਦੀ ਦਿਹਾੜੀ ਘੱਟੋ ਘੱਟ 700 ਰੁਪਏ ਕੀਤੀ ਜਾਵੇ, ਝੋਨੇ ਲਵਾਈ 6 ਹਜ਼ਾਰ ਰੁਪਏ ਕੀਤੀ ਜਾਵੇ, ਪ੍ਰਰਾਈਵੇਟ ਕੰਮ ਕਰਦੇ ਨੌਜਵਾਨਾਂ ਨੂੰ ਘੱਟੋ ਘੱਟ ਤਨਖਾਹ 15 ਹਜ਼ਾਰ ਰੁਪਏ ਦਿੱਤੀ ਜਾਵੇ, ਫੈਕਟਰੀ ਜਾਂ ਦੁਕਾਨ 'ਤੇ ਕੰਮ ਕਰਦੇ ਸਮੇਂ ਮਜ਼ਦੂਰ ਦੀ ਮੌਤ ਹੋਣ 'ਤੇ 20 ਲੱਖ ਰੁਪਏ ਪਰਿਵਾਰ ਨੂੰ ਮੁਆਵਜ਼ਾ ਦਿੱਤਾ ਜਾਵੇ, ਕਿਸੇ ਵੀ ਦੁਰਘਟਨਾ ਸਮੇਂ 5 ਲੱਖ ਰੁਪਏ ਮੁਆਵਜ਼ਾ ਦਿੱਤਾ ਜਾਵੇ, ਨਰਮੇ ਦੀ ਚੁਗਾਈ ਦਾ ਮੁਆਵਜਾ 20 ਹਜ਼ਾਰ ਰੁਪਏ ਪ੍ਰਤੀ ਮਜ਼ਦੂਰ ਦਿੱਤਾ ਜਾਵੇ, ਆਨਲਾਈਨ ਦੀ ਬਜਾਏ ਪੜ੍ਹਾਈ ਆਫਲਾਈਨ ਕੀਤੀ ਜਾਵੇ, ਮਨਰੇਗਾ ਸਕੀਮ ਨੂੰ ਸ਼ਹਿਰਾਂ 'ਚ ਵੀ ਲਾਗੂ ਕੀਤਾ ਜਾਵੇ, ਪ੍ਰਧਾਨ ਮੰਤਰੀ ਅਵਾਸ ਯੋਜਨਾ ਦਾ ਫਾਇਦਾ ਅਸਲ ਲੋੜਵੰਦਾਂ ਤੱਕ ਪਹੁੰਚਾਇਆ ਜਾਵੇ, ਆਯੂਸਮਾਨ ਕਾਰਡ ਤੁਰੰਤ ਬਹਾਲ ਕੀਤੇ ਜਾਣ, 33 ਪ੍ਰਤੀਸ਼ਤ ਜ਼ਮੀਨ ਵਿੱਚੋਂ ਐਸਸੀ ਵਰਗ ਨੂੰ ਹਿੱਸਾ ਦਿੱਤਾ ਜਾਵੇ, ਮਜ਼ਦੂਰਾਂ ਦੇ ਬੈਂਕ ਕਰਜ਼ੇ ਮਾਫ ਕੀਤੇ ਜਾਣ, ਪੰਜਾਬ ਬਿਲਡਿੰਗ ਐਂਡ ਅਦਰ ਕੰਸਟਰਕਸ਼ਨ ਬੋਰਡ ਦੇ ਲਾਭਪਾਤਰੀਆਂ ਦੇ ਬੱਚਿਆਂ ਨੂੰ ਵਜੀਫੇ, ਸ਼ਗਨ ਸਕੀਮਾਂ, ਐਕਸਗੇ੍ਸੀਆ ਅਤੇ ਬਕਾਇਆ ਜਲਦ ਲਾਭਪਾਤਰੀਆਂ ਦੇ ਬੈਂਕ ਖਾਤਿਆਂ 'ਚ ਪਾਇਆ ਜਾਵੇ, ਐਕਸਗੇ੍ਸੀਆ ਸਕੀਮ ਦੇ ਪੈਸੇ 2 ਲੱਖ ਤੋਂ ਵਧਾ ਕੇ ਪਹਿਲਾਂ ਦੀ ਤਰਾਂ 3 ਲੱਖ 20 ਹਜ਼ਾਰ ਰੁਪਏ ਕੀਤਾ ਜਾਵੇ, ਸ਼ਗਨ ਸਕੀਮ 51 ਹਜ਼ਾਰ ਰੁਪਏ ਕੀਤੀ ਜਾਵੇ। ਇਸ ਦੌਰਾਨ ਬੁਲਾਰਿਆਂ ਨੇ ਕੇਂਦਰ ਸਰਕਾਰ ਵੱਲੋਂ ਲਿਆਂਦੀ ਗਈ ਅਗਨੀਪੱਥ ਯੋਜਨਾ ਦੀ ਵੀ ਸਖ਼ਤ ਸ਼ਬਦਾਂ 'ਚ ਨਿਖੇਧੀ ਕੀਤੀ। ਇਸ ਮੌਕੇ ਬਸਪਾ ਇੰਚਾ. ਪੰਜਾਬ ਕੁਲਦੀਪ ਸਿੰਘ ਸਰਦੂਲਗੜ੍ਹ, ਸੁਖਦੇਵ ਸਿੰਘ ਸੀਰਾ ਜਨਰਲ ਸੈਕਟਰੀ ਪੰਜਾਬ, ਸ਼ੀਲਾ ਰਾਣੀ ਮੈਂਬਰ ਸੂਬਾ ਕਮੇਟੀ ਪੰਜਾਬ ਤੋਂ ਇਲਾਵਾ ਜ਼ਲਿ੍ਹਾ ਪ੍ਰਧਨ ਤੇ ਹੋਰ ਵੀ ਆਗੂ ਮੌਜੂਦ ਸਨ।