ਵਿਕਾਸ ਭਾਰਦਵਾਜ, ਮੰਡੀ ਬਰੀਵਾਲਾ : ਪਿੰਡ ਵੱਟੂ ਵਿਖੇ ਸ਼ਰਾਬ ਪੀਣ ਦੌਰਾਨ ਹੋਏ ਝਗੜੇ ਦੌਰਾਨ ਇਕ ਨੌਜਵਾਨ ਵੱਲੋਂ 60 ਸਾਲਾ ਬਜ਼ੁਰਗ ਦਾ ਇੱਟ ਮਾਰ ਕੇ ਕਤਲ ਕਰ ਦਿੱਤਾ ਗਿਆ। ਥਾਣਾ ਬਰੀਵਾਲਾ ਪੁਲਿਸ ਵੱਲੋਂ ਇੱਟ ਮਾਰਨ ਵਾਲੇ ਵਿਰੁੱਧ ਕਤਲ ਦਾ ਮਾਮਲਾ ਦਰਜ਼ ਕਰ ਲਿਆ ਹੈ।
ਇਸ ਸਬੰਧੀ ਥਾਣਾ ਬਰੀਵਾਲਾ ਪੁਲਿਸ ਨੂੰ ਦਿੱਤੇ ਬਿਆਨਾਂ ’ਚ ਸੁਖਪਾਲ ਸਿੰਘ ਪੁੱਤਰ ਬਲਵੰਤ ਸਿੰਘ ਵਾਸੀ ਵਾਰਡ ਨੰਬਰ 04 ਮੰਡੀ ਬਰੀਵਾਲਾ ਨੇ ਦੱਸਿਆ ਕਿ 23 ਜੂਨ 2022 ਨੂੰ ਉਸਦਾ ਪਿਤਾ ਬਲਵੰਤ ਸਿੰਘ ਪਿੰਡ ਵੱਟੂ ਵਿਖੇ ਕਿਸੇ ਕੰਮ ਲਈ ਗਿਆ ਸੀ। ਉਸਨੇ ਦੱਸਿਆ ਕਿ ਉਹ ਵੀ ਆਪਣੇ ਭਰਾ ਮੰਗਾ ਸਿੰਘ ਸਮੇਤ ਮੋਟਰਸਾਈਕਲ ’ਤੇ ਪਿੰਡ ਬੁੱਢੀਮਾਲ ਨੂੰ ਜਾ ਰਹੇ ਸੀ ਤਾਂ ਜਦ ਉਹ ਪਿੰਡ ਵੱਟੂ ਬੱਸ ਅੱਡੇ ਕੋਲ ਪੁੱਜੇ ਤਾਂ ਇਕ ਨੌਜਵਾਨ ਉਸਦੇ ਪਿਤਾ ਬਲਵੰਤ ਸਿੰਘ ਦੀ ਕੁੱਟਮਾਰ ਕਰ ਰਿਹਾ ਸੀ ਜਿਸਨੇ ਸਾਡੇ ਦੇਖਦੇ ਦੇਖਦੇ ਹੀ ਇੱਟ ਚੁੱਕ ਕੇ ਉਸਦੇ ਪਿਤਾ ਦੇ ਢਿੱਡ ਵਿੱਚ ਮਾਰੀ। ਜਦ ਉਸਨੇ ਜਾ ਕੇ ਉਸ ਨੌਜਾਵਨ ਦਾ ਨਾਮ ਪੁੱਛਿਆ ਤਾਂ ਉਸ ਨੇ ਆਪਣਾ ਨਾਮ ਹਰਜਿੰਦਰ ਸਿੰਘ ਦੱਸਿਆ ਅਤੇ ਉਹ ਉੱਥੋਂ ਚਲਾ ਗਿਆ।
ਇਨੇਂ ਸਮੇਂ ’ਚ ਉਸਦਾ ਪਿਤਾ ਬੇਹੋੋਸ਼ ਹੋ ਗਿਆ। ਉਸਨੇ ਤੁਰੰਤ ਆਪਣੇ ਪਿਤਾ ਨੂੰ ਸਿਵਲ ਹਸਪਤਾਲ ਬਰੀਵਾਲਾ ਵਿਖੇ ਦਾਖਲ ਕਰਵਾਇਆ ਜਿੱਥੋ ਉਸਨੂੰ ਸ੍ਰੀ ਮੁਕਤਸਰ ਸਾਹਿਬ ਵਿਖੇ ਰੈਫਰ ਕੀਤਾ ਗਿਆ। ਗੰਭੀਰ ਹਾਲਤ ਦੇ ਚਲਦਿਆਂ ਮੁਕਤਸਰ ਤੋਂ ਫਿਰ ਉਸਨੂੰ ਗੁਰੂ ਗੋਬਿੰਦ ਸਿੰਘ ਕਾਲਜ, ਫਰੀਦਕੋਟ ਵਿਖੇ ਦਾਖਲ ਕਰਵਾਇਆ ਗਿਆ, ਜਿੱਥੇ ਇਲਾਜ ਦੌਰਾਨ ਉਸਦੇ ਪਿਤਾ ਦੀ ਮੌਤ ਹੋ ਗਈ।
ਥਾਣਾ ਬਰੀਵਾਲਾ ਦੇ ਇੰਚਾਰਜ ਹਰਵਿੰਦਰ ਸਿੰਘ ਨੇ ਦੱਸਿਆ ਕਿ ਮ੍ਰਿਤਕ ਬਲਵੰਤ ਸਿੰਘ ਅਤੇ ਮੁਲਜ਼ਮ ਹਰਜਿੰਦਰ ਸਿੰਘ ਇਕੱਠੇ ਬੈਠ ਕੇ ਸ਼ਰਾਬ ਪੀ ਰਹੇ ਸੀ। ਸ਼ਰਾਬ ਪੀਣ ਦੇ ਦੌਰਾਨ ਹੀ ਉਨ੍ਹਾਂ ਦੀ ਕਿਸੇ ਗੱਲ ਨੂੰ ਲੈ ਕੇ ਲੜਾਈ ਹੋ ਗਈ ਅਤੇ ਹਰਜਿੰਦਰ ਸਿੰਘ ਨੇ ਬਲਵੰਤ ਸਿੰਘ ਦੇ ਇੱਟ ਮਾਰ ਦਿੱਤੀ। ਇਸ ਮਾਮਲੇ ’ਚ ਹਰਜਿੰਦਰ ਸਿੰਘ ਪੁੱਤਰ ਸੁਖਵਿੰਦਰ ਵਾਸੀ ਵੱਟੂ ਦੇ ਖਿਲਾਫ਼ ਧਾਰਾ 302 ਆਈਪੀਸੀ ਤਹਿਤ ਮੁਕੱਦਮਾ ਦਰਜ ਕਰ ਲਿਆ ਹੈ ਪਰ ਮੁਲਜ਼ਮ ਅਜੇ ਫਰਾਰ ਹੈ, ਉਸਨੂੰ ਜਲਦੀ ਗ੍ਰਿਫ਼ਤਾਰ ਕਰ ਲਿਆ ਜਾਵੇਗਾ।