ਸਤਵਿੰਦਰ ਧੜਾਕ, ਐੱਸਏਐੱਸ ਨਗਰ (ਮੁਹਾਲੀ)/ਚੰਡੀਗੜ੍ਹ : ਰਮਾਨੀ ਪ੍ਰੀਸੀਜ਼ਨ ਪ੍ਰਾਈਵੇਟ ਲਿਮਿਟਡ ਮੁਹਾਲੀ ਨੇ ਮਾਈਕੋਰ, ਲਘੂ ਅਤੇ ਸਮਾਲ ਉਦਯੋਗ(ਐਮਐਸਐਮਈ) ਖੇਤਰ ਵਿੱਚ ਦੋ ਕੌਮੀ ਪੁਰਸਕਾਰ ਹਾਸਿਲ ਕੀਤੇ ਹਨ। ਕੰਪਨੀ ਨੂੰ ਇਹ ਪੁਰਸਕਾਰ ਦਿੱਲੀ ਦੇ ਵਿਗਿਆਨ ਭਵਨ ਵਿਖੇ ਹੋਏ ਇੱਕ ਸਮਾਰੋਹ ਦੌਰਾਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਪ੍ਰਦਾਨ ਕੀਤੇ ਗਏ। ਕੰਪਨੀ ਇਸ ਤੋਂ ਪਹਿਲਾਂ 2000 ਵਿੱਚ ਵੀ ਕੌਮੀ ਐਵਾਰਡ ਹਾਸਲ ਕਰ ਚੁੱਕੀ ਹੈ, ਜੋ ਉਦੋਂ ਦੇ ਤਤਕਾਲੀ ਪ੍ਰਧਾਨ ਮੰਤਰੀ ਅਟਲ ਬਿਹਾਰੀ ਵਾਜਪਾਈ ਵੱਲੋਂ ਪ੍ਰਦਾਨ ਕੀਤਾ ਗਿਆ ਸੀ।
ਕੰਪਨੀ ਨੂੰ ਇੱਕ ਪੁਰਸਕਾਰ ਬਿਹਤਰੀਨ ਨਿਰਮਾਣ ਕਾਰਜਾਂ ਲਈ ਮਿਲਿਆ, ਜਿਸ ਨੂੰ ਕੰਪਨੀ ਦੇ ਤਕਨੀਕੀ ਨਿਰਦੇਸ਼ਕ ਰਾਹੁਲ ਵਰਮਾ ਨੇ ਹਾਸਿਲ ਕੀਤਾ। ਦੂਜਾ ਐਵਾਰਡ ਨਿਰਯਾਤ ਸ਼੍ਰੇਣੀ ਵਿੱਚ ਬਿਹਤਰੀਨ ਕਾਰਗੁਜ਼ਾਰੀ ਲਈ ਪ੍ਰਾਪਤ ਹੋਇਆ, ਜਿਸ ਨੂੰ ਨਿਰਦੇਸ਼ਕ ਇੰਜਨੀਅਰਿੰਗ ਮਾਣਕ ਵਰਮਾ ਨੇ ਹਾਸਿਲ ਕੀਤਾ।
ਰਮਾਨੀ ਪ੍ਰੀਸੀਜ਼ਨ ਮਸ਼ੀਨਜ਼ ਲਿਮਿਟਡ ਤੀਹ ਸਾਲ ਪੁਰਾਣੀ ਕੰਪਨੀ ਹੈ, ਜਿਸ ਨੂੰ ਕੰਪਨੀ ਦੇ ਸੰਸਥਾਪਕ ਅਤੇ ਪ੍ਰਬੰਧ ਨਿਰਦੇਸ਼ਕ ਸ੍ਰੀ ਹਰੀ ਓਮ ਵਰਮਾ ਵੱਲੋਂ ਆਰੰਭ ਕੀਤਾ ਗਿਆ ਸੀ। 23 ਸਾਲਾਂ ਤੱਕ ਇੰਜਨੀਅਰਿੰਗ ਉਦਯੋਗਾਂ ਵਿੱਚ ਕੰਮ ਕਰਨ ਵਾਲੇ ਸ੍ਰੀ ਵਰਮਾ ਨੇ 1991 ਵਿੱਚ ਇਸ ਨੂੰ ਆਰੰਭ ਕਰਨ ਦਾ ਉੱਦਮ ਕੀਤਾ। ਇੱਕ ਭੂ-ਖੰਡ ਵੇਚਣ ਵਾਲੇ ਤੋਂ ਆਪਣੀ ਯਾਤਰਾ ਆਰੰਭ ਕਰਨ ਵਾਲੇ ਸ੍ਰੀ ਵਰਮਾ ਹੁਣ ਵਿਸ਼ਵ ਪੱਧਰੀ ਕਾਰਖਾਨੇ ਦੇ ਮਾਲਕ ਹਨ।
ਕੰਪਨੀ ਦੇ ਤਕਨੀਕੀ ਨਿਰਦੇਸ਼ਕ ਰਾਹੁਲ ਵਰਮਾ ਨੇ ਆਖਿਆ ਕਿ ਸਾਰੇ ਖੇਤਰਾਂ ਵਿੱਚ ਪੂਰਣਤਾ ਲਈ ਸਾਡੀ ਮੁਹਿੰਮ, ਵਿਸ਼ਵ ਪੱਧਰੀ ਮਿਆਰ ਅਤੇ ਸ਼ਾਨਦਾਰ ਪ੍ਰਦਰਸ਼ਨ ਨੇ ਸਾਨੂੰ ਦੋ ਕੌਮੀ ਪੁਰਸਕਾਰ ਦਿਵਾਏ ਹਨ। ਇਹ ਸਾਡੇ ਲਈ ਮਾਣ ਵਾਲੀ ਗੱਲ ਹੈ। ਉਨਾਂ ਦੱਸਿਆ ਕਿ ਸਾਨੂੰ ਪਹਿਲੀ ਸਫ਼ਲਤਾ 1998 ਵਿੱਚ ਮਿਲੀ, ਜਦੋਂ ਰਮਾਨੀ ਨੇ ਆਟੋਮੋਟਿਵ ਖੇਤਰ ਦੀ ਵੱਡੀ ਕੰਪਨੀ ਡੇਲਫ਼ੀ-ਜਨਰਲ ਮੋਟਰਜ਼ ਯੂਐਸਏ ਦੀ ਚੁਣੌਤੀ ਨੂੰ ਸਵੀਕਾਰ ਕਰਦਿਆਂ ਇੱਕ ਅਨੋਖੇ ਪ੍ਰੋਜੈਕਟ ਦਾ ਸਫ਼ਲਤਾ ਪੂਰਵਕ ਨਿਰਮਾਣ ਕੀਤਾ, ਜਿਸ ਨੂੰ ਦੁਨੀਆਂ ਵਿੱਚ ਪਹਿਲੀ ਵਾਰ ਪ੍ਰਮਾਣਿਤ ਕੀਤਾ ਗਿਆ। ਉਨਾਂ ਦੱਸਿਆ ਕਿ ਇਸ ਸਫ਼ਲਤਾ ਲਈ ਰਮਾਨੀ ਨੂੰ 2000 ਵਿੱਚ ਤਤਕਾਲੀ ਪ੍ਰਧਾਨ ਮੰਤਰੀ ਅਟਲ ਬਿਹਾਰੀ ਵਾਜਪਾਈ ਨੇ ਰਾਸ਼ਟਰੀ ਪੁਰਸਕਾਰ ਨਾਲ ਸਨਮਾਨਿਤ ਕੀਤਾ ਸੀ।
ਰਾਹੁਲ ਵਰਮਾ ਨੇ ਆਖਿਆ ਕਿ ਦਿਲਚਸਪ ਗੱਲ ਇਹ ਹੈ ਕਿ ਨਾਮ ਰਮਾਨੀ ਦਾ ਆਰਏ ਅੱਖਰ ਰਾਹੁਲ ਤੋਂ ਅਤੇ ਐਮਏ ਮਾਣਕ ਤੋਂ ਲਿਆ ਗਿਆ ਹੈ। ਰਾਹੁਲ ਵਰਮਾ ਕੁਰਕਸ਼ੇਤਰ ਯੂਨੀਵਰਸਿਟੀ ਤੋਂ ਕੰਪਿਊਟਰ ਇੰਜਨੀਅਰਿੰਗ ਵਿੱਚ ਬੀਟੈੱਕ ਕਰਨ ਉਪਰੰਤ 1999 ਤੋਂ ਕੰਪਨੀ ਨਾਲ ਜੁੜੇ ਹੋਏ ਹਨ। ਮਾਣਕ ਵਰਮਾ ਪੰਜਾਬ ਇੰਜਨੀਅਰਿੰਗ ਕਾਲਜ ਚੰਡੀਗੜ ਤੋਂ ਬੀਟੈੱਕ ਕਰਨ ਉਪਰੰਤ ਤਿੰਨ ਸਾਲ ਮਾਰੂਤੀ ਸੁਜ਼ੂਕੀ ਦੇ ਪ੍ਰੋਡਕਸ਼ਨ ਇੰਜਨੀਅਰਿੰਗ ਵਿਭਾਗ ਵਿੱਚ ਕੰਮ ਕਰਨ ਉਪਰੰਤ 2005 ਤੋਂ ਰਮਾਨੀ ਨਾਲ ਜੁੜੇ ਹੋਏ ਹਨ।
ਰਾਹੁਲ ਵਰਮਾ ਨੇ ਕਿਹਾ ਕਿ ਆਪਣੇ ਪਿਤਾ ਹਰੀ ਓਮ ਵਰਮਾ ਦੇ ਪਦ ਚਿੰਨਾਂ ਤੇ ਚੱਲਦੇ ਹੋਏ ਉਹ ਇੱਕ ਜਨੂਨ ਦੇ ਰੂਪ ਵਿੱਚ ਪੂਰੀ ਮਿਹਨਤ ਨਾਲ ਸਾਧਾਰਣ ਕੰਮ ਕਾਜੀ ਘੰਟਿਆਂ ਨਾਲ ਕੰਪਨੀ ਨੂੰ ਉਚਾਈਆਂ ਤੇ ਲਿਜਾਉਣ ਲਈ ਕੰਮ ਕਰ ਰਹੇ ਹਾਂ। ਉਨਾਂ ਕਿਹਾ ਕਿ ਅੱਜ 60 ਪ੍ਰਤੀਸ਼ਤ ਤੋਂ ਵੱਧ ਰਾਜ ਦੇ ਉੱਚ ਪੱਧਰੀ ਉਦਯੋਗਿਕ ਉਪਕਰਣਾਂ ਅਤੇ ਆਟੋਮੇਸ਼ਨ ਸਿਸਟਮ ਨਿਰਯਾਤ ਹੁੰਦਾ ਹੈ। ਜਿਸ ਵਿੱਚ ਇਨ ਹਾਊਸ ਡਿਜ਼ਾਇਨਾਂ ਤੋਂ ਬਿਨਾਂ ਕਿਸੇ ਵਿਦੇਸ਼ੀ ਸਹਿਯੋਗ ਤੋਂ ਵਿਕਸਿਤ ਕੀਤਾ ਜਾ ਰਿਹਾ ਹੈ। ਉਨਾਂ ਕਿਹਾ ਕਿ ਵਿਦੇਸ਼ੀ ਮੁਦਰਾ ਉੱਤੇ ਖਰਚ ਕਰਨ ਦੀ ਥਾਂ ਰਮਾਨੀ ਤੇਜ਼ੀ ਨਾਲ ਮੇਕ ਇਨ ਇੰਡੀਆ ਨੂੰ ਪ੍ਰਫੁਲਿਤ ਕਰ ਰਹੀ ਹੈ, ਜੋ ਕਿ ਸਾਡੇ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਪਰਿਕਲਪਿਤ ਪ੍ਰੋਗਰਾਮ ਹੈ।
ਉਨਾਂ ਕਿਹਾ ਕਿ ਪਿਛਲੇ ਕੁੱਝ ਸਾਲਾਂ ਵਿੱਚ ਰਮਾਨੀ 10 ਵਰਕਰਾਂ ਤੋਂ 100 ਵਰਕਰਾਂ ਤੇ ਪਹੁੰਚ ਗਈ ਹੈ। ਇਸ ਦੇ ਨਾਲ ਹੀ ਡਰਾਇੰਗ ਬੋਰਡ ਤੋਂ 3 ਡੀ ਤਕਨਾਲੋਜੀ ਡਿਜ਼ਾਇਨ, ਆਧੁਨਿਕ ਇਲੈਕਟਰੀਕਲ ਇੰਜਨੀਅਰਿੰਗ, ਸਾਫ਼ਟਵੇਅਰ ਅਤੇ ਮਾਡਰਨ ਨਿਰਮਾਣ ਸੁਵਿਧਾ ਤੱਕ ਪਹੁੰਚ ਗਿਆ ਹੈ। ਉਨਾਂ ਦੱਸਿਆ ਕਿ ਕੰਪਨੀ ਵੱਲੋਂ ਭਾਰਤ ਅਤੇ ਵਿਦੇਸ਼ਾਂ ਵਿੱਚ ਕਈਂ ਵਕਾਰੀ ਪਰਿਯੋਜਨਾਵਾਂ ਦਾ ਨਿਰਮਾਣ ਕੀਤਾ ਹੈ। ਉਨਾਂ ਕਿਹਾ ਕਿ 22 ਸਾਲਾਂ ਬਾਦ ਫਿਰ ਤੋਂ ਰਮਾਨੀ ਪ੍ਰੀਸੀਜ਼ਨ ਪ੍ਰਾਈਵੇਟ ਲਿਮਟਿਡ ਨੂੰ ਵਕਾਰੀ ਐਮਐਸਐਮਈ ਕੌਮੀ ਪੁਰਸਕਾਰ ਮਿਲਣਾ ਬਹੁਤ ਵੱਡੀ ਗੱਲ ਹੈ। ਉਨਾਂ ਇਨਾਂ ਐਵਾਰਡਾਂ ਲਈ ਕੰਪਨੀ ਦੇ ਵਰਕਰਾਂ ਨੂੰ ਵਧਾਈ ਦਿੱਤੀ ਅਤੇ ਗਾਹਕਾਂ ਕੋਲੋਂ ਸਹਿਯੋਗ ਦੀ ਮੰਗ ਕਰਦਿਆਂ ਵਿਸ਼ਵ ਪੱਧਰੀ ਮਿਆਰ ਬਰਕਰਾਰ ਰੱਖਣ ਦਾ ਅਹਿਦ ਲਿਆ।