ਸਤਵਿੰਦਰ ਧਡ਼ਾਕ, ਐੱਸਏਐੱਸ ਨਗਰ : ਕੇਂਦਰੀ ਸਕੂਲ ਸਿੱਖਿਆ ਤੇ ਸਾਖ਼ਰਤਾ ਵਿਭਾਗ ਨੇ ‘ਪਰਫਾਮੈਂਸ ਗਰੇਡਿੰਗ ਇੰਡੈਕਸ ਸਰਵੇ’ ਸਾਲ 2020-21 (ਪੀਜੀਆਈ ) ’ਚ ਪੰਜਾਬ ਨੇ ਫੇਰ ਬਿਹਤਰੀਨ ਪ੍ਰਦਰਸ਼ਨ ਕੀਤਾ ਹੈ। ਵਿਭਾਗ ਵੱਲੋਂ ਜਨਤਕ ਰਿਪੋਰਟਾਂ ਦੇ ਨਤੀਜਿਆਂ ਚ ਪੰਜਾਬ, ਕੇਰਲਾ ਅਤੇ ਮਹਾਰਾਸ਼ਟਰਾ ਦੇ ਸਕੂਲਾਂ ਨੇ 1000 ਵਿਚੋਂ 928 ਅੰਕ ਲੈਕੇ ਦੇਸ਼ ਭਰ ’ਚੋਂ ਪਹਿਲਾ ਸਥਾਨ ਹਾਸਲ ਕੀਤਾ ਹੈ। ਦੂਜੇ ਪਾਸੇ ਦੇਸ਼ ਦੀ ਸਿੱਖਿਆ ’ਚ ਵੱਡੀਆਂ ਮੱਲਾਂ ਮਾਰਨ ਦੇ ਦਾਅਵਾ ਕਰਦੇ ਰਾਜਧਾਨੀ ਦਿੱਲੀ ਦੇ ਸਕੂਲ 899 ਅੰਕਾਂ ਨਾਲ ਸੂਚੀ ’ਚ 8ਵੇਂ ਸਥਾਨ ’ਤੇ ਖ਼ਸਿਕ ਗਏ। ਵੱਡੀ ਗੱਲ ਇਹ ਰਹੀ ਕਿ ਕੇਂਦਰ ਸਰਕਾਰ ਵੱਲੋਂ ਬਣਾਏ ਸਖ਼ਤ ਮਾਪਦੰਡਾਂ ਅਨੁਸਾਰ ਸਾਲ 2020-21 ਦੀਆਂ ਰਿਪੋਰਟਾਂ ’ਚ ਕੋਈ ਵੀ ਸੂਬਾ ਜਾਂ ਕੇਂਦਰੀ ਸਾਸ਼ਤ ਪ੍ਰਦੇਸ਼ ਪਹਿਲੇ-ਪਡ਼ਾਅ ਵਾਲੀ ਕੈਟਾਗਰੀ ’ਚ ਜਗ੍ਹਾ ਨਹੀਂ ਬਣਾ ਸਕਿਆ। ਇਸ ਪਡ਼ਾਅ ਲਈ 951 ਤੋਂ 1000 ਅੰਕ ਰੱਖੇ ਗਏ ਸਨ ਪਰ ਇਸ ਸ਼੍ਰੇਣੀ ਲਈ ਰੱਖੇ ਅੰਕਾਂ ਦੇ ਨੇਡ਼ੇ-ਤੇਡ਼ੇ ਕੋਈ ਸੂਬਾ ਨਹੀਂ ਪੁੱਜ ਸਕਿਆ ਜਦੋਂ ਕਿ ਗੁਜਰਾਤ ਤੇ ਚੰਡਗਡ਼੍ਹ ਸਮੇਤ ਉਪਰੋਕਤ ਤਿੰਨੇ ਰਾਜ ਦੇਸ਼ ਦੇ ਮੋਹਰੀ ਪੰਜ ਸੂਬਿਆਂ/ਕੇਂਦਰੀ ਸਾਸ਼ਤ ਪ੍ਰਦੇਸ਼ਾਂ ਦੀ ਸੂਚੀ ’ਚ ਸ਼ਾਮਲ ਰਹੇ। ਦੂਜੀ ਸ਼੍ਰੇਣੀ 901 ਤੋਂ 950 ਅੰਕਾਂ ਵਾਲੀ ਰਹੀ ਜਿਸ ’ਚ ਦੇਸ਼ ਦੇ 7 ਸੂਬੇ ਹੀ ਜਗ੍ਹਾ ਬਣਾ ਸਕੇ। ਇਸੇ ਤਰ੍ਹਾਂ 801 ਤੋਂ 800 ਅੰਕਾਂ ਵਾਲੇ ਲੈਵਲ-3 ਵਿਚ 12 ਜਦੋਂ ਕਿ ਚੌਥੇ ਤੇ ਪੰਜਵੇਂ ਲੈਵਲ ’ਚ 6-6 ਸੂਬਿਆਂ ਨੇ ਜਗ੍ਹਾ ਬਣਾਈ । ਨੰਬਰਾਂ ਦੇ ਆਧਾਰਤ ਕੁੱਲ 8 ਲੈਵਲਾਂ ’ਚ ਅਰੁਣਾਚਲ ਪ੍ਰਦੇਸ਼ ਸਭ ਤੋਂ ਘੱਟ ਅੰਕਾਂ ਵਾਲਾ ਸੂਬਾ ਰਿਹਾ ਜਿਸ ਨੂੰ 7ਵੇਂ ਲੈਵਲ ਵਾਲੀ ਸ਼੍ਰੇਣੀ ’ਚ ਜਗ੍ਹਾ ਮਿਲੀ, ਜਦੋਂ ਕਿ ਅੱਠਵੇਂ ਲੈਵਲ 601 ਤੋਂ 650 ’ਚ ਕੋਈ ਸੂਬਾ ਨਹੀਂ ਹੈ।
ਪੰਜ ਸ਼੍ਰੇਣੀਆਂ ਦੇ ਮਾਪਦੰਡਾਂ ’ਤੇ ਹੋਈ ਪਰਖ
ਸਕੂਲੀ ਸਿੱਖਿਆ ਤੇ ਸਾਖ਼ਰਤਾ ਵਿਭਾਗ ਨੇ ਸਕੂਲਾਂ ਦੀ ਗੁਣਵੱਤਾ ਤੇ ਮਿਆਰ ਨੂੰ ਵਿਸ਼ੇਸ਼ ਤੌਰ ’ਤੇ ਪੰਜ ਸ਼੍ਰੇਣੀਆਂ ’ਚ ਵੰਡਿਆ ਸੀ ਜਿਨ੍ਹਾਂ ਦੇ 70 ਵੱਖ ਵੱਖ ਸੂਚਕਾਂ ਦੇ ਨੰਬਰਾਂ ਲਗਾਏ ਗਏ ਹਨ। ਇਨ੍ਹਾਂ ਵਿਚ ਸਕੂਲਾਂ ਦੇ ਨਤੀਜੇ, ਸਕੂਲਾਂ ’ਚ ਭਾਸ਼ਾ ਦਾ ਮਿਆਰ ਤੋਂ ਇਲਾਵਾ ਫੰਡਾਂ ਦਾ ਵਰਤੋਂ , ਲੈਬਾਂ ਦੀ ਹਾਲਾਤ ਵਰਗੇ 70 ਤਰ੍ਹਾਂ ਦੇ ਮਾਪਦੰਡ ਰੱਖੇ ਗਏ ਸਨ ਜਿਨ੍ਹਾਂ ਦੇ 1000 ਅੰਕ ਬਣਦੇ ਹਨ।
ਪੰਜਾਬ ਦੇ ਸਭ ਤੋਂ ਵੱਧ ਅੰਕ
‘ਬੁਨਿਆਦੀ ਸੂਹਲਤਾਂ ਤੇ ਢਾਂਚਾ’ ਸ਼੍ਰੇਣੀ ’ਚ ਆਏ ਜਿਸ ’ਚ ਸੂਬੇ ਦੇ ਸਕੂਲਾਂ ਨੇ 150 ਵਿਚੋਂ 150 ਅੰਕ ਲੈਕੇ ਦੇਸ਼ ’ਚ ਪਹਿਲਾ ਸਥਾਨ ਹਾਸਲ ਕੀਤਾ ਹੈ।
‘ਢਾਂਚਾ ਤੇ ਸਹੂਲਤਾਂ ਵਾਲੀ ਸ਼੍ਰੇਣੀ ’ਚ ਚੰਡੀਗਡ਼੍ਹ 149 ਅੰਕਾਂ ਨਾਲ ਦੂਜੇ ਤੇ ਦਿੱਲੀ ਐੱਨਸੀਟੀ 148 ਅੰਕਾਂ ਨਾਲ ਤੀਜੇ ਸਥਾਨ ’ਤੇ ਰਿਹਾ। ਸਭ ਤੋਂ ਅਖ਼ੀਰਲੀ ਤੇ ਪੰਜਵੀਂ ਸ਼੍ਰੇਣੀ ‘ਸਾਸ਼ਨ ਅਤੇ ਪ੍ਰਕ੍ਰਿਆ’ ’ਚ ਪੰਜਾਬ 348 ਅੰਕਾਂ ਨਾਲ ਦੇਸ਼ ’ਚ ਮੋਹਰੀ ਜਦੋਂ ਕਿ ਪਾਡੀਚਰੀ ਤੇ ਕੇਰਲਾ ਕ੍ਰਮਵਾਰ ਦੂਜੇ ਤੀਜੇ ਸਥਾਨਾਂ ’ਤੇ ਰਹੇ। ਚੌਥੀ ਸ਼੍ਰੇ੍ਣੀ ‘ਲਾਭ ਅੰਸ਼’ ਵਰਗ ’ਚ 230 ਅੰਕਾਂ ਵਿਚੋਂ ਦਾਦਰਾ ਨਗਰ ਹਵੇਲੀ 226 ਅੰਕਾਂ ਨਾਲ ਭਾਰਤ ’ਚੋਂ ਪਹਿਲੇ ਜਦੋਂ ਕਿ ਪੰਜਾਬ ਅਤੇ ਮਹਾਰਾਸ਼ਟਰ 225 ਅੰਕਾਂ ਦੂਜੇ ਸਥਾਨ ’ਤੇ ਬਰਾਬਰ ਰਹੇ। ਇਸੇ ਤਰ੍ਹਾਂ ‘ਮੁਲਾਂਕਣ ਕਰਨਾ’ ਵਰਗ ਦੇ ਕੁੱਲ 80 ਅੰਕਾਂ ਵਿਚੋਂ ਵੀ ਪੰਜਾਬ ਤੇ ਕੇਰਲਾ 79 ਅੰਕਾਂ ਨਾਲ ਦੇਸ਼ ’ਚੋਂ ਮੋਹਰੀ ਜਦੋਂ ਕਿ ਤਾਮਿਲਨਾਡੂ ਤੇ ਆਂਧਰਾ ਪ੍ਰਦੇਸ਼ 78 ਅਤੇ 77 ਅੰਕਾਂ ਨਾਲ ਦੂਜੇ ਤੇ ਤੀਜੇ ਸਥਾਨਾਂ ’ਤੇ ਰਹੇ।
ਇਥੇ ਪੈ ਗਈ ਮਾਰ
ਪੰਜਾਬ ਦੇ ਸਕੂਲਾਂ ਦਾ ਸਭ ਤੋਂ ਵੱਧ ਮਾਡ਼ਾ ਹਾਲ ‘ਸਿੱਖਣ ਦੇ ਨਤੀਜੇ ਅਤੇ ਮਿਆਰ’ ’ਚ ਰਿਹਾ । ਸੂਬੇ ਨੇ ਇਸ ਸ਼੍ਰੇਣੀ ’ਚ 180 ਵਿਚੋਂ 126 ਅੰਕ ਹੀ ਹਾਸਲ ਕੀਤੇ ਹਨ। ਇਹ ਵਾਹਿਦ ਸ਼੍ਰੇਣੀ ਸੀ ’ਚ 20-20 ਅੰਕਾਂ ਦੇ 9 ਮਾਪਦੰਡਾਂ ’ਚੋਂ 168 ਅੰਕਾਂ ਨਾਲ ਰਾਜਸਥਾਨ ਪਹਿਲੇ ਸਥਾਨ ਤੇ ਚੰਡੀਗਡ਼੍ਹ ਤੇ ਕਰਨਾਟਕਾ 160 ਅੰਕਾਂ ਨਾਲ ਦੂਜੇ ਸਥਾਨ ’ਤੇ ਰਹੇ। ਇਸ ਸ਼੍ਰੇਣੀ ’ਚ ਸਾਲ 2019 ’ਚ ਵੀ ਪੰਜਾਬ ਦੇ 126 ਅੰਕ ਹੀ ਸਨ ਤੇ ਮੰਨਿਆਂ ਜਾਂਦਾ ਹੈ ਕਿ ਇਸ ਖੇਤਰ ’ਚ ਕੋਈ ਸੁਧਾਰ ਨਹੀਂ ਹੋਇਆ ਨਹੀਂ ਤਾਂ ਪੰਜਾਬ ਦੇਸ਼ ਭਰ ’ਚੋਂ ਮੋਹਰੀ ਹੁੰਦਾ ਹੈ। ਪ੍ਰਾਪਤ ਅੰਕਡ਼ਿਆਂ ਅਨੁਸਾਰ ਇਸ ਸਾਲ 2017 ਤੋਂ ਸਾਲ 2020 -21 ਪੰਜਾਬ ‘ਸਿੱਖਣ ਦੇ ਨਤੀਜੇ ਅਤੇ ਮਿਆਰ’ ਵਾਲੀ ਸ਼੍ਰੇਣੀ ’ਚ 126 ਤੋਂ ਵਧ ਅੰਕ ਨਹੀਂ ਲੈ ਸਕਿਆ।
ਇਹ ਹਨ ਪਹਿਲੇ ਦਸ ਸਥਾਨਾ ਵਾਲੇ ਸੂਬੇ
ਰਾਜ ਅੰਕ
1 ਕੇਰਲਾ 928
2 ਮਹਾਰਾਸ਼ਟਰਾ 928
3 ਪੰਜਾਬ 928
4 ਚੰਡੀਗਡ਼੍ਹ 927
5.ਗੁਜਰਾਤ 903
6. ਰਾਜਸਥਾਨ 903
7.ਆਂਧਰਾ ਪ੍ਰਦੇਸ਼ 902
8.ਐੱਨਸੀਟੀ ਆਫ਼ ਦਿੱਲੀ 899
9. ਪਾਂਡੀਚਰੀ 897
10 ਹਿਮਾਚਲ ਪ੍ਰਦੇਸ਼ 877
ਇਥੋਂ ਲਿਆ ਗਿਆ ਡਾਟਾ
ਪੀਜੀਆਈ ਨੂੰ ਸਰਵੇ ਨੂੰ 70 ਸੂਚਕਾਂ ਅਤੇ 2 ਸ਼੍ਰੇਣੀਆਂ ਦੇ ਅਧਾਰ ’ਤੇ ਬਣਾਇਆ ਗਿਆ ਹੈ ਜਿਸ ਵਿੱਚ 5 ਵੱਖ-ਵੱਖ ਸ੍ਰੇਣੀ ਦੇ ਅੰਕ ਹਨ। ਪੀਜੀਆਈ 2020-21 ਲਈ ਡੇਟਾ ਕਈ ਸਰੋਤਾਂ ਤੋਂ ਲਿਆ ਗਿਆ ਹੈ ਇਨ੍ਹਾਂ ’ਚ ਯੂਨੀਫਾਈਡ ਡਿਸਟ੍ਰਿਕਟ ਇਨਫਰਾਮੇਸ਼ਨ ਸਿਸਟਮ ਐਜੂਕੇਸ਼ਨ(ਯੂਡੀਆਈਐੱਸਈ) ਸੂਚਨਾ ਪ੍ਰਣਾਲੀ, ਰਾਸ਼ਟਰੀ ਪ੍ਰਾਪਤੀ ਸਰਵੇਖਣ ਤੋਂ ਇਲਾਵਾ ਕਈ ਹੋਰ ਸਾਧਨ ਸ਼ਾਮਲ ਹਨ।
ਸਕੂਲੀ ਸਿੱਖਿਆ ਤੇ ਸਾਖ਼ਰਤਾ ਵਿਭਾਗ ਦਾ ਦਾਅਵਾ ਹੈ ਕਿ
ਪੀਜੀਆਈ ਸਰਵੇ ਭਾਰਤੀ ਸਿੱਖਿਆ ਪ੍ਰਣਾਲੀ ਦੇ 1.5 ਮਿਲੀਅਨ ਤੋਂ ਵੱਧ ਸਕੂਲਾਂ, 8.5 ਮਿਲੀਅਨ ਅਧਿਆਪਕ ਅਤੇ ਵੱਖ-ਵੱਖ ਸਮਾਜਿਕ-ਆਰਥਿਕ ਪਿਛੋਕਡ਼ ਵਾਲੇ 250 ਮਿਲੀਅਨ ਬੱਚਿਆਂ ਦੇ ਮੁਲਾਂਕਣ ਵਾਲੀ ਦੁਨੀਆ ਦੀ ਸਭ ਤੋਂ ਵੱਡੀ ਸਿੱਖਿਆ ਪ੍ਰਣਾਲੀ ਹੈ। ਇਹ ਸਿਸਟਮ ਦੇਸ਼ ਦੇ ਵਿਭਿੰਨ ਸੱਭਿਆਚਾਰ ਅਤੇ ਵਿਰਾਸਤ ਨੂੰ ਵਧਣ ਅਤੇ ਵਧਣ-ਫੁੱਲਣ ਲਈ ਕਾਫੀ ਗੁੰਜਾਇਸ਼ ਦਿੰਦੇ ਹੋਏ ਦੇਸ਼ ਭਰ ਵਿੱਚ ਮਿਆਰ ਅਤੇ ਇਕਸਾਰਤਾ ਨੂੰ ਕਾਇਮ ਰੱਖਣ ਦੀ ਕੋਸ਼ਸ਼ਿ ਕਰਦਾ ਹੈ। ਪਰਫਾਰਮੈਂਸ ਗਰੇਡਿੰਗ ਇੰਡੈਕਸ (ਪੀਜੀਆਈ) ਇੱਕ ਮੁਕਾਬਲਤਨ ਨਵਾਂ ਸੂਚਕ-ਅੰਕ ਹੈ ਜੋ ਕਿ ਸਿੱਖਿਆ ਦੇ ਖੇਤਰ ਵਿੱਚ ਪਰਿਵਰਤਨਸ਼ੀਲ ਤਬਦੀਲੀ ਨੂੰ ਉਤਪ੍ਰੇਰਕ ਕਰਨ ਲਈ ਇੱਕ ਸਾਮਾਨ ਪੈਮਾਨੇ ’ਤੇ ਰਾਜਾਂ/ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦੀ ਕਾਰਗੁਜ਼ਾਰੀ ਮਾਪਦਾ ਹੈ।