ਜਾ.ਸ, ਮੋਗਾ : ਜਿਲ ਪਾਰਲਰ ਵਿੱਚ ਇੱਕ ਸਾਲ ਪਹਿਲਾਂ ਲੜਕੀ ਨੇ ਦੁਲਹਨ ਦਾ ਪਹਿਰਾਵਾ ਪਾਇਆ ਸੀ। ਉਸੇ ਪਾਰਲਰ ਸੰਚਾਲਕ ਨੂੰ ਪਤੀ ਨਾਲ ਮਿਲ ਕੇ ਗੈਂਗਸਟਰ ਬਣ ਕੇ ਫਿਰੌਤੀ ਮੰਗ ਲਈ।ਪੁਲਿਸ ਨੇ ਮਾਮਲੇ ਦੇ ਮੁੱਖ ਦੋਸ਼ੀ ਪਤੀ ਨੂੰ ਤਰਨਤਾਰਨ ਤੋਂ ਗ੍ਰਿਫਤਾਰ ਕਰ ਲਿਆ ਹੈ, ਜਦਕਿ ਪਤਨੀ ਅਜੇ ਫਰਾਰ ਹੈ। ਪੰਜ ਸਾਲਾਂ ਤੋਂ ਇਹ ਲੜਕੀ ਨਿਊ ਟਾਊਨ ਤੋਂ ਬਿਊਟੀ ਪਾਰਲਰ ਕਮ ਸੈਲੂਨ 'ਤੇ ਆ ਰਹੀ ਸੀ। ਪਾਰਲਰ ਦੀ ਆਮਦਨ ਦੇਖ ਕੇ ਉਹ ਲਾਲਚੀ ਹੋ ਗਈ ਅਤੇ ਗੈਂਗਸਟਰ ਬਣ ਕੇ ਫਿਰੌਤੀ ਦੀ ਮੰਗ ਕੀਤੀ।
ਕੀ ਹੈ ਮਾਮਲਾ
ਮੋਗਾ ਦੇ ਪਿੰਡ ਮੈਹਰੋਂ ਦੀ ਰਹਿਣ ਵਾਲੀ ਹਰਜੀਤ ਕੌਰ ਉਰਫ ਮਾਹੀ ਦਾ ਵਿਆਹ ਕਰੀਬ ਇਕ ਸਾਲ ਪਹਿਲਾਂ ਤਰਨਤਾਰਨ ਦੇ ਰਹਿਣ ਵਾਲੇ ਗੁਰਵਿੰਦਰ ਸਿੰਘ ਉਰਫ ਗੁਰੀ ਨਾਲ ਹੋਇਆ ਸੀ। ਹਰਜੀਤ ਕੌਰ ਉਰਫ ਮਾਹੀ, ਸ਼ਹਿਰ ਦੇ ਨਿਊ ਟਾਊਨ ਵਿੱਚ ਇੱਕ ਪਾਰਲਰ-ਕਮ-ਸੈਲੂਨ ਵਿਚ ਉਸ ਨੇ ਵਿਆਹ ਦਾ ਮੇਕਅੱਪ ਕਰਵਾਇਆ ਸੀ, ਪਿਛਲੇ ਚਾਰ ਸਾਲਾਂ ਤੋਂ ਉਸੇ ਪਾਰਲਰ ਦੀ ਅਕਸਰ ਗਾਹਕ ਵਜੋਂ ਆਉਂਦੀ ਸੀ। 15 ਦਿਨ ਪਹਿਲਾਂ ਵੀ ਉਹ ਆਪਣੀ ਨਣਾਨ ਦੇ ਵਿਆਹ ਲਈ ਬੁਕਿੰਗ ਕਰਵਾਉਣ ਆਈ ਸੀ। ਮੁੱਖ ਦੋਸ਼ੀ ਗੁਰਵਿੰਦਰ ਸਿੰਘ ਦੀ ਭੈਣ ਦਾ ਕੁਝ ਸਮੇਂ ਬਾਅਦ ਵਿਆਹ ਹੋਣ ਜਾ ਰਿਹਾ ਹੈ। 28 ਜਨਵਰੀ ਨੂੰ ਜਿਸ ਦਿਨ ਹਰਜੀਤ ਕੌਰ ਆਪਣੀ ਨਣਾਨ ਦੇ ਮੇਕਅੱਪ ਦੀ ਬੁਕਿੰਗ ਕਰਵਾਉਣ ਲਈ ਪਾਰਲਰ ਗਈ ਸੀ, ਉਸ ਤੋਂ ਅਗਲੇ ਹੀ ਦਿਨ ਉਸ ਨੇ ਆਪਣੇ ਪਤੀ ਨਾਲ ਮਿਲ ਕੇ ਇਕ ਧਮਕੀ ਭਰਿਆ ਵਟਸਐਪ ਮੈਸੇਜ ਭੇਜ ਕੇ ਆਪਣੇ ਆਪ ਨੂੰ ਗੈਂਗਸਟਰ ਦੱਸਿਆ ਅਤੇ ਕਿਹਾ ਕਿ ਉਹ ਇਸ ਸਮੇਂ ਸੰਗਰੂਰ ਜੇਲ੍ਹ ਵਿੱਚ ਹੈ, ਜੇਕਰ ਉਹ ਕੋਈ ਨੁਕਸਾਨ ਨਹੀਂ ਚਾਹੁੰਦਾ ਤਾਂ ਉਸਨੂੰ ਡੇਢ ਲੱਖ ਰੁਪਏ ਤੁਰੰਤ ਦੇ ਦਿਓ।
ਵਿਦੇਸ਼ੀ ਨੰਬਰ ਤੋਂ ਆ ਰਹੇ ਵਟਸਐਪ ਮੈਸੇਜ ਤੋਂ ਪਾਰਲਰ ਸੰਚਾਲਕ ਅਤੇ ਉਸ ਦਾ ਪੂਰਾ ਪਰਿਵਾਰ ਘਬਰਾ ਗਿਆ, ਉਨ੍ਹਾਂ ਨੇ ਐਸਐਸਪੀ ਗੁਲਨੀਤ ਖੁਰਾਣਾ ਨੂੰ ਸ਼ਿਕਾਇਤ ਕੀਤੀ। ਪਾਰਲਰ ਸੰਚਾਲਕ ਨੂੰ ਕਿਸੇ 'ਤੇ ਕੋਈ ਸ਼ੱਕ ਨਾ ਹੋਣ 'ਤੇ ਐਸਐਸਪੀ ਨੇ ਤੁਰੰਤ ਦੋ ਟੀਮਾਂ ਬਣਾ ਕੇ ਮਾਮਲੇ ਦੀ ਜਾਂਚ ਸਾਊਥ ਸਿਟੀ ਥਾਣੇ ਦੇ ਨਾਲ-ਨਾਲ ਸੀਆਈਏ ਸਟਾਫ਼ ਮੋਗਾ ਪੁਲਿਸ ਨੂੰ ਸੌਂਪ ਦਿੱਤੀ। ਪੁਲਿਸ ਨੇ ਵਿਗਿਆਨਕ ਢੰਗ ਨਾਲ ਜਾਂਚ ਕਰਦੇ ਹੋਏ ਜਿਸ ਨੰਬਰ ਤੋਂ ਮੈਸੇਜ ਆਇਆ ਸੀ ਉਸ ਦੀ ਜਾਂਚ ਕੀਤੀ ਤਾਂ ਪਤਾ ਲੱਗਾ ਕਿ ਮੈਸੇਜ ਤਰਨਤਾਰਨ ਤੋਂ ਭੇਜਿਆ ਗਿਆ ਸੀ।
ਡੂੰਘਾਈ ਨਾਲ ਜਾਂਚ ਕਰਨ 'ਤੇ ਪਤਾ ਲੱਗਾ ਕਿ ਤਰਨਤਾਰਨ ਤੋਂ ਕਿਸੇ ਵਿਦੇਸ਼ੀ ਨੰਬਰ ਨੂੰ ਐਪ ਰਾਹੀਂ ਇੰਟਰਨੈੱਟ ਕਾਲ ਰਾਹੀਂ ਐਂਟਰ ਕਰਕੇ ਮੈਸੇਜ ਭੇਜਿਆ ਗਿਆ ਸੀ, ਨੰਬਰ ਦਾ ਪਤਾ ਲੱਗਦਿਆਂ ਹੀ ਪੁਲਸ ਨੇ ਲਗਾਤਾਰ ਦੋ ਦਿਨ ਤਰਨਤਾਰਨ 'ਚ ਡੇਰੇ ਲਾਏ, ਆਖਰ ਮੁੱਖ ਦੋਸ਼ੀ ਗੁਰਵਿੰਦਰ ਸਿੰਘ ਨੂੰ ਪੁਲਿਸ ਨੇ ਕੀਤਾ ਗ੍ਰਿਫਤਾਰ ਉਸ ਦੀ ਪਤਨੀ ਹਰਜੀਤ ਕੌਰ ਘਰ ਵਿੱਚ ਨਾ ਹੋਣ ਕਾਰਨ ਪੁਲੀਸ ਫਿਲਹਾਲ ਉਸ ਨੂੰ ਗ੍ਰਿਫ਼ਤਾਰ ਨਹੀਂ ਕਰ ਸਕੀ।