ਸਵਰਨ ਗੁਲਾਟੀ, ਮੋਗਾ
ਸਥਾਨਕ ਪਹਾੜਾ ਸਿੰਘ ਚੌਕ ਵਿੱਚ ਪਿਛਲੇ ਇੱਕ ਮਹੀਨੇ ਤੋਂ ਗੰਦੇ ਪਾਣੀ ਦੀ ਨਿਕਾਸੀ ਨਾ ਹੋਣ ਕਾਰਨ ਭੜਕੇ ਮੁਹੱਲਾ ਵਾਸੀਆਂ ਨੇ ਇਥੋਂ ਦੀ ਸੜਕ ਜਾਮ ਕਰਕੇ ਧਰਨਾ ਲਗਾਇਆ ਅਤੇ ਨਿਗਮ ਅਧਿਕਾਰੀਆਂ ਖਿਲਾਫ ਜੰਮ ਕੇ ਨਾਅਰੇਬਾਜ਼ੀ ਕੀਤੀ। ਜ਼ਿਕਰਯੋਗ ਹੈ ਕਿ ਸਥਾਨਕ ਪਹਾੜਾ ਸਿੰਘ ਚੌਕ ਵਿੱਚ ਪਿਛਲੇ ਇੱਕ ਮਹੀਨੇ ਤੋਂ ਗੰਦੇ ਪਾਣੀ ਦੀ ਨਿਕਾਸੀ ਨਹੀਂ ਹੋ ਰਹੀ। ਇਸੇ ਤਰਾਂ੍ਹ ਨਿਗਾਹਾ ਰੋਡ 'ਤੇ ਸਥਿਤ ਬਸਤੀ ਬਹਾਦਰ ਸਿੰਘ 'ਚ ਪਿਛਲੇ 20 ਦਿਨਾਂ ਤੋਂ ਗੰਦਾ ਪਾਣੀ ਦੀ ਨਿਕਾਸੀ ਨਾ ਹੋਣਾ ਉਥੋਂ ਦੇ ਲੋਕਾਂ ਲਈ ਵੱਡੀ ਸਮੱਸਿਆ ਬਣ ਗਿਆ। ਇਸ ਸਮੱਸਿਆ ਸਬੰਧੀ ਸਥਾਨਕ ਲੋਕਾਂ ਵੱਲੋਂ ਅਧਿਕਾਰੀਆਂ ਦੇ ਧਿਆਨ 'ਚ ਲਿਆਉਣ ਦੇ ਬਾਵਜੂਦ ਵੀ ਸਮੱਸਿਆ ਹੱਲ ਨਹੀਂ ਹੋਈ, ਜਿਸ ਤੋਂ ਭੜਕੇ ਵਾਰਡ ਨੰਬਰ 30, 31 ਅਧੀਨ ਆਉਂਦੀ ਬਸਤੀ ਬਹਾਦਰ ਸਿੰਘ ਨਿਗਾਹਾ ਰੋਡ ਦੇ ਵਾਸੀਆਂ ਵੱਲੋਂ ਇਥੋਂ ਦੀ ਸੜਕ ਜਾਮ ਕਰਕੇ ਨਿਗਮ ਅਧਿਕਾਰੀਆਂ ਸਮੇਤ ਮੇਅਰ ਖ਼ਲਿਾਫ਼ ਨਾਅਰੇਬਾਜ਼ੀ ਕੀਤੀ। ਇਸ ਦੌਰਾਨ ਸੜਕ 'ਤੇ ਲੰਮਾ ਜਾਮ ਲੱਗ ਗਿਆ, ਜਿਸਦੀ ਸੂਚਨਾ ਮਿਲਣ 'ਤੇ ਟਰੈਫਿਕ ਇੰਚਾਰਜ ਨੇ ਜਾਮ ਦੀ ਸਮੱਸਿਆ ਨੂੰ ਹੱਲ ਕਰਨ ਦੀ ਕੋਸ਼ਸ਼ਿ ਕੀਤੀ, ਪਰ ਧਰਨਾਕਾਰੀ ਸ਼ਾਂਤ ਨਹੀਂ ਹੋਏ। ਦੂਜੇ ਪਾਸੇ ਵਿਧਾਇਕ ਡਾ: ਹਰਜੋਤ ਕਮਲ ਵੀ ਇਥੇ ਪਹੁੰਚੇ, ਜਿਨਾਂ੍ਹ ਨੇ ਉਨਾਂ੍ਹ ਦੀ ਸਮੱਸਿਆ ਦਾ ਹੱਲ ਕਰਨ ਦਾ ਭਰੋਸਾ ਦਿੱਤਾ। ਉਨਾਂ ਲੋਕਾਂ ਨੂੰ ਪੀਣ ਵਾਲੇ ਪਾਣੀ ਦੀ ਸਮੱਸਿਆ ਤੋਂ ਨਿਜ਼ਾਤ ਦਿਵਾਉਣ ਲਈ ਨਿਗਮ ਦੀ ਟੀਮ ਨੂੰ ਮੌਕੇ 'ਤੇ ਬੁਲਾ ਕੇ ਸਮੱਸਿਆ ਦਾ ਹੱਲ ਕਰਵਾਇਆ ਗਿਆ, ਜਿਸ ਤੋਂ ਬਾਅਦ ਕਰੀਬ ਪੰਜ ਘੰਟੇ ਬਾਅਦ ਧਰਨਾਕਾਰੀ ਸ਼ਾਂਤ ਹੋਏ।
ਸੜਕ 'ਤੇ ਭਰਿਆ ਗੰਦਾ ਪਾਣੀ
ਬਾਬਾ ਟੇਕ ਸਿੰਘ ਤੇ ਕਰਤਾਰ ਕੌਰ ਆਦਿ ਇਲਾਕਾ ਨਿਵਾਸੀਆਂ ਨੇ ਦੱਸਿਆ ਕਿ ਉਹ ਪਿਛਲੇ ਕਾਫੀ ਸਮੇਂ ਤੋਂ ਉਕਤ ਇਲਾਕੇ 'ਚ ਰਹਿ ਰਹੇ ਹਨ, ਪਰ ਉਹ ਮੁੱਢਲੀਆਂ ਸਹੂਲਤਾਂ ਤੋਂ ਵਾਂਝੇ ਹਨ। ਪਿਛਲੇ ਲੰਮੇ ਸਮੇਂ ਤੋਂ ਸੜਕ 'ਤੇ ਸੀਵਰੇਜ ਦੇ ਗੰਦੇ ਪਾਣੀ ਦੀ ਨਿਕਾਸੀ ਨਹੀਂ ਹੋਈ। ਜਿੱਥੇ ਗੰਦਾ ਪਾਣੀ ਉਨਾਂ੍ਹ ਦੇ ਘਰਾਂ ਦੀਆਂ ਹੱਦਾਂ ਪਾਰ ਕਰ ਜਾਂਦਾ ਹੈ, ਉਥੇ ਨਿੱਜੀ ਕੰਮ ਲਈ ਉਨਾਂ੍ਹ ਨੂੰ ਗੰਦੇ ਪਾਣੀ ਵਿੱਚੋਂ ਲੰਘ ਕੇ ਹੀ ਬਾਹਰ ਜਾਣਾ ਪੈਂਦਾ ਹੈ। ਇਲਾਕੇ ਵਿੱਚ ਜਿੱਥੇ ਬਦਬੂ ਫੈਲੀ ਹੋਈ ਹੈ, ਉੱਥੇ ਹੀ ਬਿਮਾਰੀਆਂ ਫੈਲਣ ਦਾ ਵੀ ਡਰ ਬਣਿਆ ਹੋਇਆ ਹੈ।
ਪੀਣ ਵਾਲੇ ਪਾਣੀ 'ਚ ਮਿਲ ਕੇ ਆ ਰਿਹਾ ਸੀਵਰੇਜ ਦਾ ਪਾਣੀ
ਜਸਵੀਰ ਕੌਰ, ਰੀਨਾ ਰਾਣੀ, ਆਸ਼ਾ ਆਦਿ ਨੇ ਦੱਸਿਆ ਕਿ ਉਨਾਂ੍ਹ ਦਾ ਇਲਾਕਾ ਮਜ਼ਦੂਰ ਵਰਗ ਨਾਲ ਸਬੰਧਤ ਹੈ। ਉਹ ਨਗਰ ਨਿਗਮ ਵੱਲੋਂ ਸਪਲਾਈ ਕੀਤੇ ਜਾਂਦੇ ਪੀਣ ਵਾਲੇ ਪਾਣੀ 'ਤੇ ਹੀ ਨਿਰਭਰ ਹਨ, ਪਰ ਉਨਾਂ੍ਹ ਦੇ ਇਲਾਕੇ ਵਿੱਚ ਸੀਵਰੇਜ ਦਾ ਗੰਦਾ ਪਾਣੀ ਸੜਕ 'ਤੇ ਖੜ੍ਹਾ ਹੈ, ਜੋ ਪੀਣ ਵਾਲੇ ਪਾਣੀ 'ਚ ਮਿਕਸ ਹੋ ਕੇ ਘਰਾਂ 'ਚ ਪਹੁੰਚ ਰਿਹਾ ਹੈ। ਪੀਣ ਵਾਲੇ ਪਾਣੀ ਦੀ ਸਮੱਸਿਆ ਵੀ ਕਾਫੀ ਆ ਰਹੀ ਹੈ ਜੋ ਕਿ ਮੁਹੱਲਾ ਵਾਸੀਆਂ ਲਈ ਘਾਤਕ ਸਿੱਧ ਹੋ ਸਕਦੀ ਹੈ।
ਸੜਕ ਦੀ ਮੁਰੰਮਤ ਦੌਰਾਨ ਸੀਵਰੇਜ ਦੇ ਪਾਣੀ ਦੀ ਸਮੱਸਿਆ ਦਾ ਹੱਲ ਨਹੀਂ ਹੋਇਆ
ਧਰਨਾਕਾਰੀਆਂ ਦੇ ਸਾਹਮਣੇ ਮੌਜੂਦ ਸਾਬਕਾ ਮਹਿਲਾ ਕੌਂਸਲਰ ਗੁਰਚਰਨ ਕੌਰ ਗਿੱਲ ਨੇ ਦੱਸਿਆ ਕਿ ਉਹ 10 ਸਾਲ ਪਹਿਲਾਂ ਕੌਂਸਲਰ ਵਜੋਂ ਇਲਾਕੇ ਦੀ ਨੁਮਾਇੰਦਗੀ ਕਰ ਚੁੱਕੀ ਹੈ। ਉਸ ਸਮੇਂ ਹਰ ਵਾਰਡ ਦੀ ਸਮੱਸਿਆ ਦਾ ਹੱਲ ਕਰਕੇ ਗੰਦੇ ਪਾਣੀ ਦੀ ਨਿਕਾਸੀ ਲਈ ਠੋਸ ਪ੍ਰਬੰਧ ਕੀਤੇ ਗਏ ਸਨ ਪਰ ਜਿਨਾਂ੍ਹ ਨੇ ਪਿਛਲੇ ਸਮੇਂ ਵਿਚ ਸੱਤਾ ਦਾ ਆਨੰਦ ਮਾਣਿਆ ਹੈ, ਉਨਾਂ ਕੌਂਸਲਰਾਂ ਨੇ ਲੋਕਾਂ ਦੀਆਂ ਅਜਿਹੀਆਂ ਸਮੱਸਿਆਵਾਂ ਦਾ ਹੱਲ ਨਹੀਂ ਕੀਤਾ। ਸੀਵਰੇਜ ਵਿੱਚ ਪਏ ਬਰਸਾਤੀ ਪਾਣੀ ਦੀ ਨਿਕਾਸੀ ਲਈ ਕੋਈ ਠੋਸ ਪ੍ਰਬੰਧ ਨਹੀਂ ਕੀਤਾ ਗਿਆ, ਜਿਸ ਕਾਰਨ ਅੱਜ ਇੱਥੋਂ ਦੇ ਲੋਕ ਦੁਖੀ ਹਨ।
ਮੌਕੇ 'ਤੇ ਪਹੁੰਚੇ ਵਿਧਾਇਕ ਖ਼ਿਲਾਫ਼ ਪ੍ਰਗਟਾਈ ਨਰਾਜ਼ਗੀ
ਧਰਨੇ ਦੀ ਸੂਚਨਾ ਮਿਲਣ 'ਤੇ ਮੌਕੇ 'ਤੇ ਪਹੁੰਚੇ ਵਿਧਾਇਕ 'ਤੇ ਵਰ੍ਹਦੇ ਹੋਏ ਮੁਹੱਲਾ ਵਾਸੀਆਂ ਨੇ ਕਿਹਾ ਕਿ ਉਹ ਗੰਦੇ ਪਾਣੀ ਵਿੱਚੋਂ ਲੰਘ ਕੇ ਇੱਕ ਘਰ ਜਾ ਕੇ ਦਿਖਾਉਣ ਤਾਂ ਉਨ੍ਹਾਂ ਨੂੰ ਪਤਾ ਲੱਗੇਗਾ ਕਿ ਕਿਵੇਂ ਗੰਦੀ ਪਾਣੀ 'ਚ ਰਹਿਣਾ ਮੁਸ਼ਕਿਲ ਹੁੰਦਾ ਹੈ। ਇਸ ਦੌਰਾਨ ਉਨਾਂ੍ਹ ਨੇ ਸਖਤ ਸ਼ਬਦਾਂ ਵਿੱਚ ਚਿਤਾਵਨੀ ਦਿੱਤੀ ਹੈ ਕਿ ਜੇਕਰ ਉਨਾਂ੍ਹ ਦੀ ਸਮੱਸਿਆ ਦਾ ਢੁੱਕਵਾਂ ਹੱਲ ਨਾ ਹੋਇਆ ਤਾਂ ਉਹ ਅਗਾਮੀ ਚੋਣਾਂ 'ਚ ਵਿਰੋਧ ਕਰਨਗੇ।
ਡੀਸੀ ਨੂੰ ਭੇਜੀ ਗੰਦੇ ਪਾਣੀ ਦੀ ਫੁਟਿਜ਼
ਦੂਜੇ ਪਾਸੇ ਪਹਾੜਾ ਸਿੰਘ ਚੌਕ ਵਿਖੇ ਪਿਛਲੇ ਇੱਕ ਮਹੀਨੇ ਤੋਂ ਗੰਦੇ ਪਾਣੀ ਦੀ ਸਮੱਸਿਆ ਦੀ ਫੁਟਿਜ਼ ਡੀਸੀ ਮੋਗਾ ਨੂੰ ਵੀ ਭੇਜੀ ਗਈ ਹੈ। ਉਥੋਂ ਦੇ ਲੋਕਾਂ ਦਾ ਕਹਿਣਾ ਹੈ ਕਿ ਸਮੇਂ-ਸਮੇਂ 'ਤੇ ਨਿਗਮ ਕਮਿਸ਼ਨਰ ਨੂੰ ਇਸ ਸਮੱਸਿਆ ਤੋਂ ਜਾਣੂ ਕਰਵਾਇਆ ਗਿਆ ਸੀ ਪਰ ਸ਼ਨੀਵਾਰ ਤੱਕ ਉਨਾਂ੍ਹ ਦੀ ਸਮੱਸਿਆ ਦਾ ਹੱਲ ਨਹੀਂ ਹੋਇਆ ਹੈ। ਇਲਾਕਾ ਨਿਵਾਸੀਆਂ ਵੱਲੋਂ ਮੌਕੇ 'ਤੇ ਮੌਜੂਦ ਸਥਿਤੀ ਦੀਆਂ ਤਸਵੀਰਾਂ ਡਿਪਟੀ ਕਮਿਸ਼ਨਰ ਨੂੰ ਭੇਜ ਕੇ ਇਸ ਸਮੱਸਿਆ ਦੇ ਹੱਲ ਦੀ ਅਪੀਲ ਕੀਤੀ ਗਈ ਹੈ।
ਬਾਈਪਾਸ ਜਾਮ ਕਰਨ ਦੀ ਚਿਤਵਨੀ
ਇਲਾਕਾ ਨਿਵਾਸੀ ਜਗਦੀਪ ਸਿੰਘ ਜੱਗਾ, ਕਰਮਚੰਦ, ਰਾਜੂ ਸਿੰਘ ਆਦਿ ਨੇ ਦੱਸਿਆ ਕਿ ਜੇਕਰ ਸਮੱਸਿਆ ਦਾ ਹੱਲ ਨਾ ਹੋਇਆ ਤਾਂ ਉਹ ਕੋਟਕਪੂਰਾ ਬਾਈਪਾਸ 'ਤੇ ਜਾਮ ਲਗਾ ਕੇ ਧਰਨਾ ਦੇਣ ਤੋਂ ਵੀ ਗੁਰੇਜ਼ ਨਹੀਂ ਕਰਨਗੇ, ਜਿਸ ਦੀ ਸਾਰੀ ਜ਼ਿੰਮੇਵਾਰੀ ਨਿਗਮ ਅਧਿਕਾਰੀਆਂ ਅਤੇ ਪ੍ਰਸ਼ਾਸਨ ਦੀ ਹੋਵੇਗੀ।