ਵਕੀਲ ਮਹਿਰੋਂ, ਮੋਗਾ : ਆਜ਼ਾਦੀ ਦੇ 75 ਸਾਲ ਬਾਅਦ ਵੀ ਮਸੀਹੀ ਭਾਈਚਾਰੇ ਨੂੰ ਪਿੰਡਾਂ, ਕਸਬਿਆਂ ਅਤੇ ਸ਼ਹਿਰਾਂ ’ਚ ਕਬਰਿਸਤਾਨ ਨਾ ਹੋਣ ਕਾਰਨ ਖੱਜਲ ਖੁਆਰ ਹੋਣਾ ਪੈ ਰਿਹਾ ਹੈ ਜਦਕਿ ਪੰਜਾਬ ’ਚ ਸ਼ਾਮਲਾਟ ਜ਼ਮੀਨ ਐਕਟ 1964 ਮੁਤਾਬਿਕ ਕਬਰਸਤਾਨ ਲਈ ਜ਼ਮੀਨ ਸਾਡਾ ਬੁਨਿਆਦੀ ਹੱਕ ਹੈ। ਇਹ ਪ੍ਰਗਟਾਵਾ ਕ੍ਰਿਸ਼ਚੀਅਨ ਨੈਸ਼ਨਲ ਫਰੰਟ ਦੇ ਕੌਮੀ ਪ੍ਰਧਾਨ ਲਾਰੈਂਸ ਚੌਧਰੀ ਨੇ ਮਸੀਹੀ ਭਾਈਚਾਰੇ ਦੀਆਂ ਮੰਗਾਂ ਸਬੰਧੀ ਮੋਗਾ ਦੇ ਰੈਸਟ ਹਾਊਸ ਵਿਖੇ ਹੋਈ ਮੀਟਿੰਗ ਮੌਕੇ ਕੀਤਾ। ਇਸ ਮੌਕੇ ਉਨ੍ਹਾਂ ਕਿਹਾ ਕਿ ਪ੍ਰਧਾਨ ਮੰਤਰੀ 15 ਨੁਕਾਤੀ ਪ੍ਰੋਗਰਾਮ 2009 ਤਹਿਤ ਘੱਟ ਗਿਣਤੀਆਂ ਦੇ ਲੋੜਵੰਦ ਬੱਚਿਆਂ ਦੇ ਵਜ਼ੀਫ਼ਿਆਂ ਨੂੰ ਕੇਂਦਰ ਸਰਕਾਰ ਨੇ ਬੰਦ ਕਰ ਕੇ ਘੱਟ ਗਿਣਤੀ ਵਿਰੋਧੀ ਹੋਣ ਦਾ ਪ੍ਰਮਾਣ ਦਿੱਤਾ ਹੈ ਅਤੇ ਪੰਜਾਬ ਸਰਕਾਰ ਨੇ ਘੱਟਗਿਣਤੀ ਭਾਈਚਾਰੇ ਲਈ ਬਜਟ ’ਚ ਇਕ ਰੁਪਿਆ ਵੀ ਨਹੀਂ ਰੱਖਿਆ ਹੈ। ਪ੍ਰਧਾਨ ਮੰਤਰੀ ਗ੍ਰਾਮੀਣ ਆਵਾਸ ਯੋਜਨਾ ਤਹਿਤ ਬੇਘਰ, ਬੇਜ਼ਮੀਨੇ ਲੋਕਾਂ ਨੂੰ ਪਲਾਟ ਅਲਾਟ ਨਹੀਂ ਕੀਤੇ ਜਾ ਰਹੇ। ਉਨ੍ਹਾਂ ਕਿਹਾ ਕਿ ਐੱਸਸੀ ਤੇ ਐੱਸਟੀ ਵਾਂਗ ਮਸੀਹੀ ਭਾਈਚਾਰੇ ਨੂੰ 5 ਫ਼ੀਸਦੀ ਰਾਖਵਾਂਕਰਨ ਦੀ ਮੰਗ ਪਿਛਲੇ ਕਈ ਸਾਲਾਂ ਤੋਂ ਉਠਾਈ ਜਾ ਰਹੀ ਹੈ। 1956 ’ਚ ਤੋੜੀ ਈਸਾਈ ਫ਼ੌਜੀ ਰੈਜੀਮੈਂਟ ਨੂੰ ਬਹਾਲ ਕਰਨ ਦੀ ਕੇਂਦਰ ਸਰਕਾਰ ਤੋਂ ਲਗਾਤਾਰ ਮੰਗ ਕੀਤੀ ਜਾ ਰਹੀ ਹੈ। ਉਨ੍ਹਾਂ ਦੱਸਿਆ ਕਿ ਪਹਿਲਾਂ ਮਾਲਵੇ ਦੇ ਜ਼ਿਲ੍ਹਾ ਮੋਗਾ ਵਿਖੇ 7 ਫਰਵਰੀ, ਸੰਗਰੂਰ ’ਚ 9 ਫਰਵਰੀ, ਮਲੇਰਕੋਟਲਾ ’ਚ 10 ਫਰਵਰੀ, ਮਾਨਸਾ ’ਚ 13 ਫਰਵਰੀ, ਸ੍ਰੀ ਮੁਕਤਸਰ ਸਾਹਿਬ ’ਚ 15 ਫਰਵਰੀ, ਫ਼ਾਜਿਲਕਾ ’ਚ 16 ਫਰਵਰੀ, ਫ਼ਿਰੋਜ਼ਪੁਰ ’ਚ 17 ਫਰਵਰੀ, ਬਰਨਾਲਾ ’ਚ 20 ਫਰਵਰੀ, ਫ਼ਰੀਦਕੋਟ ’ਚ 21 ਫਰਵਰੀ, ਪਟਿਆਲਾ ’ਚ 22 ਫਰਵਰੀ, ਰੋਪੜ ’ਚ 23 ਫਰਵਰੀ, ਲੁਧਿਆਣਾ ’ਚ 27 ਫਰਵਰੀ, ਬਠਿੰਡਾ ’ਚ 28 ਫਰਵਰੀ ਨੂੰ ਮੀਟਿੰਗਾਂ ਤੈਅ ਕੀਤੀਆਂ ਗਈਆਂ ਹਨ। ਦੂਜੇ ਪੜਾਅ ’ਚ ਦੋਆਬੇ ਤੇ ਮਾਝੇ ਦੇ 8 ਜ਼ਿਲ੍ਹਿਆਂ ਵਿਚ ਧਰਨੇ ਲਾ ਕੇ ਮੰਗ ਪੱਤਰ ਦਿੱਤੇ ਜਾਣਗੇ। ਜੇ ਫਿਰ ਵੀ ਸੂਬਾ ਤੇ ਕੇਂਦਰ ਸਰਕਾਰ ਸਾਡੀਆਂ ਮੰਗਾਂ ਨਹੀਂ ਵਿਚਾਰਦੀ ਤਾਂ ਪਹਿਲਾਂ ਮੁੱਖ ਮੰਤਰੀ ਦੀ ਚੰਡੀਗੜ੍ਹ ਸਥਿਤ ਕੋਠੀ ਅਤੇ ਫਿਰ ਦਿੱਲੀ ਵਿਖੇ ਪ੍ਰਧਾਨ ਮੰਤਰੀ ਦੀ ਸਰਕਾਰੀ ਰਿਹਾਇਸ਼ ਦਾ ਘਿਰਾਓ ਕੀਤਾ ਜਾਵੇਗਾ। ਇਸ ਮੌਕੇ ਸਟੀਫਨ ਮਸੀਹ, ਗੁਰਬਾਜ਼ ਮਸੀਹ, ਪਾਸਟਰ ਭਰਪੂਰ, ਪਾਸਟਰ ਸ਼ਿੰਗਾਰਾ ਤੱਟੀ, ਮਾਈਕਲ ਚੁਤਾਲ, ਰਾਜ ਕੁਮਾਰ, ਸੋਮਪੋਲ, ਰਾਬਿਨਸਨ ਪ੍ਰਧਾਨ ਸ੍ਰੀ ਮੁਕਤਸਰ ਸਾਹਿਬ, ਦਰਸ਼ਨ ਮਸੀਹ ਪ੍ਰਧਾਨ ਮਲੇਰਕੋਟਲਾ, ਜਗਦੀਪ ਹੈਰੀ ਪ੍ਰਧਾਨ ਮਾਨਸਾ, ਅਮਿਤ ਸਿੱਧੂ ਪ੍ਰਧਾਨ ਬਠਿੰਡਾ, ਡੇਵਿਡ ਰੰਗਾ ਪ੍ਰਧਾਨ ਲੁਧਿਆਣਾ, ਦਰਸ਼ਨ ਪ੍ਰਧਾਨ ਧੂਰੀ, ਮਦਨ ਪ੍ਰਧਾਨ ਲਹਿਰਾਗਾਗਾ, ਸਲੀਮ ਚੌਧਰੀ, ਸਰਬਜੀਤ ਆਦਿ ਹਾਜ਼ਰ ਸਨ।