ਵਕੀਲ ਮਹਿਰੋਂ, ਮੋਗਾ : ਪੁਲਿਸ ਨੇ ਐਤਵਾਰ ਦੇਰ ਸ਼ਾਮ ਧਰਮਕੋਟ ਦੇ ਪਿੰਡ ਪੰਡੋਰੀ ਅਰਾਈਆਂ ਦੇ ਖੇਤ ਵਿਚੋਂ 2 ਹੈਂਡ ਗ੍ਰਨੇਡ ਐੱਚ 36 ਅਤੇ 36 ਰੌਂਦ ਬਰਾਮਦ ਕੀਤੇ। ਇਨ੍ਹਾਂ ਵਿਚ ਐੱਸਐੱਲਆਰ ਦੇ 33 ਰਾਉਂਡ, 3 ਨਾਟ 3 ਦੇ 3, ਐੱਮਐੱਮਜੀ ਦੇ 1 ਰਾਉਂਡ ਮਿਲੇ।
ਇਸ ਦੌਰਾਨ ਸੂਚਨਾ ਮਿਲਦਿਆਂ ਹੀ ਮੌਕੇ ’ਤੇ ਧਰਮਕੋਟ ਦੇ ਡੀਐੱਸਪੀ, ਐੱਸਐੱਚਓ ਤੇ ਵੱਡੀ ਗਿਣਤੀ ਪੁਲਿਸ ਦੇ ਨਾਲ ਬੰਬ ਸਕੁਐਡ ਵੀ ਪਹੁੰਚ ਗਿਆ। ਪੁਲਿਸ ਨੇ ਬੰਬ ਡਿਸਪੋਜ਼ਲ ਟੀਮ ਨੂੰ ਸੂਚਿਤ ਕੀਤਾ ਤੇ ਦੇਰ ਰਾਤ ਲੁਧਿਆਣਾ ਤੋਂ ਆਈ ਟੀਮ ਨੇ ਖੇਤ ਵਿਚ ਹੀ ਹੈਂਡ ਗ੍ਰਨੇਡ ਦਾ ਨਿਪਟਾਰਾ ਕਰ ਦਿੱਤਾ।
ਇਸ ਮੌਕੇ ਥਾਣਾ ਧਰਮਕੋਟ ਦੇ ਐੱਸਐੱਚਓ ਜਸਵਿੰਦਰ ਸਿੰਘ ਨੇ ਦੱਸਿਆ ਕਿ ਤਕਰੀਬਨ ਇਕ ਵਜੇ ਦੇ ਕਰੀਬ ਧਰਮਕੋਟ ਵਿਚ ਪੈਂਦੇ ਪਿੰਡ ਪੰਡੋਰੀ ਰਾਈਆਂ ਦੇ ਕਿਸਾਨ ਕ੍ਰਿਪਾਲ ਸਿੰਘ ਪਾਲਾ ਦੀ ਜ਼ਮੀਨ ਹੈ ਤੇ ਉਥੇ ਨਵੀਂ ਸੜਕ ਬਣ ਰਹੀ ਹੈ। ਉਨ੍ਹਾਂ ਦੱਸਿਆ ਕਿ ਕਿਰਪਾਲ ਸਿੰਘ ਪਾਲਾ ਉਨ੍ਹਾਂ ਕੋਲ ਆਇਆ ਤੇ ਦੱਸਿਆ ਕਿ ਉਨ੍ਹਾਂ ਜਦੋਂ ਜ਼ਮੀਨ ਨੂੰ ਚਾਰ ਫੁੱਟ ਤਕ ਪੁਟਿਆ ਤਾਂ ਉਸ ਵਿਚੋਂ ਇਕ ਗੱਟਾ ਨਿਕਲਿਆ ਅਤੇ ਉਸ ਗੱਟੇ ਵਿਚ ਲਪੇਟਿਆ ਹੋਇਆ ਇਕ ਕੁੱਜਾ ਸੀ। ਕੁੱਜੇ ਵਿਚੋਂ ਐੱਚ ਛੱਤੀ ਦੋ ਗ੍ਰਨੇਡ ਅਤੇ ਐੱਲਆਰਸੀ ਦੇ 36 ਕਾਰਤੂਸ ਮਿਲੇ ਜਿਨ੍ਹਾਂ ਵਿਚ ਇਕ ਐੱਮਐੱਮਜੀ ਦਾ ਕਾਰਤੂਸ ਸੀ। ਉਨ੍ਹਾਂ ਦੱਸਿਆ ਕਿ ਉਨ੍ਹਾਂ ਨੇ ਇਹ ਮਾਮਲਾ ਐੱਸਐੱਸਪੀ ਅਤੇ ਡੀਐੱਸਪੀ ਦੇ ਧਿਆਨ ਵਿਚ ਲਿਆਂਦਾ। ਉਪਰੰਤ ਲੁਧਿਆਣੇ ਤੋਂ ਬੰਬ ਡਿਸਪੋਜ਼ਲ ਟੀਮ ਬਲਾਈ ਜਿਸ ਨੇ ਹੈਂਡ ਗ੍ਰਨੇਡ ਨੂੰ ਨਸ਼ਟ ਕਰ ਦਿੱਤਾ।