ਹਰਕ੍ਰਿਸ਼ਨ ਸ਼ਰਮਾ, ਮਾਨਸਾ : ਸੰਵਿਧਾਨ ਬਚਾਓ ਮੰਚ ਵੱਲੋਂ ਕੇਂਦਰੀ ਖੇਤੀਬਾੜੀ ਮੰਤਰੀ ਨਰਿੰਦਰ ਤੋਮਰ ਦੇ ਉਸ ਬਿਆਨ ਦੀ ਸਖ਼ਤ ਸ਼ਬਦਾਂ ਵਿਚ ਨਿਖੇਧੀ ਕੀਤੀ ਹੈ, ਜਿਸ ਵਿਚ ਉਨਾਂ੍ਹ ਕਿਹਾ ਹੈ ਕਿ ਪੰਜਾਬ ਦੇ ਕਿਸਾਨ ਆਪਣੀ ਉਗਾਈ ਫ਼ਸਲ ਨੂੰ ਆਪ ਨਹੀਂ ਖਾਂਦੇ ਸਗੋਂ ਜ਼ਿਆਦਾ ਰੇਹਾਂ ਸਪਰੇਹਾਂ ਕਰਕੇ ਫ਼ਸਲ ਮੰਡੀ ਲਈ ਪੈਦਾ ਕਰਦੇ ਹਨ। ਸੰਵਿਧਾਨ ਬਚਾਓ ਮੰਚ ਦੇ ਆਗੂ ਐਡਵੋਕੇਟ ਬਲਕਰਨ ਸਿੰਘ ਬੱਲੀ ਨੇ ਕਿਹਾ ਕਿ ਕੁਦਰਤੀ ਖੇਤੀ ਦੇ ਨਾਮ ਹੇਠ ਕੇਂਦਰ ਦੀ ਮੋਦੀ ਸਰਕਾਰ ਖੇਤੀ ਨੂੰ ਕਾਰਪੋਰੇਟ ਘਰਾਣਿਆਂ ਦੇ ਹੱਥਾਂ ਵਿਚ ਸੌਂਪਣ ਜਾ ਰਹੀ ਹੈ। ਉਨਾਂ੍ਹ ਕਿਹਾ ਕਿ ਕੇਂਦਰੀ ਮੰਤਰੀ ਦਾ ਅੱਜ ਦਾ ਬਿਆਨ ਪੰਜਾਬ ਦੇ ਕਿਸਾਨਾਂ ਨੂੰ ਬੇਇੱਜਤ ਕਰਨ ਵਾਲਾ ਹੈ। ਉਨਾਂ੍ਹ ਕਿਹਾ ਜਦ ਦੇਸ਼ ਬਾਹਰੋਂ ਅਨਾਜ ਮੰਗਵਾਉਣ ਲਈ ਮਜ਼ਬੂਰ ਸੀ ਤਾਂ ਪੰਜਾਬ ਦੇ ਕਿਸਾਨਾਂ ਨੇ ਹੱਡ ਤੋੜ ਮਿਹਨਤ ਕੀਤੀ ਤੇ ਦੇਸ਼ ਨੂੰ ਅਨਾਜ ਪੱਖੋਂ ਆਤਮ ਨਿਰਭਰ ਹੀ ਨਹੀਂ ਬਣਾਇਆ ਸਗੋਂ ਅਨਾਜ ਬਾਹਰਲੇ ਦੇਸ਼ਾਂ ਨੂੰ ਭੇਜਣ ਦੇ ਯੋਗ ਵੀ ਬਣਾਇਆ। ਉਨਾਂ੍ਹ ਕਿਹਾ ਕਿ ਪੰਜਾਬ ਦਾ ਕਿਸਾਨ ਜੋ ਆਪਣੀ ਜ਼ਮੀਨ ਵਿਚ ਬੀਜ਼ਦਾ ਹੈ ਉਸਨੂੰ ਹੀ ਉਹ ਤੇ ਉਸਦਾ ਪਰਿਵਾਰ ਖਾਂਦਾ ਹੈ ਨਾ ਕਿ ਬਾਹਰੋਂ ਮੰਗਵਾਕੇ ਖਾਂਦਾ ਹੈ। ਰਸਾਇਣਕ ਖੇਤੀ ਕਿਸਾਨਾਂ ਨੇ ਆਪਣੀ ਮਰਜ਼ੀ ਨਾਲ ਨਹੀਂ ਕੀਤੀ ਸਗੋਂ ਸਰਕਾਰਾਂ ਨੇ ਦੇਸ਼ ਦੀਆਂ ਲੋੜਾਂ ਲਈ ਕਿਸਾਨਾਂ ਤੋਂ ਕਰਵਾਈ ਹੈ, ਜਿਸ ਨਾਲ ਕਿਸਾਨਾਂ ਨੂੰ ਫ਼ਾਇਦਾ ਹੋਣ ਦੀ ਥਾਂ ਨੁਕਸਾਨ ਹੀ ਹੋਇਆ ਹੈ। ਉਨਾਂ੍ਹ ਕਿਹਾ ਕਿ ਰਸਾਇਣਕ ਖੇਤੀ ਨਾਲ ਰੇਹ, ਸਪਰੇਅ, ਬੀਜ਼ਾਂ, ਤੇਲ ਅਤੇ ਮਸ਼ੀਨਰੀ ਬਣਾਉਣ ਵਾਲੀਆਂ ਕੰਪਨੀਆਂ ਮਾਲਾ ਮਾਲ ਹੋ ਗਈਆਂ ਹਨ ਪਰ ਪੰਜਾਬ ਦੇ ਕਿਸਾਨਾਂ ਦੇ ਪੱਲੇ, ਬਿਮਾਰੀਆਂ, ਕਰਜ਼ਾ, ਖੁਦਕਅੀਆਂ ਹੀ ਪਈਆਂ ਹਨ ਅਤੇ ਉਨਾਂ੍ਹ ਦੀ ਧਰਤੀ ਦੀ ਉਪਜਾਊ ਸ਼ਕਤੀ ਖਤਮ ਹੋਈ ਹੈ। ਉਨਾਂ੍ਹ ਖੇਤੀਬਾੜੀ ਮੰਤਰੀ ਦੇ ਬਿਆਨ ਦੀ ਨਿਖੇਧੀ ਕਰਦਿਆਂ ਕਿਹਾ ਕਿ ਕੇਂਦਰੀ ਮੰਤਰੀ ਦਾ ਖਾਸ ਤੌਰ ਤੇ ਪੰਜਾਬ ਦੇ ਕਿਸਾਨਾਂ ਖਿਲਾਫ਼ ਇਹ ਬਿਆਨ ਪੰਜਾਬ ਦੇ ਕਿਸਾਨਾਂ ਨੂੰ ਬੇਇੱਜ਼ਤ ਤੇ ਬਦਨਾਮ ਕਰਨ ਲਈ ਆਇਆ ਹੈ। ਉਨਾਂ੍ਹ ਮੰਗ ਕੀਤੀ ਕਿ ਕੇਂਦਰੀ ਮੰਤਰੀ ਨੂੰ ਆਪਣੇ ਇਸ ਬਿਆਨ ਨੂੰ ਵਾਪਸ ਲੈਣਾ ਚਾਹੀਦਾ ਹੈ ਅਤੇ ਦੇਸ਼ ਸਮੇਤ ਪੰਜਾਬ ਦੇ ਕਿਸਾਨਾਂ ਤੋਂ ਮਾਫੀ ਮੰਗਣੀ ਚਾਹੀਂਦੀ ਹੈ।