ਹਰਕ੍ਰਿਸ਼ਨ ਸ਼ਰਮਾ, ਮਾਨਸਾ : ਪੰਜਾਬ ਵਿਧਾਨ ਸਭਾ ਦੇ ਚੱਲ ਰਹੇ ਬਜਟ ਸੈਸ਼ਨ ਦੌਰਾਨ ਸਰਦੂਲਗੜ੍ਹ ਹਲਕੇ ਤੋਂ ਵਿਧਾਇਕ ਗੁਰਪ੍ਰੀਤ ਬਣਾਂਵਾਲੀ ਨੇ ਇਲਾਕੇ 'ਚ ਵਹਿ ਰਹੇ ਘੱਗਰ 'ਚ ਗੰਦੇ ਪਾਣੀ ਦੀ ਸਮੱਸਿਆ ਦਾ ਮੁੱਦਾ ਉਠਾਇਆ ਸੀ। ਮੁੱਖ ਮੰਤਰੀ ਭਗਵੰਤ ਮਾਨ ਨੇ ਜਵਾਬ ਦਿੰਦਿਆਂ ਹੀ ਮੌਕੇ 'ਤੇ ਗੋਲ-ਮੋਲ ਜਵਾਬ ਦੇ ਦਿੱਤਾ ਜਿਸ ਨਾਲ ਮਾਨਸਾ ਜ਼ਿਲ੍ਹੇ ਦੇ ਲੋਕਾਂ ਦੀਆਂ ਉਮੀਦਾਂ 'ਤੇ ਪਾਣੀ ਫੇਰ ਦਿੱਤਾ ਗਿਆ।
ਜ਼ਿਕਰਯੋਗ ਹੈ ਕਿ ਘੱਗਰ ਦਰਿਆ ਜੋ ਕਿ ਹਿਮਾਚਲ ਦੀਆਂ ਪਹਾੜੀਆਂ ਤੋਂ ਆਉਂਦਾ ਹੋਇਆ ਪੰਜਾਬ 'ਚ ਦਾਖ਼ਲ ਹੁੰਦਾ ਹੈ ਤੇ ਅੱਗੇ ਹਰਿਆਣਾ 'ਚ ਚਲਾ ਜਾਂਦਾ ਹੈ। ਇਸ ਵਿਚ ਕਈ ਥਾਵਾਂ 'ਤੇ ਫੈਕਟਰੀਆਂ ਦਾ ਕੈਮੀਕਲ ਯੁਕਤ ਤੇ ਸੀਵਰੇਜ ਦਾ ਗੰਦਾ ਪਾਣੀ ਸੁੱਟਿਆ ਜਾਂਦਾ ਹੈ, ਜੋ ਕਿ ਕਿਸੇ ਤੋਂ ਵੀ ਲੁਕਿਆ ਨਹੀਂ ਹੈ ਪ੍ਰੰਤੂ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਦਿੱਤੇ ਗਏ ਜਵਾਬ ਕਾਰਨ ਇਲਾਕੇ ਦੇ ਲੋਕਾਂ ਵਿਚ ਭਾਰੀ ਰੋਸ ਪਾਇਆ ਜਾ ਰਿਹਾ ਹੈ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਗੁਲਾਬ ਚੰਦ, ਜੁਗਰਾਜ ਸਿੰਘ ਤੇ ਨਿੱਕਾ ਸਿੰਘ ਭੂੰਦੜ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਆਮ ਆਦਮੀ ਪਾਰਟੀ ਤੋਂ ਘੱਗਰ ਦਰਿਆ ਨੂੰ ਸਾਫ਼-ਸੁਥਰਾ ਬਣਾਉਣ ਦੀ ਉਮੀਦ ਸੀ ਪ੍ਰੰਤੂ ਉਹ ਵੀ ਖ਼ਤਮ ਹੋ ਗਈ। ਲੋਕਾਂ ਨੇ ਰੋਸ ਜ਼ਾਹਰ ਕੀਤਾ ਕਿ ਉਹ ਸਰਕਾਰ ਵੱਲੋਂ ਹੋਰਨਾਂ ਪਾਰਟੀਆਂ ਦੀ ਤਰ੍ਹਾਂ ਇੰਡਸਟਰੀਆਂ ਵੱਲ ਝੁਕਾਅ ਹੋਇਆ ਹੈ ਜਦਕਿ ਘੱਗਰ ਦਰਿਆ 'ਚ ਵਗਦੇ ਪਾਣੀ ਕਾਰਨ ਕੰਢੇ 'ਤੇ ਪਿੰਡਾਂ ਦੇ ਲੋਕਾਂ ਨੂੰ ਅਨੇਕਾਂ ਬਿਮਾਰੀਆਂ ਨੇ ਘੇਰ ਰੱਖਿਆ ਹੈ।
ਹਰ ਸਾਲ ਲੋਕ ਕੈਂਸਰ, ਕਾਲਾ ਪੀਲੀਆ ਅਤੇ ਹੋਰ ਅਨੇਕਾਂ ਬਿਮਾਰੀਆਂ ਦੇ ਸ਼ਿਕਾਰ ਹੋ ਰਹੇ ਹਨ। ਪਿਛਲੀਆਂ ਸਰਕਾਰਾਂ ਦੌਰਾਨ ਵੀ ਲੋਕਾਂ ਵੱਲੋਂ ਉਕਤ ਮੁੱਦੇ ਨੂੰ ਉਠਾਇਆ ਗਿਆ ਹੈ ਪਰ ਅਜੇ ਤਕ ਲੋਕਾਂ ਨੂੰ ਕੋਈ ਰਾਹਤ ਮਿਲਦੀ ਦਿਖਾਈ ਨਹੀਂ ਦੇ ਰਹੀ। ਮੁੱਖ ਮੰਤਰੀ ਵੱਲੋਂ ਇਸ ਮਾਮਲੇ ਵਿਚ ਦਿੱਤੇ ਜਵਾਬ ਰਾਹੀਂ ਗੰਦਾ ਪਾਣੀ ਛੱਡਣ ਦਾ ਪੂਰਾ ਜ਼ਿੰਮਾ ਆਮ ਲੋਕਾਂ 'ਤੇ ਹੀ ਮੜ੍ਹਿਆ ਗਿਆ ਹੈ। ਵਿਧਾਇਕ ਵੱਲੋਂ ਉਕਤ ਮੁੱਦਾ ਉਠਾਉਣ ਤੋਂ ਬਾਅਦ ਮੁੱਖ ਮੰਤਰੀ ਵੱਲੋਂ ਗੰਦੇ ਪਾਣੀ ਨੂੰ ਚੈੱਕ ਕਰਵਾਉਣ ਦੀ ਗੱਲ ਵੀ ਆਖੀ ਗਈ ਅਤੇ ਕਮੇਟੀ ਬਣਾਉਣ ਦੇ ਨਿਰਦੇਸ਼ ਵੀ ਦਿੱਤੇ ਗਏ ਜੋ ਕਮੇਟੀ ਘੱਗਰ 'ਚ ਗੰਦੇ ਪਾਣੀ ਦੇ ਪੈਣ ਦਾ ਨਿਰੀਖਣ ਕਰੇਗੀ ਕਿ ਕਿਸ ਜਗ੍ਹਾ ਕਿਸ ਇੰਡਸਟਰੀ ਜਾਂ ਆਮ ਲੋਕਾਂ ਵੱਲੋਂ ਗੰਦਾ ਪਾਣੀ ਪਾਇਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਰਾਜ ਸਰਕਾਰ ਵੱਲੋਂ ਘੱਗਰ ਦਰਿਆ ਨੂੰ ਸਾਫ਼-ਸੁਥਰਾ ਬਣਾਉਣ ਲਈ ਵਿਆਪਕ ਕਾਰਜ ਯੋਜਨਾ ਅਤੇ ਜ਼ਿਲ੍ਹਾ ਮਾਨਸਾ ਦਾ ਵਾਤਾਵਰਨ ਪਲਾਨ ਵੀ ਤਿਆਰ ਕੀਤਾ ਹੋਇਆ ਹੈ।
ਇਸ ਮੌਕੇ ਡਾ. ਬਿਕਰਜੀਤ ਸਿੰਘ ਸਾਧੂਵਾਲਾ ਨੇ ਕਿਹਾ ਕਿ ਘੱਗਰ ਦਰਿਆ ਵਿਚ ਗੰਦੇ ਪਾਣੀ ਤੋਂ ਆਮ ਲੋਕਾਂ ਨੂੰ ਛੁਟਕਾਰਾ ਦਿਵਾਇਆ ਜਾਵੇ। ਇਸ ਦੇ ਕਾਰਨ ਆਮ ਲੋਕਾਂ ਨੂੰ ਕਾਫ਼ੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ ਹੈ।