ਹਰਕ੍ਰਿਸ਼ਨ ਸ਼ਰਮਾ, ਮਾਨਸਾ : ਕੋਰੋਨਾ ਮਹਾਮਾਰੀ ਦੀ ਤੀਜੀ ਲਹਿਰ ਅਤੇ ਓਮੀਕ੍ਰੋਨ ਦੇ ਕਹਿਰ ਤੋਂ ਜ਼ਿਲ੍ਹਾ ਵਾਸੀਆਂ ਨੂੰ ਸਰੁੱਖਿਅਤ ਰੱਖਣ ਅਤੇ ਹੋਰ ਵਧੇਰੇ ਚੰਗੀਆਂ ਸਿਹਤ ਸੇਵਾਵਾਂ ਮਹੁੱਈਆ ਕਰਵਾਉਣ ਲਈ ਵਿਸ਼ੇਸ਼ ਕੰਟਰੋਲ ਰੂਮ ਸਥਾਪਤ ਕੀਤਾ ਗਿਆ ਹੈ। ਇਹ ਜਾਣਕਾਰੀ ਡਿਪਟੀ ਕਮਿਸ਼ਨਰ ਮਹਿੰਦਰਪਾਲ ਨੇ ਦਿੱਤੀ। ਜ਼ਿਲ੍ਹਾ ਵਾਸੀ 24 ਘੰਟੇ ਟੀਕਾਕਰਣ ਅਤੇ ਹੋਰ ਸਿਹਤ ਸੇਵਾਵਾਂ ਸਬੰਧੀ ਰਾਬਤਾ ਕਰ ਸਕਦੇ ਹਨ। ਉਨਾਂ੍ਹ ਲੋਕਾਂ ਨੂੰ ਅਪੀਲ ਕੀਤੀ ਕਿ ਸਿਹਤ ਵਿਭਾਗ ਤੇ ਜ਼ਿਲ੍ਹਾ ਪ੍ਰਸ਼ਾਸਨ ਨੂੰ ਕਰੋਨਾ ਦੀ ਜੰਗ ਅੰਦਰ ਪਹਿਲਾਂ ਦੀ ਤਰਾਂ੍ਹ ਸਹਿਯੋਗ ਦੇਣ ਤਾਂ ਜੋ ਮਹਾਮਾਰੀ ਨੂੰ ਫ਼ੈਲਣ ਤੋਂ ਰੋਕਿਆ ਜਾ ਸਕੇ।
ਇਸ ਤੋ ਪਹਿਲਾਂ ਸਿਵਲ ਸਰਜਨ ਡਾ. ਹਰਜਿੰਦਰ ਸਿੰਘ ਨੇ ਦੱਸਿਆ ਕਿ 15 ਤੋਂ 18 ਸਾਲ ਦੇ ਬੱਚਿਆਂ ਲਈ ਵੀ ਵੈਕਸੀਨ ਸ਼ੁਰੂ ਕਰ ਦਿੱਤੀ ਗਈ ਹੈ। ਲੋਕਾਂ ਨੂੰ ਆਪਣੇ ਬੱਚਿਆਂ ਦੀ ਬੇਿਝਜਕ ਹੋ ਕੇ ਵੈਕਸ਼ੀਨੇਸ਼ਨ ਕਰਵਾਉਣੀ ਚਾਹੀਦੀ ਹੈ। ਕੋਈ ਵੀ ਯੋਗ ਵਿਅਕਤੀ ਜਿਸ ਦੇ ਪਹਿਲੀ ਤੇ ਦੂਜੀ ਡੋਜ਼ ਨਾ ਲੱਗੀ ਹੋਵੇ ਉਹ ਆਪਣੀ ਜ਼ਿੰਮੇਵਾਰੀ ਤੇ ਸਮਾਜ ਦੀ ਜ਼ਿੰਮੇਵਾਰੀ ਨੂੰ ਸਮਝਦਾ ਹੋਇਆ ਜਲਦ ਤੋਂ ਜਲਦ ਸਮੇਂ ਸਿਰ ਟੀਕਾਕਰਨ ਕਰਵਾ ਕੇ ਸਿਹਤ ਵਿਭਾਗ ਤੇ ਪੰਜਾਬ ਸਰਕਾਰ ਦਾ ਸਹਿਯੋਗ ਦੇਵੇ।
ਜ਼ਿਲ੍ਹਾ ਟੀਕਾਕਰਨ ਅਫ਼ਸਰ ਡਾ. ਰਣਜੀਤ ਸਿੰਘ ਰਾਏ ਨੇ ਵੀ ਲੋਕਾਂ ਨੂੰ ਇਹ ਅਪੀਲ ਕੀਤੀ ਕਿ ਵੈਕਸੀਨ ਦੇ ਨਾਲ ਨਾਲ ਕੋਰੋਨਾ ਦੀਆਂ ਸਾਵਧਾਨੀਆਂ ਨੂੰ ਮੁੱਖ ਰੱਖਦੇ ਹੋਏ ਮੂੰਹ 'ਤੇ ਮਾਸਕ ਪਾਉਣਾ, ਹੱਥਾਂ ਨੂੰ ਵਾਰ-ਵਾਰ ਸਾਬਣ ਨਾਲ ਧੋਣਾ ਜਾਂ ਸੈਨੀਟਾਈਜ਼ਰ ਦੀ ਵਰਤੋਂ ਕਰਨੀ, ਸਮਾਜਿਕ ਦੂਰੀ ਬਣਾਈ ਰੱਖਣਾ, ਭੀੜ-ਭੜੱਕੇ ਵਾਲੀ ਥਾਵਾਂ ਤੇ ਜਾਣ ਤੋਂ ਗੁਰੇਜ਼ ਕਰਨਾ, ਜਿਸ ਵਿਅਕਤੀ ਨੂੰ ਖਾਂਸੀ, ਜ਼ੁਕਾਮ ਜਾ ਬੁਖਾਰ ਹੋਵੇ ਉਸ ਦਾ ਆਪਣੇ ਨੇੜੇ ਦੇ ਸਿਹਤ ਕੇਂਦਰ 'ਚ ਜਾ ਕੇ ਕੋਰੋਨਾ ਦਾ ਸੈਂਪਲ ਦੇ ਕੇ ਟੈਸਟ ਕਰਵਾਉਣਾ ਯਕੀਨੀ ਬਣਾਇਆ ਜਾਵੇ।