ਜੇਐੱਨਐੱਨ, ਲੁਧਿਆਣਾ : ਬੱਦਲਵਾਈ ਕਾਰਨ ਲੁਧਿਆਣਾ ਵਿਚ ਦੋ ਦਿਨਾਂ ਤੋਂ ਦਿਨ ਦਾ ਤਾਪਮਾਨ ਆਮ ਨਾਲੋਂ 3 ਡਿਗਰੀ ਸੈਲਸੀਅਸ ਘੱਟ ਦਰਜ ਕੀਤਾ ਜਾ ਰਿਹਾ ਹੈ। ਸ਼ੁੱਕਰਵਾਰ ਨੂੰ ਜਦੋਂ ਸੂਰਜ ਨਿਕਲਿਆ ਤਾਂ ਲੋਕਾਂ ਨੂੰ ਕੁਝ ਰਾਹਤ ਮਿਲੀ। ਵੀਰਵਾਰ ਦੇ ਮੁਕਾਬਲੇ ਦਿਨ ਦਾ ਤਾਪਮਾਨ 7 ਡਿਗਰੀ ਸੈਲਸੀਅਸ ਵੱਧ ਗਿਆ ਹੈ। ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਦੇ ਮੌਸਮ ਵਿਭਾਗ ਦੇ ਵਿਗਿਆਨੀ ਵੀ ਵੱਧ ਤੋਂ ਵੱਧ ਤਾਪਮਾਨ 27 ਡਿਗਰੀ ਸੈਲਸੀਅਸ ਦਰਜ ਕੀਤੇ ਜਾਣ ਤੋਂ ਹੈਰਾਨ ਹਨ। 50 ਸਾਲਾਂ ਵਿਚ ਇਹ ਚੌਥੀ ਵਾਰ ਹੋਇਆ ਹੈ।
ਮੌਸਮ ਵਿਭਾਗ ਦੀ ਮੁਖੀ ਡਾ: ਪ੍ਰਭਜੋਤ ਕੌਰ ਦਾ ਕਹਿਣਾ ਹੈ ਕਿ ਇਕ ਦਿਨ ਵਿਚ ਤਾਪਮਾਨ ਵਿਚ ਸੱਤ ਡਿਗਰੀ ਦਾ ਵਾਧਾ ਜਲਵਾਯੂ ਤਬਦੀਲੀ ਦਾ ਪ੍ਰਭਾਵ ਹੈ। ਇਹ ਕੋਈ ਆਮ ਗੱਲ ਨਹੀਂ ਹੈ। ਇਸ ਤੋਂ ਪਹਿਲਾਂ ਦੋ ਦਿਨਾਂ ਤੋਂ ਬੱਦਲਵਾਈ ਰਹਿਣ ਕਾਰਨ ਕੁਝ ਜ਼ਿਲ੍ਹਿਆਂ ਵਿਚ ਹਲਕੀ ਬਾਰਿਸ਼ ਹੋਈ ਸੀ। ਇਸ ਨਾਲ ਧੂੰਆਂ ਕਾਫੀ ਘੱਟ ਗਿਆ ਤੇ ਮਾਹੌਲ ਸਾਫ ਹੋ ਗਿਆ। ਇਸ ਕਾਰਨ ਸੂਰਜ ਦੀ ਰੌਸ਼ਨੀ ਸਿੱਧੀ ਧਰਤੀ ਤਕ ਪਹੁੰਚ ਗਈ। ਪਹਿਲਾਂ ਧੂੰਏਂ ਕਾਰਨ ਸੂਰਜ ਸਿੱਧਾ ਧਰਤੀ 'ਤੇ ਨਹੀਂ ਪਹੁੰਚ ਰਿਹਾ ਸੀ। ਤਾਪਮਾਨ ਵਿਚ ਅਜਿਹੀ ਅਚਾਨਕ ਤਬਦੀਲੀ ਫਸਲਾਂ ਤੇ ਮਨੁੱਖਾਂ ਨੂੰ ਵੀ ਪ੍ਰਭਾਵਿਤ ਕਰਦੀ ਹੈ। ਲੋਕਾਂ ਨੂੰ ਸਿਹਤ ਸੰਬੰਧੀ ਸਮੱਸਿਆਵਾਂ ਹੋ ਸਕਦੀਆਂ ਹਨ।
ਅੱਜ ਤੇ ਕੱਲ੍ਹ ਮੀਂਹ ਪੈਣ ਦੀ ਸੰਭਾਵਨਾ
ਡਾ: ਪ੍ਰਭਜੋਤ ਅਨੁਸਾਰ ਸ਼ਨਿਚਰਵਾਰ ਤੇ ਐਤਵਾਰ ਨੂੰ ਵੀ ਸੂਬੇ ਦੇ ਕਈ ਜ਼ਿਲ੍ਹਿਆਂ ਵਿਚ ਮੀਂਹ ਪੈਣ ਦੀ ਸੰਭਾਵਨਾ ਹੈ। ਲੁਧਿਆਣੇ ਵਿਚ ਮੀਂਹ ਦੀ ਹੀ ਸੰਭਾਵਨਾ ਹੈ। ਜੇਕਰ ਮੀਂਹ ਪੈਂਦਾ ਹੈ ਤਾਂ ਇਹ ਸ਼ਹਿਰ ਲਈ ਬਹੁਤ ਲਾਹੇਵੰਦ ਹੋਵੇਗਾ।