ਕੁਲਵਿੰਦਰ ਸਿੰਘ ਰਾਏ, ਖੰਨਾ
ਰੇਲਵੇ ਦੇ ਨਿਰਮਾਣ ਵਿਭਾਗ ਵੱਲੋਂ ਪਿੰਡ ਹਰਬੰਸਪੁਰਾ ਵਿਖੇ ਬਣਾਇਆ ਜਾਣ ਵਾਲਾ ਅੰਡਰ ਪਾਸ ਲੋਕਾਂ ਲਈ ਸਹੂਲਤ ਦੀ ਥਾਂ ਮੁਸੀਬਤ ਬਣ ਗਿਆ ਹੈ। ਕਰੀਬ ਇਕ ਸਾਲ ਤੋਂ ਕੰਮ ਹੌਲੀ ਰਫ਼ਤਾਰ ਨਾਲ ਚੱਲਣ ਕਰਕੇ ਲੋਕਾਂ ਨੂੰ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਪਿੰਡ ਦੇ ਲੋਕਾਂ ਨੇ ਦੂਜੇ ਪਾਸੇ ਸਥਿਤ ਆਪਣੇ ਖੇਤਾਂ ਤੇ ਘਰਾਂ ਨੂੰ ਜਾਣ ਲਈ ਕਈ ਕਿਲੋਮੀਟਰ ਘੁੰਮ ਕੇ ਜਾਣਾ ਪੈਂਦਾ ਹੈ। ਕੰਮ ਠੱਪ ਪਿਆ ਹੋਣ ਕਰ ਕੇ ਪਿੰਡ ਦੇ ਲੋਕਾਂ ਵੱਲੋਂ ਰੋਸ ਮੁਜ਼ਾਹਰਾ ਕੀਤਾ ਗਿਆ। ਗੁਰਿੰਦਰ ਸਿੰਘ ਕੰਬੀ ਸੰਧੂ ਤੇ ਪਿਸ਼ੋਰ ਸਿੰਘ ਸੰਧੂ ਨੇ ਕਿਹਾ ਕਿ ਪਿੰਡ ਹਰਬੰਸਪੁਰਾ ਵਿਖੇ ਫਾਟਕਾਂ ਕਾਰਨ ਲੋਕਾਂ ਨੂੰ ਕਈ ਵਾਰ ਕਈ ਕਈ ਘੰਟੇ ਗੱਡੀ ਲੰਘਣ ਦਾ ਇੰਤਜਾਰ ਕਰਨਾ ਪੈਂਦਾ ਸੀ। ਲੋਕਾਂ ਦੀ ਸਹੂਲਤ ਲਈ ਰੇਲਵੇ ਵਿਭਾਗ ਨੇ ਫਾਟਕ ਦੀ ਥਾਂ 'ਤੇ ਅੰਡਰ ਪਾਸ ਬਣਾਉਣਾ ਸ਼ੁਰੂ ਕੀਤਾ ਸੀ ਤਾਂ ਜੋ ਪਿੰਡ ਵਾਸੀਆਂ ਤੇ ਆਲੇ ਦੁਆਲੇ ਦੇ ਪਿੰਡਾਂ ਨੂੰ ਘੰਟਿਆਂ ਬੱਧੀ ਫਾਟਕਾਂ 'ਤੇ ਨਾ ਖੜ੍ਹਨਾ ਪਵੇ। ਪੁਲ਼ ਦੇ ਨਿਰਮਾਣ ਦਾ ਕੰਮ ਮਾਰਚ ਮਹੀਨੇ ਸ਼ੁਰੂ ਕੀਤਾ ਸੀ ਪਰ ਅਚਾਨਕ ਕਰੀਬ 15 ਦਿਨ ਪਹਿਲਾਂ ਪੁੱਲ਼ ਦਾ ਕੰਮ ਰੋਕ ਦਿੱਤਾ ਗਿਆ ਹੈ। ਕਰੀਬ ਸਾਲ ਤੋਂ ਅੰਡਰ ਪਾਸ ਬਣਾਉਣਾ ਸ਼ੁਰੂ ਕੀਤਾ ਹੋਇਆ ਹੈ ਪਰ ਕਦੇ ਕੰਮ ਸ਼ੁਰੂ ਕਰ ਦਿੱਤਾ ਜਾਂਦਾ ਹੈ ਤੇ ਥੋੜਾ ਜਿਹਾ ਕੰਮ ਕਰਕੇ ਫਿਰ ਠੱਪ ਕਰ ਦਿੱਤਾ ਜਾਂਦਾ ਹੈ। ਜਿਸ ਕਾਰਨ ਪਿੰਡ ਤੇ ਹੋਰ ਇਲਾਕੇ ਦੇ ਲੋਕਾਂ ਨੂੰ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।
ਉਨਾਂ੍ਹ ਦੱਸਿਆ ਕਿ ਪਿੰਡ ਦੇ ਜ਼ਿਆਦਾਤਾਰ ਕਿਸਾਨਾਂ ਦੇ ਖੇਤ ਵੀ ਰੇਲਵੇ ਲਾਈਨ ਦੇ ਦੂਜੇ ਪਾਸੇ ਹਨ ਤੇ ਕੁਝ ਲੋਕਾਂ ਨੇ ਖੇਤਾਂ 'ਚ ਘਰ ਵੀ ਪਾਏ ਹੋਏ ਹਨ। ਜਿਸ ਕਰਕੇ ਰੋਜ਼ਾਨਾ ਕਿਸਾਨਾਂ ਨੂੰ ਪਸ਼ੂਆਂ ਲਈ ਚਾਰਾ ਤੇ ਖੇਤਾਂ 'ਚ ਹੋਰ ਕੰਮ ਕਰਨ ਲਈ ਪੰਜ ਤੋਂ ਸੱਤ ਕਿਲੋਮੀਟਰ ਦਾ ਵਾਧੂ ਰਸਤਾ ਤੈਅ ਕਰਨਾ ਪੈਂਦਾ ਹੈ। ਕੁਝ ਹੋਰ ਪਿੰਡਾਂ ਬਗਲੀ ਤੇ ਰੂਪਾ ਆਦਿ ਦੇ ਲੋਕਾਂ ਨੂੰ ਵੀ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਲੋਕਾਂ ਨੇ ਚਿਤਾਵਨੀ ਦਿੱਤੀ ਕਿ ਜੇਕਰ ਇਸ ਪੁਲ ਦਾ ਕੰਮ ਸ਼ੁਰੂ ਨਾ ਹੋਇਆ ਤਾਂ ਪ੍ਰਸ਼ਾਸਨ ਤੇ ਰੇਲਵੇ ਵਿਭਾਗ ਦੇ ਅਧਿਕਾਰੀਆਂ ਦੇ ਦਫ਼ਤਰਾਂ ਅੱਗੇ ਧਰਨਾ ਦਿੱਤਾ ਜਾਵੇਗਾ ਤੇ ਰੇਲ ਗੱਡੀਆਂ ਵੀ ਰੋਕੀਆਂ ਜਾਣਗੀਆਂ। ਇਹ ਕਦਮ ਬਹੁਤ ਦੁਖੀ ਕੇ ਕੇ ਪੱਟ ਰਹੇ ਹਾਂ।
ਇਸ ਦੌਰਾਨ ਸਰਪੰਚ ਸੁਰਮੁੱਖ ਸਿੰਘ, ਬਲਜਿੰਦਰ ਸਿੰਘ ਬੱਲੀ, ਗੁਰਦੇਵ ਸਿੰਘ ਦੇਬੀ, ਤਰਲੋਚਨ ਸਿੰਘ ਤੋਚੀ, ਬਲਵੰਤ ਸਿੰਘ, ਪਾਲ ਸਿੰਘ, ਪ੍ਰਰੀਤੀ ਸਿੰਘ, ਸੋਨੀ, ਬਲਵਿੰਦਰ ਸਿੰਘ, ਪੰਚ ਜੋਗਾ ਸਿੰਘ, ਪੰਚ ਜਗਤਾਰ ਸਿੰਘ, ਗੁਰਪ੍ਰਰੀਤ ਸਿੰਘ ਗੋਪੀ, ਨਾਜਰ ਸਿੰਘ, ਰਣਜੀਤ ਸਿੰਘ ਪੱਪੀ, ਪ੍ਰਗਟ ਸਿੰਘ, ਕੇਸਰ ਸਿੰਘ, ਜਸਵੀਰ ਸਿੰਘ ਜੱਸੀ, ਸਰਬਜੀਤ ਸਿੰਘ, ਹਰਦੀਪ ਸਿੰਘ ਖ਼ਾਲਸਾ ਆਦਿ ਹਾਜ਼ਰ ਸਨ।
ਐਡੀਸ਼ਨਲ ਡਵੀਜਨਲ ਰੇਲਵੇ ਮੈਨੇਜਰ ਕਰਨ ਸਿੰਘ ਨੇ ਕਿਹਾ ਕਿ ਉਹ ਇਸ ਸਬੰਧੀ ਜਲਦੀ ਹੀ ਪਤਾ ਕਰਵਾਉਣਗੇ ਕਿ ਕੰਮ ਧੀਮੀ ਗਤੀ ਨਾਲ ਚੱਲ ਰਿਹਾ ਹੈ ਜਾਂ ਕੋਈ ਹੋਰ ਸਮੱਸਿਆ ਹੈ। ਰੇਲਵੇ ਦੇ ਨਿਰਮਾਣ ਵਿਭਾਗ ਦੇ ਅਧਿਕਾਰੀਆਂ ਨੂੰ ਵੀ ਕੰਮ ਜਲਦੀ ਸ਼ੁਰੂ ਕਰਨ ਲਈ ਕਿਹਾ ਜਾਵੇਗਾ ਤਾਂ ਜੋ ਲੋਕਾਂ ਨੂੰ ਸਮੱਸਿਆਵਾਂ ਦਾ ਸਾਹਮਣਾ ਨਾ ਕਰਨਾ ਪਵੇ।