ਪਲਵਿੰਦਰ ਸਿੰਘ ਢੁੱਡੀਕੇ, ਲੁਧਿਆਣਾ : ਲੁਧਿਆਣਾ ਵਿੱਚ ਅੱਜ ਸਵੇਰ ਤੋਂ ਪੈ ਰਹੇ ਮੀਂਹ ਦਰਮਿਆਨ ਦੋ ਰੋਜ਼ਾ ਸੂਬਾ ਪੱਧਰੀ ਕਿਸਾਨ ਅਤੇ ਪਸ਼ੂ ਪਾਲਣ ਮੇਲਾ ਸ਼ੁਰੂ ਹੋ ਗਿਆ ਹੈ। ਪਹਿਲੇ ਦਿਨ ਸਵੇਰੇ 11 ਵਜੇ ਤੱਕ ਮੀਂਹ ਕਾਰਨ ਦੋਵੇਂ ਮੇਲਿਆਂ ਵਿੱਚ ਬਹੁਤ ਘੱਟ ਕਿਸਾਨ ਪੁੱਜੇ। ਅਜੇ ਵੀ ਰੁਕ-ਰੁਕ ਕੇ ਮੀਂਹ ਪੈ ਰਿਹਾ ਸੀ। ਯੂਨੀਵਰਸਿਟੀ ਦੇ ਕਿਸਾਨ ਮੇਲਾ ਗਰਾਊਂਡ ਵਿੱਚ ਵੀ ਪਾਣੀ ਜਮ੍ਹਾਂ ਹੋ ਗਿਆ ਹੈ। ਯੂਨੀਵਰਸਿਟੀ ਦੇ ਸਟਾਲ ਖਾਲੀ ਪਏ ਹਨ। ਦੂਜੇ ਪਾਸੇ ਖੇਤੀ ਮੰਤਰੀ ਵੀ ਮੇਲੇ ਦੇ ਉਦਘਾਟਨ ਲਈ ਨਹੀਂ ਆ ਰਹੇ ਹਨ ਦੱਸਿਆ ਜਾ ਰਿਹਾ ਹੈ ਕਿ ਉਨ੍ਹਾਂ ਨੂੰ ਦਿੱਲੀ ਜਾਣਾ ਪੈ ਗਿਆ ਸੀ।
ਹੁਣ ਉਨ੍ਹਾਂ ਦੀ ਥਾਂ 'ਤੇ ਕੈਨੇਡਾ ਤੋਂ ਕਣਕ ਦੇ ਮਾਹਿਰ ਡਾਕਟਰ ਵਿਕਰਮ ਗਿੱਲ ਆ ਰਹੇ ਹਨ। ਮੇਲੇ ਦਾ ਉਦਘਾਟਨ ਦੁਪਹਿਰ 12 ਵਜੇ ਹੋਵੇਗਾ। ਹਾਲਾਂਕਿ ਯੂਨੀਵਰਸਿਟੀ ਅਧਿਕਾਰੀਆਂ ਦਾ ਕਹਿਣਾ ਹੈ ਕਿ ਮੇਲੇ ਵਿੱਚ ਕਿਸਾਨਾਂ ਦੀ ਗਿਣਤੀ ਦੁਪਹਿਰ ਤੱਕ ਵਧ ਜਾਵੇਗੀ। ਜ਼ਿਕਰਯੋਗ ਹੈ ਕਿ ਮੌਸਮ ਵਿਭਾਗ ਨੇ ਤਿੰਨ ਦਿਨ ਪਹਿਲਾਂ 24 ਮਾਰਚ ਨੂੰ ਮੀਂਹ ਪੈਣ ਦੀ ਭਵਿੱਖਬਾਣੀ ਕੀਤੀ ਸੀ।
ਜ਼ਿਕਰਯੋਗ ਹੈ ਕਿ ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਲੁਧਿਆਣਾ ਵਿਚ ‘ਆਓ ਖੇਤੀ ਖ਼ਰਚ ਘਟਾਈਏ, ਵਾਧੂ ਪਾਣੀ ਖਾਦ ਨਾ ਪਾਈਏ’ ਵਿਸ਼ੇ ’ਤੇ 24 ਅਤੇ 25 ਮਾਰਚ ਨੂੰ ਸਾਉਣੀ ਦੀਆਂ ਫ਼ਸਲਾਂ ਲਈ ਦੋ ਰੋਜ਼ਾ ਕਿਸਾਨ ਮੇਲਾ ਲਗਾਇਆ ਜਾ ਰਿਹਾ ਹੈ। ਅਪਰ ਨਿਰਦੇਸ਼ਕ ਸੰਚਾਰ ਡਾ. ਤਜਿੰਦਰ ਸਿੰਘ ਰਿਆੜ ਨੇ ਦੱਸਿਆ ਕਿ ਖਰਾਬ ਮੌਸਮ ਦੀ ਅਗਾਊਂ ਸੂਚਨਾ ਹੋਣ ਕਰ ਕੇ ਤਰਪਾਲਾਂ ਦਾ ਇੰਤਜ਼ਾਮ ਕੀਤਾ ਜਾ ਰਿਹਾ ਹੈ। ਮੇਲੇ ਦੀਆਂ ਤਰੀਕਾਂ 6 ਮਹੀਨੇ ਪਹਿਲਾਂ ਹੀ ਤਹਿ ਹੋ ਜਾਂਦੀਆਂ ਹਨ ਜਿਸ ਵਿਚ ਤਬਦੀਲੀ ਨਹੀਂ ਕੀਤੀ ਜਾ ਸਕਦੀ। ਇਹ ਮੇਲਾ ਪਾਣੀ ਤੇ ਖਾਦਾਂ ਦੀ ਸੁਚੱਜੀ ਵਰਤੋਂ ਕਰ ਕੇ ਖੇਤੀ ਖ਼ਰਚਿਆਂ ਨੂੰ ਘਟਾਉਣ ਦੀ ਲੋੜ ’ਤੇ ਜ਼ੋਰ ਦੇਵੇਗਾ, ਨਾਲ ਹੀ ਕੁਦਰਤੀ ਸਰੋਤਾਂ ਦੀ ਸੰਭਾਲ, ਪਰਾਲੀ ਪ੍ਰਬੰਧ, ਸਹਾਇਕ ਕਿੱਤਿਆਂ ਉੱਤੇ ਜ਼ੋਰ ਤੇ ਸੰਯੁਕਤ ਖੇਤੀ ਪ੍ਰਣਾਲੀ ਰਾਹੀਂ ਖੇਤੀਬਾੜੀ ਸਥਿਰਤਾ ਵੱਲ ਕਿਸਾਨੀ ਸਮਾਜ ਨੂੰ ਤੋਰਨਾ ਇਨ੍ਹਾਂ ਮੇਲਿਆਂ ਦਾ ਮੁੱਖ ਮੰਤਵ ਰਹੇਗਾ। ਇਸ ਮੌਕੇ ਜਿੱਥੇ ਕਿਸਾਨਾਂ ਨੂੰ ਮਿਆਰੀ ਬੀਜ ਅਤੇ ਪੌਦਿਆਂ ਤੋਂ ਬਿਨਾਂ ਜੀਵਾਣੂੰ ਖਾਦ ਤੇ ਖੇਤੀ ਸਾਹਿਤ ਵਿਕਰੀ ਲਈ ਉਪਲਬਧ ਕਰਵਾਏ ਜਾਣਗੇ ਉੱਥੇ ਪ੍ਰਦਰਸ਼ਨੀਆਂ, ਕਿਸਾਨਾਂ-ਵਿਗਿਆਨੀਆਂ ਦੇ ਸਲਾਹ ਮਸ਼ਵਰੇ, ਫਸਲਾਂ ਦੀਆਂ ਪੈਦਾਵਾਰਾਂ ਤੇ ਗ੍ਰਹਿ ਵਿਗਿਆਨ ਮੁਕਾਬਲਿਆਂ ਦਾ ਪ੍ਰਬੰਧ ਕੀਤਾ ਜਾਵੇਗਾ। ਇਸ ਮੌਕੇ 300 ਕਰੀਬ ਸਟਾਲ ਲਗਾਏ ਜਾ ਰਹੇ ਹਨ। ਕੈਰੋ ਕਿਸਾਨ ਘਰ ਵਿਚ ਕਿਸਾਨਾਂ ਦੇ ਰਹਿਣ ਦਾ ਇੰਤਜ਼ਾਮ ਕੀਤਾ ਗਿਆ ਹੈ। ਇਸ ਮੌਕੇ ਜਿੱਥੇ ਕਿਸਾਨਾਂ ਲਈ ਘੱਟ ਕੀਮਤ ਤੇ ਕਣਕ, ਬਾਸਮਤੀ ਤੇ ਮੂੰਗੀ ਦੇ ਬੀਜ ਉਪਲਬਧ ਹੋਣਗੇ ਉੱਥੇ ਲੋਕਾਂ ਨੂੰ ਸਬਜ਼ੀਆਂ ਦੀ ਕਿੱਟ ਤੇ ਫੁੱਲਾਂ ਦੇ ਬੂਟੇ ਮਿਲ ਸਕਣਗੇ।