ਸੁਸ਼ੀਲ ਕੁਮਾਰ ਸ਼ਸ਼ੀ ,ਲੁਧਿਆਣਾ : ਹਵਸ ਵਿੱਚ ਅੰਨ੍ਹੇ ਹੋਏ ਮਕਾਨ ਮਾਲਕ ਨੇ ਕਿਰਾਏ 'ਤੇ ਰਹਿਣ ਵਾਲੀ ਔਰਤ ਦੀ 6 ਵਰ੍ਹਿਆਂ ਦੀ ਮਾਸੂਮ ਬੱਚੀ ਨਾਲ ਜਬਰ ਜਨਾਹ ਕਰ ਦਿੱਤਾ। ਇਸ ਮਾਮਲੇ ਵਿਚ ਥਾਣਾ ਸਦਰ ਦੀ ਪੁਲਿਸ ਨੇ ਲੜਕੀ ਦੀ ਮਾਂ ਦੇ ਬਿਆਨ 'ਤੇ ਆਨੰਦ ਵਿਹਾਰ ਪਿੰਡ ਫੁੱਲਾਂਵਾਲ ਦੇ ਰਹਿਣ ਵਾਲੇ ਗੋਬਿੰਦ ਖ਼ਿਲਾਫ਼ ਮੁਕੱਦਮਾ ਦਰਜ ਕਰਕੇ ਉਸਨੂੰ ਗ੍ਰਿਫ਼ਤਾਰ ਕਰ ਲਿਆ ਹੈ। ਜਾਣਕਾਰੀ ਮੁਤਾਬਕ ਪਿਛਲੇ ਕੁਝ ਸਮੇਂ ਤੋਂ ਮੁਲਜ਼ਮ ਗੋਬਿੰਦ ਦੇ ਮਕਾਨ 'ਚ ਔਰਤ ਆਪਣੀ ਛੇ ਵਰ੍ਹਿਆਂ ਦੀ ਮਾਸੂਮ ਧੀ ਨਾਲ ਕਿਰਾਏ 'ਤੇ ਰਹਿ ਰਹੀ ਸੀ। ਬੱਚੀ ਦੀ ਮਾਂ ਨੇ ਥਾਣਾ ਸਦਰ ਦੀ ਪੁਲਿਸ ਨੂੰ ਸ਼ਿਕਾਇਤ ਦਿੰਦਿਆਂ ਦੱਸਿਆ ਕੇ ਸ਼ਾਮ ਸਾਢੇ 5 ਵਜੇ ਦੇ ਕਰੀਬ ਉਸ ਦੀ ਬੇਟੀ ਕਮਰੇ ਦੇ ਬਾਹਰ ਖੇਡਦੀ ਹੋਈ ਅਚਾਨਕ ਗਾਇਬ ਹੋ ਗਈ। ਬੱਚੀ ਨੂੰ ਲੱਭਦੀ ਹੋਈ ਮਾਂ ਜਦ ਮਕਾਨ ਮਾਲਕ ਗੋਬਿੰਦ ਦੇ ਕਮਰੇ ਦੇ ਲਾਗੇ ਪਹੁੰਚੀ ਤਾਂ ਉਸ ਨੇ ਲੜਕੀ ਦੀ ਰੋਣ ਦੀ ਆਵਾਜ਼ ਸੁਣੀ। ਔਰਤ ਜਿਸ ਤਰ੍ਹਾਂ ਹੀ ਕਮਰੇ ਅੰਦਰ ਦਾਖਲ ਹੋਈ ਤਾਂ ਉਸ ਦੇ ਪੈਰਾਂ ਥੱਲੋਂ ਜ਼ਮੀਨ ਖਿਸਕ ਗਈ। ਮੁਲਜ਼ਮ ਬੱਚੀ ਨਾਲ ਜਬਰ ਜਨਾਹ ਕਰ ਰਿਹਾ ਸੀ। ਔਰਤ ਨੂੰ ਆਪਣੇ ਵੱਲ ਆਉਂਦਿਆਂ ਦੇਖ ਮੁਲਜ਼ਮ ਗੋਬਿੰਦ ਮੌਕੇ ਤੋਂ ਫ਼ਰਾਰ ਹੋ ਗਿਆ। ਗੁਆਂਢੀਆਂ ਦੀ ਮਦਦ ਨਾਲ ਔਰਤ ਨੇ ਇਸ ਮਾਮਲੇ ਸਬੰਧੀ ਥਾਣਾ ਸਦਰ ਦੀ ਪੁਲਿਸ ਨੂੰ ਜਾਣਕਾਰੀ ਦਿੱਤੀ। ਮੌਕੇ 'ਤੇ ਪਹੁੰਚੇ ਏਐੱਸਆਈ ਮੇਜਰ ਸਿੰਘ ਨੇ ਔਰਤ ਦੇ ਬਿਆਨ ਉੱਪਰ ਮੁਲਜ਼ਮ ਗੋਬਿੰਦ ਖਿਲਾਫ ਮੁਕੱਦਮਾ ਦਰਜ ਕੀਤਾ। ਮੇਜਰ ਸਿੰਘ ਨੇ ਦੱਸਿਆ ਕਿ ਨਾਕਾਬੰਦੀ ਦੌਰਾਨ ਮੁਲਜ਼ਮ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ।