ਜ.ਸ. ਲੁਧਿਆਣਾ: Punjab Weather Today: ਪੰਜਾਬ 'ਚ ਮੌਨਸੂਨ ਦੀ ਐਂਟਰੀ ਤੋਂ ਬਾਅਦ ਹੁਣ ਬਾਰਿਸ਼ ਜਾਰੀ ਹੈ। ਐਤਵਾਰ ਨੂੰ ਸੂਬੇ ਦੇ ਕਈ ਜ਼ਿਲ੍ਹਿਆਂ ਵਿੱਚ ਮੀਂਹ ਨੇ ਆਮ ਜਨਜੀਵਨ ਪ੍ਰਭਾਵਿਤ ਕਰ ਦਿੱਤਾ। ਜਲੰਧਰ ਤੇ ਹੁਸ਼ਿਆਰਪੁਰ 'ਚ ਭਾਰੀ ਮੀਂਹ ਕਾਰਨ ਕਈ ਥਾਵਾਂ 'ਤੇ ਪਾਣੀ ਭਰ ਗਿਆ। ਹਾਲਾਂਕਿ ਮੁਕਤਸਰ ਸਾਹਿਬ 'ਚ ਧੁੱਪ ਹੈ। ਆਉਣ ਵਾਲੇ ਦਿਨਾਂ 'ਚ ਮੌਸਮ ਅਜਿਹਾ ਹੀ ਰਹਿਣ ਦੀ ਸੰਭਾਵਨਾ ਹੈ। ਇਸ ਤੋਂ ਪਹਿਲਾਂ 30 ਜੂਨ ਨੂੰ ਪਠਾਨਕੇਟ ਅਤੇ ਹੁਸ਼ਿਆਰਪੁਰ ਵਿੱਚ ਸਭ ਤੋਂ ਵੱਧ ਮੀਂਹ ਪਿਆ ਸੀ।
ਇਸ ਤੋਂ ਪਹਿਲਾਂ ਸ਼ਨਿਚਰਵਾਰ ਨੂੰ ਮੌਸਮ ਦਾ ਮਿਜ਼ਾਜ ਫਿਰ ਗਰਮ ਹੋ ਗਿਆ ਸੀ। ਸਵੇਰ ਵੇਲੇ ਬੱਦਲ ਛਾਏ ਰਹੇ ਅਤੇ ਮੌਸਮ ਸੁਹਾਵਣਾ ਸੀ ਪਰ ਦੁਪਹਿਰ ਬਾਅਦ ਧੁੱਪ ਕਾਰਨ ਮੁੜ ਨਮੀ ਮਹਿਸੂਸ ਹੋਈ। ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਸਥਿਤ ਮੌਸਮ ਵਿਭਾਗ ਦੇ ਮਾਹਿਰਾਂ ਅਨੁਸਾਰ 5 ਜੁਲਾਈ ਤਕ ਕਈ ਥਾਵਾਂ 'ਤੇ ਮੌਨਸੂਨ ਦੀ ਬਰਸਾਤ ਹੋਵੇਗੀ। ਇਸ ਦੌਰਾਨ ਬੱਦਲ ਛਾਏ ਰਹਿਣਗੇ ਅਤੇ ਕੁਝ ਇਲਾਕਿਆਂ 'ਚ ਭਾਰੀ ਬਾਰਿਸ਼ ਹੋ ਸਕਦੀ ਹੈ।
6 ਜੁਲਾਈ ਤੋਂ ਬਾਅਦ ਭਾਰੀ ਬਾਰਿਸ਼ ਹੋਵੇਗੀ
ਮੌਸਮ ਵਿਭਾਗ ਦੇ ਮੁਖੀ ਡਾ.ਪੀ.ਕੇ.ਕਿੰਗਰਾ ਨੇ ਦੱਸਿਆ ਕਿ 6 ਜੁਲਾਈ ਨੂੰ ਮੌਨਸੂਨ ਮੁੜ ਸਰਗਰਮ ਹੋ ਜਾਵੇਗਾ। ਇਸ ਤੋਂ ਬਾਅਦ ਅਗਲੇ ਕੁਝ ਦਿਨਾਂ ਤਕ ਭਾਰੀ ਮੀਂਹ ਪੈਣ ਦੀ ਸੰਭਾਵਨਾ ਹੈ। ਸ਼ਨਿਚਰਵਾਰ ਨੂੰ ਬਠਿੰਡਾ ਦਾ ਤਾਪਮਾਨ ਸੂਬੇ ਵਿੱਚ ਸਭ ਤੋਂ ਵੱਧ ਰਿਹਾ। ਇੱਥੇ ਤਾਪਮਾਨ 37 ਡਿਗਰੀ ਸੈਲਸੀਅਸ ਸੀ। ਜਦੋਂ ਕਿ ਵੱਧ ਤੋਂ ਵੱਧ ਤਾਪਮਾਨ ਲੁਧਿਆਣਾ ਵਿੱਚ 33.8, ਅੰਮ੍ਰਿਤਸਰ ਵਿੱਚ 34, ਪਟਿਆਲਾ ਵਿੱਚ 35 ਅਤੇ ਜਲੰਧਰ ਵਿੱਚ 35.7 ਰਿਹਾ।