ਭੁਪਿੰਦਰ ਸਿੰਘ ਭਾਟੀਆ, ਕਿਲ੍ਹਾ ਰਾਏਪੁਰ : ਅੱਠ ਦਹਾਕਿਆਂ ਤੋਂ ਵੱਧ ਸਮੇਂ ਤੋਂ ਪੇਂਡੂ ਖੇਡ ਮੇਲਿਆਂ ਵਿਚ ਸਿਖ਼ਰ ’ਤੇ ਰਹਿਣ ਵਾਲਾ ਕਿਲ੍ਹਾ ਰਾਏਪੁਰ ਖੇਡ ਮੇਲਾ ਕਦੇ ਵੀ ਸਿਆਸਤ ਤੋਂ ਅਛੂਤਾ ਨਹੀਂ ਰਿਹਾ। ਪੰਜਾਬ ਦੀ ਸੱਤਾ ਜਿਸ ਦੀ ਹੁੰਦੀ ਹੈ, ਉਸ ਨੂੰ ਪੂਰਾ ਸਨਮਾਨ ਮਿਲਦਾ ਹੈ। ਕਾਂਗਰਸ ਸਰਕਾਰ ’ਚ ਸਾਬਕਾ ਮੁੱਖ ਮੰਤਰੀ ਪ੍ਰਤਾਪ ਸਿੰਘ ਕੈਰੋਂ ਤੋਂ ਲੈ ਕੇ ਕੈਪਟਨ ਅਮਰਿੰਦਰ ਸਿੰਘ ਤਾਂ ਅਕਾਲੀਆਂ ਦੀ ਸਰਕਾਰ ਦੇ ਸਮੇਂ ਪ੍ਰਕਾਸ਼ ਸਿੰਘ ਬਾਦਲ ਤੋਂ ਸੁਖਬੀਰ ਸਿੰਘ ਬਾਦਲ ਕਿਲ੍ਹਾ ਰਾਏਪੁਰ ਖੇਡ ਮੇਲੇ ਵਿਚ ਖ਼ੁਦ ਨੂੰ ਆਉਣ ਤੋਂ ਨਹੀਂ ਰੋਕ ਪਾਉਂਦੇ ਸਨ।
ਇਸ ਦਾ ਮੁੱਖ ਕਾਰਨ ਕਿਲ੍ਹਾ ਰਾਏਪੁਰ ਦੇ ਜੱਟ ਭਾਈਚਾਰੇ ਦੇ ਵੋਟ ਬੈਂਕ ਨੂੰ ਆਪਣੇ ਵੱਲ ਖਿੱਚਣ ਦੀ ਕੋਸ਼ਿਸ਼ ਰਿਹਾ। ਹੁਣ ਪਹਿਲੀ ਵਾਰ ਪੰਜਾਬ ਵਿਚ ਆਮ ਆਦਮੀ ਪਾਰਟੀ ਦੀ ਸਰਕਾਰ ਬਣੀ ਤਾਂ ਪ੍ਰਬੰਧਕਾਂ ਨੇ ਕਾਂਗਰਸੀਆਂ ਅਤੇ ਅਕਾਲੀਆਂ ਤੋਂ ਮੂੰਹ ਮੋੜ ਕੇ ‘ਆਪ’ ਨੂੰ ਤਰਜੀਹ ਦੇਣੀ ਸ਼ੁਰੂ ਕੀਤੀ ਹੈ। ਤਿੰਨ ਦਿਨਾ ਖੇਡ ਮੇਲੇ ਵਿਚ ਤਿੰਨੋਂ ਦਿਨ ‘ਆਪ’ ਦੇ ਮੰਤਰੀ ਅਤੇ ਵਿਧਾਇਕ ਹੀ ਮਹਿਮਾਨ ਦੇ ਰੂਪ ਵਿਚ ਪੁੱਜੇ। ਹਾਲਾਂਕਿ ਇਥੋਂ ਦਾ ਜੱਟ ਭਾਈਚਾਰਾ ਹਮੇਸ਼ਾ ਕਾਂਗਰਸ ਦਾ ਮੁਰੀਦ ਰਿਹਾ ਹੈ। 83ਵੇਂ ਖੇਡ ਮੇਲੇ ਵਿਚ ਇਸ ਵਾਰ ਮੁੱਖ ਮੰਤਰੀ ਭਗਵੰਤ ਮਾਨ ਨੂੰ ਮਹਿਮਾਨ ਦੇ ਰੂਪ ਵਿਚ ਲਿਆਉਣ ਦੀ ਕੋਸ਼ਿਸ਼ ਕੀਤੀ ਗਈ ਸੀ ਪਰ ਕਾਮਯਾਬ ਨਾ ਹੋ ਸਕੇ।
ਜ਼ਿਕਰਯੋਗ ਹੈ ਕਿ ਇਕ ਸਮੇਂ ਭਗਵੰਤ ਮਾਨ ਖੁਦ ਪੰਜਾਬੀ ਕਲਾਕਾਰਾਂ ਹਰਭਜਨ ਮਾਨ ਆਦਿ ਦੇ ਨਾਲ ਖੇਡ ਮੇਲੇ ਵਿਚ ਅਖਾੜਾ ਲਗਾਉਂਦੇ ਰਹੇ ਹਨ ਜਿਸ ਦੀ ਮਿਸਾਲ ਗਰੇਵਾਲ ਸਟੇਡੀਅਮ ਵਿਚ ਲੱਗੀਆਂ ਪੁਰਾਣੀਆਂ ਤਸਵੀਰਾਂ ਹਨ ਜਿਨ੍ਹਾਂ ਵਿਚ ਭਗਵੰਤ ਮਾਨ ਦੇ ਨਾਲ ਹਰਭਜਨ ਮਾਨ ਮੇਲੇ ਦਾ ਆਨੰਦ ਲੈਂਦੇ ਦੇਖੇ ਗਏ। ਸਮਾਗਮ ਕਰਵਾਉਣ ਵਾਲੇ ਇਕ ਵਿਅਕਤੀ ਦਾ ਕਹਿਣਾ ਸੀ ਕਿ ਉਨ੍ਹਾਂ ਨੇ ਭਗਵੰਤ ਮਾਨ ਨੂੰ ਇਕ ਕਲਾਕਾਰ ਦੇ ਰੂਪ ਵਿਚ ਇਸ ਸਟੇਡੀਅਮ ਵਿਚ ਦੇਖਿਆ ਹੈ ਅਤੇ ਜੇ ਉਹ ਮੁੱਖ ਮੰਤਰੀ ਦੇ ਰੂਪ ਵਿਚ ਆਉਂਦੇ ਤਾਂ ਵੱਧ ਖ਼ੁਸ਼ੀ ਹੁੰਦੀ। ਹਾਲਾਂਕਿ ਉਨ੍ਹਾਂ ਦਾ ਕਹਿਣਾ ਸੀ ਕਿ ਇਸ ਵਾਰ ਨਹੀਂ ਤਾਂ ਅਗਲੀ ਵਾਰ ਭਗਵੰਤ ਮਾਨ ਜ਼ਰੂਰ ਆਉਣਗੇ।
ਸਰਕਾਰ ਤੋਂ ਗਰਾਂਟ ਲੈਣ ਦਾ ਜੁਗਾੜ
ਕਿਲ੍ਹਾ ਰਾਏਪੁਰ ਖੇਡ ਮੇਲੇ ਦੇ ਪ੍ਰਬੰਧਕ ਕੋਈ ਵੀ ਰਹੇ ਹੋਣ, ਉਨ੍ਹਾਂ ਦਾ ਮਕਸਦ ਮੁੱਖ ਮੰਤਰੀ ਤੇ ਹੋਰ ਮੰਤਰੀਆਂ ਨੂੰ ਸੱਦਾ ਦੇ ਕੇ ਗਰਾਂਟ ਹਾਸਲ ਕਰਨਾ ਰਿਹਾ ਹੈ। ਖੇਡਾਂ ਨਾਲ ਜੁੜੇ ਲੋਕਾਂ ਦਾ ਕਹਿਣਾ ਹੈ ਕਿ ਇਨ੍ਹਾਂ ਖੇਡਾਂ ਨੇ ਭਾਰਤ ਹੀ ਨਹੀਂ, ਵਿਦੇਸ਼ ਵਿਚ ਵੀ ਆਪਣੀ ਵੱਖਰੀ ਪਛਾਣ ਬਣਾਈ ਹੈ। ਸਰਕਾਰ ਨੂੰ ਬੁਲਾਉਣ ਦਾ ਮਕਸਦ ਹੀ ਖੇਡਾਂ ਦਾ ਬੁਨਿਆਦੀ ਢਾਂਚਾ ਸਥਾਪਤ ਕਰਨਾ ਹੁੰਦਾ ਹੈ। ਜਦੋਂ ਮੁੱਖ ਮੰਤਰੀ ਆਉਂਦੇ ਹਨ ਤਾਂ ਐਲਾਨ ਵੀ ਕਰਕੇ ਜਾਂਦੇ ਹਨ, ਇਸ ਨਾਲ ਖੇਡਾਂ ਦਾ ਹੀ ਫਾਇਦਾ ਹੈ।