ਸਟਾਫ਼ ਰਿਪੋਰਟਰ, ਖੰਨਾ : ਸਾਬਕਾ ਸੈਨਿਕ ਵੈੱਲਫੇਅਰ ਐਸੋਸੀਏਸ਼ਨ ਖੰਨਾ ਵੱਲੋਂ ਵੱਖ ਵੱਖ ਸਿਆਸੀ ਪਾਰਟੀਆਂ ਵੱਲੋਂ ਸਾਬਕਾ ਸੈਨਿਕਾਂ ਦੀ ਸਾਰ ਨਾ ਲੈਣ 'ਤੇ ਤਿੱਖਾ ਰੋਸ ਜਾਹਿਰ ਕੀਤਾ ਗਿਆ ਹੈ।
ਕੈਪਟਨ ਨੰਦ ਲਾਲ ਮਾਜਰੀ ਜਨਰਲ ਸਕੱਤਰ ਸਾਬਕਾ ਸੈਨਿਕ ਵੈੱਲਫੇਅਰ ਐਸੋਸੀਏਸ਼ਨ ਖੰਨਾ ਨੇ ਕਿਹਾ ਸਾਬਕਾ ਸੈਨਿਕਾਂ ਨੇ ਹੁਣ ਤਕ ਜਿਸ ਪਾਰਟੀ ਨੂੰ ਵੀ ਹਮਾਇਤ ਦਿੱਤੀ, ਉਸੇ ਪਾਰਟੀ ਨੇ ਅਣਦੇਖਿਆਂ ਕੀਤਾ। 2017 'ਚ ਕਾਂਗਰਸ ਪਾਰਟੀ ਤੇ ਕੈਪਟਨ ਅਮਰਿੰਦਰ ਸਿੰਘ ਨੇ 11 ਸਾਬਕਾ ਸੈਨਿਕਾਂ ਨਾਲ ਮੀਟਿੰਗ ਕਰਕੇ 11 ਵਾਅਦੇ ਕੀਤੇ ਪਰ ਕੋਈ ਪੂਰਾ ਨਹੀਂ ਕੀਤਾ। ਇਸ ਪਾਰਟੀ ਤੋਂ ਵੀ ਨਿਰਾਸ਼ਾ ਹੀ ਮਿਲੀ। ਹੁਣ ਕੈਪਟਨ ਉਸ ਪਾਰਟੀ ਦੀ ਬੁੱਕਲ 'ਚ ਜਾ ਬਿਰਾਜੇ, ਜਿਸ ਨੇ ਅਜੇ ਤਕ ਵਨ ਰੈਂਕ ਵਨ ਪੈਨਸ਼ਨ ਨਹੀਂ ਦਿੱਤਾ ਤੇ ਸੁਪਰੀਮ ਕੋਰਟ 'ਚ ਲਟਕਾ ਕੇ ਰੱਖਿਆ ਹੋਇਆ ਹੈ। ਅਕਾਲੀ ਦਲ ਨੇ ਕੇਂਦਰ 'ਚ ਭਾਜਪਾ ਨਾਲ ਰਹਿੰਦੇ ਹੋਏ ਵੀ ਸਾਡੇ ਵਨ ਰੈਂਕ ਵਨ ਪੈਨਸ਼ਨ ਦੀ ਵੀ ਹਮਾਇਤ ਨਹੀਂ ਕੀਤੀ ਤੇ ਸੰਯੁਕਤ ਕਿਸਾਨ ਮੋਰਚਾ ਵੀ 700 ਕਿਸਾਨਾਂ ਦੀ ਸ਼ਹੀਦੀ ਨੂੰ ਵੀ ਭੁੱਲ ਗਿਆ।
ਨੰਦ ਲਾਲ ਨੇ ਕਿਹਾ ਕਿਸਾਨੀ ਅੰਦੋਲਨ ਦੌਰਾਨ ਸਾਬਕਾ ਸੈਨਿਕਾਂ ਨੇ ਤਿੰਨ ਕਾਲੇ ਕਾਨੂੰਨ ਵਾਪਸ ਕਰਵਾਉਣ ਲਈ ਪੂਰਾ ਸਾਥ ਦਿੱਤਾ ਪਰ ਸਾਨੂੰ ਦੁੱਖ ਲੱਗਿਆ ਜਦੋਂ ਵੋਟਾਂ ਆਈਆਂ ਤਾਂ ਖੰਨਾ ਹਲਕੇ 'ਚੋਂ ਸਾਨੂੰ ਅਣਦੇਖਿਆਂ ਕਰ ਦਿੱਤਾ ਗਿਆ। ਖੰਨਾ ਹਲਕੇ ਦੇ ਉਮੀਦਵਾਰ ਲਈ ਸੰਯੁਕਤ ਸਮਾਜ ਮੋਰਚੇ ਦੇ ਆਗੂਆਂ ਨੇ ਸਾਨੂੰ ਨਹੀਂ ਪੁੱਿਛਆ ਜਦਕਿ ਸਾਬਕਾ ਸੈਨਿਕਾਂ ਨਾਲ ਵਿਚਾਰਾਂ ਕਰਕੇ ਉਮੀਦਵਾਰ ਖੜ੍ਹਾ ਕਰਨਾ ਚਾਹੀਦਾ ਸੀ। ਉਨ੍ਹਾਂ ਸਾਬਕਾ ਸੈਨਿਕਾਂ ਨੂੰ ਅਪੀਲ ਕੀਤੀ ਕਿ ਆਪਣੀ ਵੋਟ ਉਸ ਉਮੀਦਵਾਰ ਦੇ ਹੱਕ 'ਚ ਦੇਣ, ਜੋ ਇਮਾਨਦਾਰ ਹੋਵੇ ਤੇ ਸਾਬਕਾ ਸੈਨਿਕਾਂ ਦੇ ਹੱਕਾਂ ਦੀ ਰਾਖੀ ਕਰ ਸਕੇ। ਉਨ੍ਹਾਂ ਕਿਹਾ ਸਾਬਕਾ ਸੈਨਿਕ ਵੀ ਸਾਂਝਾ ਸੈਨਿਕ ਮੋਰਚਾ ਬਣਾਉਣ ਲਈ ਵਿਚਾਰ ਕਰੇਗਾ ਤਾਂ ਇਕ ਸਿਆਸੀ ਜਥੇਬੰਦੀ ਬਣਾ ਜਾ ਸਕੇ ਤੇ ਦੇਸ਼ 'ਚ ਵੋਟਾਂ ਦੇ ਸਮੇਂ ਇਕ ਪਾਰਟੀ ਦੀ ਰੂਪ 'ਚ ਉਭਰ ਸਕੀਏ। ਇਸ ਮੌਕੇ ਸੂਬੇਦਾਰ ਮੇਜਰ ਕਰਨੈਲ ਸਿੰਘ ਕੋਟਲਾ ਢੱਕ ਤੇ ਸੂਬੇਦਾਰ ਰੱਬੀ ਸਿੰਘ ਅਲੋੜ ਹਾਜ਼ਰ ਸਨ।