ਜਾ.ਸ. ਲੁਧਿਆਣਾ: ਕੰਪਿਊਟਰ ਡਿਜ਼ਾਈਨਰ ਦਾ ਕੋਰਸ ਕਰਵਾਉਣ ਵਾਲਾ ਕੋਚ ਵਿਆਹ ਦਾ ਬਹਾਨਾ ਲਾ ਕੇ ਕੋਚਿੰਗ ਲਈ ਆਈ ਲੜਕੀ ਨਾਲ ਬਲਾਤਕਾਰ ਕਰਦਾ ਰਿਹਾ । ਪਰ ਜਦੋਂ ਉਸ 'ਤੇ ਵਿਆਹ ਲਈ ਦਬਾਅ ਪਾਇਆ ਗਿਆ ਤਾਂ ਉਹ ਸ਼ਹਿਰ ਛੱਡ ਕੇ ਭੱਜ ਗਿਆ। ਹੁਣ ਥਾਣਾ ਟਿੱਬਾ ਦੀ ਪੁਲਿਸ ਨੇ ਉਸ ਦੇ ਖਿਲਾਫ ਜਬਰ-ਜ਼ਨਾਹ ਕਰਨ ਦੇ ਦੋਸ਼ 'ਚ ਮਾਮਲਾ ਦਰਜ ਕਰਕੇ ਉਸ ਦੀ ਭਾਲ ਸ਼ੁਰੂ ਕਰ ਦਿੱਤੀ ਹੈ।
ਏਐਸਆਈ ਬਲਦੇਵ ਰਾਜ ਨੇ ਦੱਸਿਆ ਕਿ ਮੁਲਜ਼ਮ ਦੀ ਪਛਾਣ ਸ਼ਿਆਮ ਸੁੰਦਰ ਸ਼ਰਮਾ ਪੁੱਤਰ ਸੰਦੀਪ ਸ਼ਰਮਾ ਵਾਸੀ ਫਰੀਦਾਬਾਦ ਵਜੋਂ ਹੋਈ ਹੈ। ਪੁਲਿਸ ਨੇ ਤਾਜਪੁਰ ਰੋਡ ’ਤੇ ਕੇਂਦਰੀ ਜੇਲ੍ਹ ਨੇੜੇ ਰਹਿਣ ਵਾਲੀ 32 ਸਾਲਾ ਲੜਕੀ ਦੀ ਸ਼ਿਕਾਇਤ ’ਤੇ ਉਸ ਖ਼ਿਲਾਫ਼ ਕੇਸ ਦਰਜ ਕੀਤਾ ਹੈ। ਪੁਲਿਸ ਕਮਿਸ਼ਨਰ ਨੂੰ ਜਨਵਰੀ 2022 ਵਿੱਚ ਦਿੱਤੀ ਸ਼ਿਕਾਇਤ ਵਿੱਚ ਉਸ ਨੇ ਦੱਸਿਆ ਕਿ ਮੁਲਜ਼ਮ ਤਾਜਪੁਰ ਰੋਡ ਸਥਿਤ ਵਿਜੇ ਨਗਰ ਇਲਾਕੇ ਵਿੱਚ ਨੈਨੋ ਸਾਫਟਵੇਅਰ ਦੇ ਨਾਂ ’ਤੇ ਕੰਪਿਊਟਰ ਡਿਜ਼ਾਈਨਰ ਕੋਰਸ ਕਰਵਾਉਂਦਾ ਸੀ। ਉਹ ਉਸ ਕੋਲ ਕੋਰਸ ਕਰਨ ਲਈ ਜਾਂਦੀ ਸੀ। ਇਸ ਦੌਰਾਨ ਦੋਵਾਂ ਦੀ ਦੋਸਤੀ ਹੋ ਗਈ।
ਕਈ ਵਾਰ ਸਰੀਰਕ ਸੰਬੰਧ ਵੀ ਬਣਾਏ
ਮੁਲਜ਼ਮ ਨੇ ਵਿਆਹ ਕਰਵਾਉਣ ਦੇ ਬਹਾਨੇ ਉਸ ਨਾਲ ਕਈ ਵਾਰ ਸਰੀਰਕ ਸਬੰਧ ਬਣਾਏ। ਪਰ ਜਦੋਂ ਪੀੜਤ ਨੇ ਵਿਆਹ ਕਰਵਾਉਣ ਲਈ ਜ਼ੋਰ ਪਾਇਆ ਤਾਂ ਉਹ ਸ਼ਹਿਰ ਛੱਡ ਕੇ ਭੱਜ ਗਿਆ। ਅਧਿਕਾਰੀਆਂ ਨੇ ਮਾਮਲੇ ਦੀ ਜਾਂਚ ਕਰਨ ਤੋਂ ਬਾਅਦ ਮੁਲਜ਼ਮ ਖ਼ਿਲਾਫ਼ ਕੇਸ ਦਰਜ ਕਰਨ ਦੀ ਸਿਫ਼ਾਰਸ਼ ਕੀਤੀ। ਡੀ.ਏ.ਲੀਗਲ ਦੀ ਰਾਏ ਲੈਣ ਤੋਂ ਬਾਅਦ ਪੁਲਿਸ ਨੇ ਮਾਮਲਾ ਦਰਜ ਕਰਕੇ ਉਸਦੀ ਭਾਲ ਸ਼ੁਰੂ ਕਰ ਦਿੱਤੀ ਹੈ। ਪੁਲਿਸ ਦਾ ਕਹਿਣਾ ਹੈ ਕਿ ਮੁਲਜ਼ਮ ਨੂੰ ਜਲਦੀ ਗ੍ਰਿਫ਼ਤਾਰ ਕਰ ਲਿਆ ਜਾਵੇਗਾ। ਜ਼ਿਕਰਯੋਗ ਹੈ ਕਿ ਸ਼ਹਿਰ 'ਚ ਚੋਰੀ ਅਤੇ ਲੁੱਟ-ਖੋਹ ਦੀਆਂ ਵਾਰਦਾਤਾਂ ਦੇ ਨਾਲ-ਨਾਲ ਔਰਤਾਂ ਨਾਲ ਜ਼ੁਰਮ ਦੀਆਂ ਘਟਨਾਵਾਂ 'ਚ ਲਗਾਤਾਰ ਵਾਧਾ ਹੋ ਰਿਹਾ ਹੈ।