ਕਰਮਜੀਤ ਸਿੰਘ ਆਜ਼ਾਦ, ਸ਼੍ਰੀ ਮਾਛੀਵਾੜਾ ਸਾਹਿਬ : ਬੇਟ ਇਲਾਕੇ ਦੇ ਪਿੰਡ ਮਾਣੇਵਾਲ ਵਿਖੇ ਅੱਜ ਦੇਰ ਸ਼ਾਮ ਵਿਆਹੁਤਾ ਬਲਜੀਤ ਕੌਰ (38) ਵਲੋਂ ਘਰ ਵਿਚ ਹੀ ਪੱਖੇ ਨਾਲ ਫਾਹਾ ਲੈ ਕੇ ਆਤਮ-ਹੱਤਿਆ ਕਰ ਲਈ। ਇਕੱਤਰ ਕੀਤੀ ਜਾਣਕਾਰੀ ਮੁਤਾਬਿਕ ਬਲਜੀਤ ਕੌਰ ਨੇ ਘਰ ਦੇ ਕਮਰੇ ਨੂੰ ਅੰਦਰੋਂ ਕੁੰਡੀ ਲਗਾ ਲਈ ਅਤੇ ਬੈੱਡ ਉੱਪਰ ਕੁਰਸੀ ਰੱਖ ਕੇ ਪੱਖੇ ਨਾਲ ਚੁੰਨੀ ਬੰਨ੍ਹ ਕੇ ਆਤਮ-ਹੱਤਿਆ ਕਰ ਲਈ। ਉਸਦੀ ਇੱਕ ਲੜਕੀ ਨੇ ਜਦੋਂ ਦੇਖਿਆ ਕਿ ਮਾਂ ਨੇ ਅੰਦਰੋਂ ਕੁੰਡੀ ਲਗਾ ਲਈ ਹੈ ਤਾਂ ਉਸਨੇ ਕਾਫ਼ੀ ਦਰਵਾਜ਼ਾ ਖੜਕਾਇਆ ਤੇ ਜਦੋਂ ਖਿੜਕੀ ਖੋਲ੍ਹੀ ਤਾਂ ਉਦੋਂ ਤਕ ਉਸਦੀ ਮਾਂ ਦੀ ਲਾਸ਼ ਪੱਖੇ ਨਾਲ ਲਟਕ ਰਹੀ ਸੀ।
ਬੜੀ ਮੁਸ਼ਕਿਲ ਨਾਲ ਦਰਵਾਜ਼ਾ ਖੋਲ੍ਹਣ ਤੋਂ ਬਾਅਦ ਬਲਜੀਤ ਕੌਰ ਨੂੰ ਹੇਠਾਂ ਉਤਾਰਿਆ ਗਿਆ ਪਰ ਉਦੋਂ ਤਕ ਉਸਦੀ ਮੌਤ ਹੋ ਚੁੱਕੀ ਸੀ। ਬਲਜੀਤ ਕੌਰ ਦੀਆਂ 4 ਲੜਕੀਆਂ ਅਤੇ 1 ਛੋਟਾ ਲੜਕਾ ਹੈ ਤੇ ਉਹ ਪਿਛਲੇ 2 ਸਾਲ ਤੋਂ ਆਪਣੇ ਪਿਤਾ ਨਾਲ ਪੇਕੇ ਘਰ ਪਿੰਡ ਮਾਣੇਵਾਲ ਵਿਖੇ ਰਹਿ ਰਹੀ ਹੈ। ਬਲਜੀਤ ਕੌਰ ਦਾ ਵਿਆਹ ਨੇੜਲੇ ਪਿੰਡ ਧੁੱਲੇਵਾਲ ਵਿਖੇ ਹੋਇਆ ਸੀ ਅਤੇ ਸਹੁਰੇ ਘਰ ਵਿਚ ਅਣਬਣ ਕਾਰਨ ਉਸਦਾ ਪਤੀ ਨਾਲ ਪੰਚਾਇਤੀ ਤੌਰ ’ਤੇ ਤਲਾਕ ਹੋਇਆ ਦੱਸਿਆ ਜਾ ਰਿਹਾ ਹੈ।
ਇਹ ਵੀ ਜਾਣਕਾਰੀ ਮਿਲੀ ਹੈ ਕਿ ਉਸਦੇ ਪਤੀ ਊਧਮ ਸਿੰਘ ਨੇ ਦੂਸਰਾ ਵਿਆਹ ਕਰਵਾ ਲਿਆ ਸੀ ਅਤੇ ਉਸ ਦੀਆਂ ਧੀਆਂ ਦੇ ਦੱਸਣ ਅਨੁਸਾਰ ਉਨ੍ਹਾਂ ਦੀ ਮਾਂ ਕੁਝ ਦਿਨਾਂ ਤੋਂ ਪ੍ਰੇਸ਼ਾਨ ਰਹਿ ਰਹੀ ਸੀ। ਮ੍ਰਿਤਕਾ ਬਲਜੀਤ ਕੌਰ ਦਾ ਪਿਤਾ ਜੋਗਿੰਦਰ ਸਿੰਘ ਕੁਝ ਘਰੇਲੂ ਕੰਮ ਲਈ ਪਟਿਆਲੇ ਗਿਆ ਹੋਇਆ ਸੀ, ਜਿਸ ਨੂੰ ਘਰ ਵਿਚ ਵਾਪਰੀ ਘਟਨਾ ਬਾਰੇ ਸੂਚਿਤ ਕਰ ਦਿੱਤਾ ਗਿਆ ਹੈ। ਥਾਣਾ ਮਾਛੀਵਾੜਾ ਮੁਖੀ ਵਿਜੈ ਕੁਮਾਰ ਵੀ ਸੂਚਨਾ ਮਿਲਦੇ ਹੀ ਮੌਕੇ ’ਤੇ ਪਹੁੰਚ ਗਏ, ਜਿਨ੍ਹਾਂ ਵਲੋਂ ਲਾਸ਼ ਨੂੰ ਕਬਜ਼ੇ ’ਚ ਲੈ ਲਿਆ ਹੈ ਤੇ ਭਲਕੇ ਪਰਿਵਾਰਕ ਮੈਂਬਰਾਂ ਦੇ ਬਿਆਨ ਦਰਜ ਕਰਨ ਤੋਂ ਬਾਅਦ ਅਗਲੇਰੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।