ਮੁੱਖ ਮਹਿਮਾਨ ਵਜੋਂ ਸ਼ਾਮਿਲ ਹੋਏ ਅਮਰੀਕਾ ਦੀ ਕੈਨਸਾਸ ਰਾਜ ਯੂਨੀਵਰਸਿਟੀ ਦੇ ਪੌਦਾ ਰੋਗ ਮਾਹਿਰ ਅਤੇ ਕਣਕ ਦੇ ਬਾਦਸ਼ਾਹ ਕਹੇ ਜਾਣ ਵਾਲੇ ਵਿਗਿਆਨੀ ਡਾ. ਬਿਕਰਮ ਸਿੰਘ ਗਿੱਲ
--------------------
ਪਲਵਿੰਦਰ ਸਿੰਘ ਢੁੱਡੀਕੇ, ਲੁਧਿਆਣਾ
ਸ਼ੁੱਕਰਵਾਰ ਨੂੰ ਬਾਰਿਸ਼ ਦਰਮਿਆਨ ਪੰਜਾਬ ਐਗਰੀਕਚਰਲ ਯੂਨੀਵਰਸਿਟੀ ਵਿਚ ਸਾਉਣੀ ਦੀਆਂ ਫ਼ਸਲਾਂ ਦਾ ਦੋ ਰੋਜ਼ਾ ਕਿਸਾਨ ਮੇਲਾ ਸ਼ੁਰੂ ਹੋ ਗਿਆ। ਬਾਰਿਸ਼ ਕਾਰਨ ਪਹਿਲਾਂ ਤਾਂ ਕਿਸਾਨਾਂ ਦੀ ਆਮਦ ਘੱਟ ਰਹੀ ਪਰ ਜਿਉਂ ਜਿਉਂ ਮੌਸਮ ਬਦਲਿਆ ਅਤੇ ਬਾਰਿਸ਼ ਰੁਕੀ ਕਿਸਾਨਾਂ ਮੇਲੇ ਵਿਚ ਆਉਣੇ ਸ਼ੁਰੂ ਹੋਏ। ਮੇਲੇ ਵਿਚ ਪੰਜਾਬ ਦੇ ਕੈਬਨਿਟ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਨੇ ਪਹੁੰਚਣਾ ਸੀ ਪਰ ਉਹ ਨਹੀਂ ਪਹੁੰਚੇ। ਕਿਸਾਨ ਮੇਲੇ ਵਿਚ ਅਮਰੀਕਾ ਦੀ ਕੈਨਸਾਸ ਰਾਜ ਯੂਨੀਵਰਸਿਟੀ ਦੇ ਪੌਦਾ ਰੋਗ ਮਾਹਿਰ ਅਤੇ ਕਣਕ ਦੇ ਬਾਦਸ਼ਾਹ ਕਹੇ ਜਾਣ ਵਾਲੇ ਵਿਗਿਆਨੀ ਡਾ. ਬਿਕਰਮ ਸਿੰਘ ਗਿੱਲ ਮੁੱਖ ਮਹਿਮਾਨ ਵਜੋਂ ਸ਼ਾਮਿਲ ਹੋਏ ਜਦਕਿ ਮੇਲੇ ਦੀ ਪ੍ਰਧਾਨਗੀ ਪੀਏਯੂ. ਦੇ ਵਾਈਸ ਚਾਂਸਲਰ ਡਾ. ਸਤਿਬੀਰ ਸਿੰਘ ਗੋਸਲ ਨੇ ਕੀਤੀ। ਵਿਸ਼ੇਸ਼ ਮਹਿਮਾਨ ਵਜੋਂ ਖੇਤੀਬਾੜੀ ਅਤੇ ਕਿਸਾਨ ਭਲਾਈ ਕਮਿਸ਼ਨਰ ਡਾ. ਸੁਖਪਾਲ ਸਿੰਘ ਹਾਜ਼ਰ ਸਨ। ਇਸ ਤੋਂ ਇਲਾਵਾ ਪ੍ਰਬੰਧਕੀ ਬੋਰਡ ਦੇ ਮੈਂਬਰ ਕਿਰਨਜੋਤ ਕੌਰ ਗਿੱਲ, ਹਰਦਿਆਲ ਸਿੰਘ ਗਜ਼ਨੀਪੁਰ, ਅਮਨਪ੍ਰਰੀਤ ਸਿੰਘ ਬਰਾੜ ਨੇ ਵੀ ਸ਼ਿਕਰਤ ਕੀਤੀ। ਇਸ ਤੋਂ ਇਲਾਵਾ ਅਟਾਰੀ ਦੇ ਨਿਰਦੇਸ਼ਕ ਡਾ. ਪਰਮਿੰਦਰ ਸ਼ੇਰੌਂ, ਪ੍ਰਸਿੱਧ ਫ਼ਸਲ ਵਿਗਿਆਨੀ ਡਾ. ਬੇਅੰਤ ਸਿੰਘ ਆਹਲੂਵਾਲੀਆ ਅਤੇ ਪਨਸੀਡ ਦੇ ਚੇਅਰਮੈਨ ਮਹਿੰਦਰ ਸਿੰਘ ਸਿੱਧੂ ਵੀ ਇਸ ਮੌਕੇ ਮੌਜੂਦ ਰਹੇ। ਲੁਧਿਆਣਾ ਦੇ ਪੁਲਿਸ ਕਮਿਸ਼ਨਰ ਮਨਦੀਪ ਸਿੰਘ ਸਿੱਧੂ ਨੇ ਇਸ ਮੌਕੇ ਕਿਸਾਨਾਂ ਨਾਲ ਕੁਝ ਸ਼ਬਦ ਸਾਂਝੇ ਕਰਦਿਆਂ ਇਸ ਮੇਲੇ ਦੀ ਮਹੱਤਤਾ ਨੂੰ ਉਜਾਗਰ ਕੀਤਾ। ਸਵਾਗਤ ਦੇ ਸ਼ਬਦ ਨਿਰਦੇਸ਼ਕ ਪਸਾਰ ਸਿੱਖਿਆ ਡਾ. ਗੁਰਮੀਤ ਸਿੰਘ ਬੁੱਟਰ ਨੇ ਕਹੇ। ਉਨ੍ਹਾਂ ਸੱਤ ਮੇਲਿਆਂ ਦੀ ਲੜੀ ਦੇ ਆਖਰੀ ਮੇਲੇ ਵਿਚ ਪੱਜੇ ਕਿਸਾਨਾਂ ਅਤੇ ਖੇਤੀ ਮਾਹਿਰਾਂ ਦਾ ਸਵਾਗਤ ਕੀਤਾ। ਸਮਾਰੋਹ ਦਾ ਸੰਚਾਲਨ ਅਪਰ ਨਿਰਦੇਸ਼ਕ ਸੰਚਾਰ ਡਾ. ਤੇਜਿੰਦਰ ਸਿੰਘ ਰਿਆੜ ਨੇ ਕੀਤਾ। ਉਨ੍ਹਾਂ ਕਿਸਾਨਾਂ ਨੂੰ ਯੂਨੀਵਰਸਿਟੀ ਨਾਲ ਡਿਜ਼ੀਟਲ ਅਖਬਾਰ ਖੇਤੀ ਸੰਦੇਸ਼, ਪੀਏਯੂ. ਲਾਈਵ ਦੇ ਜ਼ਰੀਏ ਲਗਾਤਾਰ ਜੁੜੇ ਰਹਿਣ ਦੀ ਅਪੀਲ ਕੀਤੀ।
ਪਾਣੀ ਦੀ ਦੁਰਵਰਤੋਂ ਰੋਕਣ ਲਈ ਸਖਤ ਕਦਮ ਪੁੱਟਣ ਦੀ ਲੋੜ : ਬਿਕਰਮ ਸਿੰਘ ਗਿੱਲ
ਆਪਣੇ ਵਿਸ਼ੇਸ਼ ਭਾਸ਼ਣ ਵਿਚ ਬਿਕਰਮ ਸਿੰਘ ਗਿੱਲ ਨੇ ਕਿਹਾ ਕਿ ਖੇਤੀ ਸੰਸਾਰ ਦੇ ਸਭ ਤੋਂ ਪਵਿੱਤਰ ਕਿੱਤਿਆਂ ਵਿਚੋਂ ਇਕ ਹੈ। ਉਨ੍ਹਾਂ ਆਪਣੇ ਪਿਛੋਕੜ ਬਾਰੇ ਜਾਣਕਾਰੀ ਦਿੰਦਿਆਂ ਬਚਪਨ, ਸਿੱਖਿਆ ਅਤੇ ਅਮਰੀਕਾ ਜਾਣ ਦੀ ਗੱਲ ਕੀਤੀ। ਡਾ. ਗਿੱਲ ਨੇ ਅਜੋਕੀ ਕਿਸਾਨੀ ਲਈ ਵਿੱਦਿਆ ਹਾਸਲ ਕਰਨ ਦੀ ਲੋੜ ਨੂੰ ਦਿ੍ੜ ਕੀਤਾ ਅਤੇ ਕਿਹਾ ਕਿ ਕੈਨਸਾਸ ਰਾਜ ਪੰਜਾਬ ਵਾਂਗ ਕਣਕ ਦੀ ਪ੍ਰਧਾਨਤਾ ਵਾਲਾ ਖਿੱਤਾ ਹੈ ਪਰ ਉੱਥੋਂ ਦੇ ਕਿਸਾਨਾਂ ਨੇ ਖੇਤੀ ਸਿੱਖਿਆ ਨਾਲ ਆਪਣੇ ਸੰਬੰਧ ਮਜ਼ਬੂਤ ਕੀਤੇ ਹਨ। ਡਾ. ਗਿੱਲ ਨੇ ਦੱਸਿਆ ਕਿ ਉਨ੍ਹਾਂ ਨੇ ਕੈਨਸਾਸ ਵਿਚ ਮੁੱਢ ਕਣਕ ਅਤੇ ਜੰਗਲੀ ਕਿਸਮਾਂ ਤੇ ਖੋਜ ਕੀਤੀ ਅਤੇ ਅੱਜ ਦੀਆਂ ਕਿਸਮਾਂ ਵਿਚ ਉਨ੍ਹਾਂ ਦੇ ਜੀਨਾਂ ਨੂੰ ਸ਼ਾਮਿਲ ਕਰਨ ਦੇ ਵਿਗਿਆਨਕ ਨੁਕਤੇ ਉਭਾਰੇ। ਡਾ. ਬਿਕਰਮ ਸਿੰਘ ਗਿੱਲ ਨੇ ਕਣਕ ਦੀ ਖੇਤੀ ਨੂੰ ਰਵਾਇਤੀ ਲੀਹਾਂ ਦੇ ਨਾਲ-ਨਾਲ ਨਵੇਂ ਪ੍ਰਸੰਗਾਂ ਅਨੁਸਾਰ ਕਰਨ ਲਈ ਵੱਡਮੁੱਲੇ ਸੁਝਾਵ ਵੀ ਦਿੱਤੇ। ਉਨ੍ਹਾਂ ਕਿਹਾ ਕਿ ਅਸੀਂ ਕਣਕ ਦੀ ਬਿਜਾਈ ਬਿਨਾਂ ਅਗਾਊਂ ਮੰਤਵ ਦੇ ਕਰਦੇ ਹਾਂ ਜਦਕਿ ਕਣਕ ਦੀਆਂ ਕਿਸਮਾਂ ਦੀ ਭਿੰਨਤਾ ਇਸ ਫ਼ਸਲ ਦੇ ਵੱਖ-ਵੱਖ ਉਦੇਸ਼ਾਂ ਲਈ ਕਾਸ਼ਤ ਨਾਲ ਜੁੜੀ ਹੋਣੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਰੋਟੀ ਬਣਾਉਣ ਵਾਲੀ ਕਣਕ, ਜੰਕ ਫੂਡ ਉਤਪਾਦਾਂ ਵਾਲੀ ਕਣਕ ਅਤੇ ਬਰੈੱਡ, ਡਬਲਰੋਟੀ ਵਰਗੇ ਉਤਪਾਦ ਤਿਆਰ ਕਰਨ ਵਾਲੀ ਕਣਕ ਵਿਚ ਭਿੰਨਤਾ ਹੋਣੀ ਲਾਜ਼ਮੀ ਹੈ। ਇਨ੍ਹਾਂ ਉਦੇਸ਼ਾਂ ਅਨੁਸਾਰ ਹੀ ਕਣਕ ਦੀ ਕਾਸ਼ਤ ਦਾ ਖਾਕ ਤਿਆਰ ਕਰਨ ਦੀ ਲੋੜ ਹੈ। ਉਨ੍ਹਾਂ ਖੇਤ ਤੋਂ ਥਾਲੀ ਤੱਕ ਸਾਰੀਆਂ ਧਿਰਾਂ ਨੂੰ ਇਕੱਤਰ ਹੋ ਕੇ ਖੇਤੀ ਨਾਲ ਸੰਬੰਧਤ ਮੁਸ਼ਕਿਲਾਂ ਵਿਚਾਰਨ ਬਾਰੇ ਕਿਹਾ, ਨਾਲ ਹੀ ਡਾ. ਗਿੱਲ ਨੇ ਅਜੋਕੇ ਦੌਰ ਵਿਚ ਫ਼ਸਲੀ ਵਿਭਿੰਨਤਾ ਅਤੇ ਪੌਸ਼ਟਿਕਤਾ ਦੀ ਲੋੜ ਲਈ ਕਣਕ ਦੀਆਂ ਕਿਸਮਾਂ ਦੀ ਖੋਜ ਦੀ ਵਕਾਲਤ ਕੀਤੀ। ਉਨ੍ਹਾਂ ਕਿਹਾ ਕਿ ਜੀਵਨ ਦੇ ਮੂਲ ਸੋਮੇ ਸਾਫ਼ ਅਤੇ ਸੁਰੱਖਿਅਤ ਰੱਖ ਕੇ ਹੀ ਮਨੁੱਖੀ ਨਸਲਾਂ ਦੀ ਰਾਖੀ ਕੀਤੀ ਜਾ ਸਕਦੀ ਹੈ। ਡਾ. ਗਿੱਲ ਨੇ ਪਾਣੀ ਦੀ ਦੁਰਵਰਤੋਂ ਰੋਕਣ ਲਈ ਸਖਤ ਕਦਮ ਪੁੱਟਣ ਦੀ ਲੋੜ ਤੇ ਜ਼ੋਰ ਦਿੱਤਾ। ਉਨ੍ਹਾਂ ਕਿਹਾ ਕਿ ਪੀ.ਏ.ਯੂ. ਨੇ ਹਰੇ ਇਨਕਲਾਬ ਲਈ ਜੋ ਕੋਸ਼ਿਸ਼ਾਂ ਕੀਤੀਆਂ ਉਨ੍ਹਾਂ ਦੀ ਮਿਸਾਲ ਮਿਲਣੀ ਅੌਖੀ ਹੈ।
ਪੀਏਯੂ ਤੇ ਕਿਸਾਨਾਂ ਦਾ ਸਬੰਧ ਅਤੁੱਟ : ਵਾਈਸ ਚਾਂਸਲਰ
ਪ੍ਰਧਾਨਗੀ ਭਾਸ਼ਣ ਵਿਚ ਪੀਏਯੂ. ਦੇ ਵਾਈਸ ਚਾਂਸਲਰ ਡਾ. ਸਤਿਬੀਰ ਸਿੰਘ ਗੋਸਲ ਨੇ ਡਾਵਾਂਡੋਲ ਮੌਸਮ ਦੇ ਬਾਵਜੂਦ ਕਿਸਾਨਾਂ ਦੀ ਵਡੇਰੀ ਆਮਦ ਲਈ ਸਤਿਕਾਰ ਦੇ ਭਾਵ ਪ੍ਰਗਟ ਕੀਤੇ। ਉਨ੍ਹਾਂ ਕਿਹਾ ਕਿ ਪੀਏਯੂ ਅਤੇ ਕਿਸਾਨਾਂ ਦਾ ਸੰਬੰਧ ਅਤੁੱਟ ਅਤੇ ਪਕੇਰਾ ਹੈ ਅਤੇ ਇਹ 1967 ਤੋਂ ਲਗਾਤਾਰ ਇਨ੍ਹਾਂ ਕਿਸਾਨ ਮੇਲਿਆਂ ਦੇ ਪ੍ਰਬੰਧ ਤੋਂ ਹੀ ਬਣਿਆ ਹੋਇਆ ਹੈ। ਡਾ. ਗੋਸਲ ਨੇ ਦੱਸਿਆ ਕਿ ਇਨਾਂ ਮੇਲਿਆਂ ਦਾ ਉਦੇਸ਼ 'ਆਓ ਖੇਤੀ ਖਰਚ ਘਟਾਈਏ-ਵਾਧੂ ਪਾਣੀ, ਖਾਦ ਨਾ ਪਾਈਏ', ਰੱਖ ਕੇ ਕਿਸਾਨੀ ਨੂੰ ਦਰਪੇਸ਼ ਮੁਸ਼ਕਿਲਾਂ ਦੇ ਹੱਲ ਲਈ ਕੋਸ਼ਿਸ਼ਾਂ ਕਰਨ ਦੀ ਪਹਿਲਕਦਮੀ ਯੂਨੀਵਰਸਿਟੀ ਨੇ ਕੀਤੀ ਹੈ। ਆਮਦਨ ਦੇ ਨਾਲ-ਨਾਲ ਖੇਤੀ ਖਰਚਿਆਂ ਨੂੰ ਕਾਬੂ ਕਰਨਾ ਅੱਜ ਦੀ ਸਭ ਤੋਂ ਅਹਿਮ ਜ਼ਰੂਰਤ ਹੈ। ਉਨ੍ਹਾਂ ਕਿਹਾ ਕਿ ਆਉਂਦੇ ਸਾਉਣੀ ਸੀਜ਼ਨ ਦੌਰਾਨ ਫ਼ਸਲੀ ਵਿਭਿੰਨਤਾ ਲਈ ਬਾਸਮਤੀ ਅਤੇ ਨਰਮੇ ਹੇਠ ਰਕਬਾ ਵਧਾਉਣ ਵੱਲ ਧਿਆਨ ਦਿੱਤਾ ਜਾ ਰਿਹਾ ਹੈ ਅਤੇ ਇਸ ਲਈ ਸਰਕਾਰ ਨੇ ਵੀ ਵਿਸ਼ੇਸ਼ ਕੋਸ਼ਿਸ਼ਾਂ ਆਰੰਭੀਆਂ ਹਨ। ਪੀਏਯੂ ਵੱਲੋਂ ਸਿਫ਼ਾਰਸ਼ ਨਰਮੇ ਦੇ ਬੀਜ ਖਰੀਦਣ ਸਮੇਂ ਸਰਕਾਰ ਵੱਲੋਂ 33 ਫੀਸਦੀ ਸਬਸਿਡੀ ਐਲਾਨੀ ਗਈ ਹੈ। ਇਸੇ ਤਰ੍ਹਾਂ ਅਗੇਤੀ ਬਿਜਾਈ ਲਈ ਨਹਿਰੀ ਪਾਣੀ ਨੂੰ ਪਹਿਲੀ ਅਪ੍ਰਰੈਲ ਤੋਂ ਮੁਹੱਈਆ ਕਰਾਉਣ ਦੇ ਪ੍ਰਬੰਧ ਵੀ ਸਰਕਾਰੀ ਪੱਧਰ 'ਤੇ ਹੋ ਰਹੇ ਹਨ। ਹਰੇਕ ਪਿੰਡ ਵਿਚ ਪੀਏਯੂ ਤੋਂ ਸਿਖਲਾਈ ਪ੍ਰਰਾਪਤ ਕਿਸਾਨ ਮਿੱਤਰ ਕਿਸਾਨਾਂ ਨੂੰ ਇਨਾਂ ਫ਼ਸਲਾਂ ਦੀ ਕਾਸ਼ਤ ਲਈ ਪੇ੍ਰਿਤ ਕਰੇਗਾ। ਡਾ. ਗੋਸਲ ਨੇ ਕਿਹਾ ਕਿ ਕਿਸਾਨਾਂ ਨੂੰ ਨਰਮਾ ਪੱਟੀ ਵਿਚ ਮੂੰਗੀ ਦੀ ਬਿਜਾਈ ਤੋਂ ਪਹਿਲਾਂ ਵਿਚਾਰ ਕਰਨਾ ਚਾਹੀਦਾ ਹੈ ਕਿ ਚਿੱਟੀ ਮੱਖੀ ਮੂੰਗੀ ਤੇ ਪਲਦੀ ਹੈ। ਉਨ੍ਹਾਂ ਬਾਸਮਤੀ ਦੇ ਮੰਡੀਕਰਨ ਲਈ ਸਰਕਾਰੀ ਭਰੋਸੇ 'ਤੇ ਵੀ ਤਸੱਲੀ ਪ੍ਰਗਟਾਈ, ਨਾਲ ਹੀ ਬਾਸਮਤੀ ਉੱਪਰ ਕੀਟਨਾਸ਼ਕਾਂ ਦੀ ਵਰਤੋਂ ਸਮੇਂ ਪੀਏਯੂ ਮਾਹਿਰਾਂ ਦੀਆਂ ਤਜਵੀਜ਼ਾਂ ਧਿਆਨ ਵਿਚ ਰੱਖਣ ਦੀ ਅਪੀਲ ਕਿਸਾਨਾਂ ਨੂੰ ਕੀਤੀ। ਪਰਾਲੀ ਦੀ ਸੰਭਾਲ ਬਾਰੇ ਵਾਈਸ ਚਾਂਸਲਰ ਨੇ ਕਿਹਾ ਕਿ ਯੂਨੀਵਰਸਿਟੀ ਖੋਜਾਂ ਅਨੁਸਾਰ ਪਰਾਲੀ ਨੂੰ ਖੇਤ ਵਿਚ ਸੰਭਾਲਣ ਨਾਲ ਜੈਵਿਕ ਮਾਦੇ ਵਿਚ ਭਰਪੂਰ ਵਾਧਾ ਦੇਖਿਆ ਗਿਆ। ਉਨ੍ਹਾਂ ਬਹਾਰ ਰੁੱਤ ਦੀ ਮੱਕੀ ਦੀ ਕਾਸ਼ਤ, ਤੁਪਕਾ ਸਿੰਚਾਈ ਵਿਧੀ ਨਾਲ ਹੀ ਕਰਨ ਲਈ ਕਿਸਾਨਾਂ ਨੂੰ ਪੇ੍ਰਿਤ ਕੀਤਾ। ਡਾ. ਗੋਸਲ ਨੇ ਪੀਏਯੂ ਦੀਆਂ ਕਿਸਮਾਂ ਵਿਚ ਕਣਕ ਦੀ ਕਿਸਮ ਪੀਬੀ ਡਬਲਯੂ. 826, ਝੋਨੇ ਦੀ ਕਿਸਮ ਪੀਆਰ-126 ਅਤੇ ਆਲੂਆਂ ਦੀਆਂ ਕਿਸਮਾਂ ਪੰਜਾਬ ਪਟੈਟੋ-101 ਅਤੇ 102 ਦੀ ਕਾਸ਼ਤ ਲਈ ਕਿਸਾਨਾਂ ਨੂੰ ਪੁਰਜ਼ੋਰ ਅਪੀਲ ਕੀਤੀ।
ਪੰਜਾਬ ਦੁਨੀਆ ਦਾ ਸਭ ਤੋਂ ਵੱਧ ਝਾੜ ਦੇਣ ਵਾਲਾ ਕਾਸ਼ਤਕਾਰ ਖਿੱਤਾ : ਡਾ. ਸੁਖਪਾਲ ਸਿੰਘ
ਖੇਤੀਬਾੜੀ ਅਤੇ ਕਿਸਾਨ ਭਲਾਈ ਕਮਿਸ਼ਨ ਦੇ ਚੇਅਰਮੈਨ ਡਾ. ਸੁਖਪਾਲ ਸਿੰਘ ਨੇ ਪੰਜਾਬ ਦੀ ਖੇਤੀ ਨੀਤੀ ਦੇ ਨਿਰਮਾਣ ਬਾਰੇ ਭਰਵੀਆਂ ਗੱਲਾਂ ਕੀਤੀਆਂ। ਉਨ੍ਹਾਂ ਕਿਹਾ ਕਿ ਇਸ ਸਬੰਧ ਵਿਚ ਸਰਕਾਰ ਵੱਲੋਂ ਗਿਆਰਾਂ ਮੈਂਬਰੀ ਕਮੇਟੀ ਗਠਿਤ ਕੀਤੀ ਗਈ ਹੈ। ਡਾ. ਸੁਖਪਾਲ ਨੇ ਕਿਹਾ ਕਿ ਪੰਜਾਬ ਦੁਨੀਆਂ ਦਾ ਸਭ ਤੋਂ ਵੱਧ ਝਾੜ ਦੇਣ ਵਾਲਾ ਕਾਸ਼ਤਕਾਰ ਖਿੱਤਾ ਹੈ। ਇਸ ਦੇ ਬਾਵਜੂਦ ਖੇਤੀ ਵਿਚ ਕਈ ਸਮੱਸਿਆਵਾਂ ਹਨ। ਕਿਸਾਨ ਕਰਜ਼ਾਈ ਹੈ, ਖੇਤੀ ਤੋਂ ਬਾਹਰ ਹੋ ਰਿਹਾ ਹੈ ਅਤੇ ਖੁਦਕੁਸ਼ੀਆਂ ਦੇ ਰਾਹ ਪਿਆ ਹੋਇਆ ਹੈ। ਇਨ੍ਹਾਂ ਸੰਕਟਾਂ ਦਾ ਕਾਰਨ ਕਿਸੇ ਢੁੱਕਵੀਂ ਖੇਤੀ ਨੀਤੀ ਦੀ ਅਣਹੋਂਦ ਹੈ। ਡਾ. ਸੁਖਪਾਲ ਨੇ ਇਸ ਦਿਸ਼ਾ ਵਿਚ ਕਿਸਾਨਾਂ ਅਤੇ ਮਾਹਿਰਾਂ ਕੋਲੋਂ ਸਹਿਯੋਗ ਅਤੇ ਸੁਝਾਵਾਂ ਦੀ ਮੰਗ ਕੀਤੀ ਤਾਂ ਜੋ ਪਾਏਦਾਰ ਖੇਤੀ ਨੀਤੀ ਬਣਾ ਕੇ ਕਿਸਾਨੀ ਦੀ ਭਲਾਈ ਲਈ ਯਤਨ ਕੀਤੇ ਜਾ ਸਕਣ।
ਕਿਸਾਨਾਂ ਨਾਲ ਸਾਂਝੀਆਂ ਕੀਤੀਆ ਯੂਨੀਵਰਸਿਟੀ ਦੀਆਂ ਖੋਜ ਸਿਫ਼ਾਰਸ਼ਾਂ
ਪੀਏਯੂ ਦੇ ਨਿਰਦੇਸ਼ਕ ਖੋਜ ਡਾ. ਅਜਮੇਰ ਸਿੰਘ ਢੱਟ ਨੇ ਇਸ ਸਮਾਰੋਹ ਵਿਚ ਯੂਨੀਵਰਸਿਟੀ ਦੀਆਂ ਖੋਜ ਸਿਫ਼ਾਰਸ਼ਾਂ ਕਿਸਾਨਾਂ ਨਾਲ ਸਾਂਝੀਆਂ ਕੀਤੀਆ। ਉਨ੍ਹਾਂ ਨਵੀਆਂ ਕਿਸਮਾਂ, ਉਤਪਾਦਨ ਅਤੇ ਪੌਦ ਸੁਰੱਖਿਆ ਤਕਨੀਕਾਂ ਦਾ ਵੇਰਵਾ ਦਿੱਤਾ ਜੋ ਆਉਂਦੀ ਸਾਉਣੀ ਵਿਚ ਪੀਏਯੂ. ਵੱਲੋਂ ਸਿਫ਼ਾਰਸ਼ ਕੀਤੀਆਂ ਜਾ ਰਹੀਆਂ ਹਨ। ਉਨ੍ਹਾਂ ਦੱਸਿਆ ਕਿ ਹੁਣ ਤੱਕ 900 ਤੋਂ ਵਧੇਰੇ ਕਿਸਮਾਂ ਵਿਕਸਿਤ ਕਰ ਕੇ ਪੀਏਯੂ ਮਾਹਿਰਾਂ ਨਾਲ ਕਿਸਾਨਾਂ ਤੱਕ ਪਹੁੰਚਾਈਆਂ ਹਨ। ਇਸ ਤੋਂ ਇਲਾਵਾ ਮਸ਼ੀਨਰੀ ਅਤੇ ਉਤਪਾਦਨ ਦੀਆਂ ਵਿਧੀਆਂ ਵੀ ਸਮੇਂ-ਸਮੇਂ ਕਾਸ਼ਤਕਾਰ ਤੱਕ ਪਹੁੰਚਾਉਣ ਵਿਚ ਯੂਨੀਵਰਸਿਟੀ ਯਤਨਸ਼ੀਲ ਰਹਿੰਦੀ ਹੈ। ਉਨ੍ਹਾਂ ਮੱਕੀ ਦੀ ਨਵੀਂ ਕਿਸਮ ਪੀਐੱਮਐੱਚ-14 ਦਾ ਜ਼ਿਕਰ ਕੀਤਾ ਜੋ ਯੂਨੀਵਰਸਿਟੀ ਵੱਲੋਂ ਸਿਫ਼ਾਰਸ਼ ਕੀਤੀ ਜਾ ਰਹੀ ਹੈ। ਸੇਬ ਦੀਆਂ ਦੋ ਕਿਸਮਾਂ ਡੌਰਸੈਟ ਗੋਲਡਨ ਅਤੇ ਅੰਨਾ ਤੋਂ ਇਲਾਵਾ ਮਾਲਟੇ ਦੀ ਇਕ ਕਿਸਮ, ਆਲੂ ਦੀਆਂ ਦੋ ਕਿਸਮਾਂ ਅਤੇ ਪੰਜਾਬ ਹਿੰਮਤ ਬੈਂਗਣਾਂ ਦੀ ਕਿਸਮ ਦਾ ਉਲੇਖ ਨਿਰਦੇਸ਼ਕ ਖੋਜ ਨੇ ਕੀਤਾ। ਉਨ੍ਹਾਂ ਧਨੀਆਂ ਦੀ ਕਿਸਮ ਪੰਜਾਬ ਖੁਸ਼ਬੂ ਅਤੇ ਭਿੰਡੀ ਦੀ ਕਿਸਮ ਪੰਜਾਬ ਲਾਲੀਮਾ ਤੋਂ ਇਲਾਵਾ ਗੁਆਰਾ, ਗੁਲਦਾਉਦੀ, ਸਫ਼ੈਦਾ, ਡੇਕ ਅਤੇ ਸਲਾਦ ਦੀ ਨਵੀਂ ਕਿਸਮ ਤਰਵੰਗਾ ਦਾ ਵੀ ਜ਼ਿਕਰ ਕੀਤਾ।
ਪੰਜ ਕਿਸਾਨ ਖੇਤੀ 'ਚ ਕੀਤੇ ਅਗਾਂਹਵਧੂ ਕਾਰਜਾਂ ਲਈ ਸਨਮਾਨਿਤ
ਇਸ ਮੌਕੇ ਪੰਜ ਕਿਸਾਨਾਂ ਨੂੰ ਖੇਤੀ ਵਿਚ ਕੀਤੇ ਅਗਾਂਹਵਧੂ ਕਾਰਜਾਂ ਲਈ ਸਨਮਾਨਿਤ ਕੀਤਾ ਗਿਆ ਜਿਨ੍ਹਾਂ ਵਿਚ ਜਤਿੰਦਰ ਸਿੰਘ ਨੂੰ ਮੁੱਖ ਮੰਤਰੀ ਪੁਰਸਕਾਰ, ਗੁਰਵਿੰਦਰ ਸਿੰਘ ਸੋਹੀ ਨੂੰ ਬਾਗਬਾਨੀ ਲਈ ਮੁੱਖ ਮੰਤਰੀ ਪੁਰਸਕਾਰ, ਸੁਖਦੇਵ ਸਿੰਘ ਨੂੰ ਖੇਤੀ ਵਿਭਿੰਨਤਾ ਲਈ ਬੀਬੀ ਪ੍ਰਕਾਸ਼ ਕੌਰ ਸਰਾਂ ਪੁਰਸਕਾਰ ਅਤੇ ਜਗਦੀਪ ਸਿੰਘ ਅਤੇ ਕਸ਼ਮੀਰਾ ਸਿੰਘ ਨੂੰ ਸੀਆਰ ਪੰਪਜ਼ ਪੁਰਸਕਾਰ ਪ੍ਰਦਾਨ ਕੀਤੇ ਗਏ। ਮੁੱਖ ਮਹਿਮਾਨ ਅਤੇ ਹੋਰ ਮਹਿਮਾਨਾਂ ਦਾ ਯਾਦਗਾਰੀ ਚਿੰਨ੍ਹਾਂ ਨਾਲ ਸਨਮਾਨ ਵੀ ਯੂਨੀਵਰਸਿਟੀ ਵੱਲੋਂ ਹੋਇਆ।
ਖੇਤੀ ਨਾਲ ਸੰਬੰਧਿਤ ਲੱਗੇ ਸਟਾਲ ਤੇ ਪ੍ਰਦਰਸ਼ਨੀਆਂ
ਮੇਲੇ ਦੌਰਾਨ ਭਾਰੀ ਗਿਣਤੀ ਵਿਚ ਸਰਕਾਰੀ ਅਤੇ ਗੈਰ ਸਰਕਾਰੀ ਵਿਭਾਗਾਂ ਅਤੇ ਸੰਸਥਾਵਾਂ ਵੱਲੋਂ ਖੇਤੀ ਨਾਲ ਸੰਬੰਧਿਤ ਸਮੱਗਰੀ, ਮਸ਼ੀਨਰੀ, ਸਾਹਿਤ ਅਤੇ ਹੋਰ ਵਸਤਾਂ ਦੀਆਂ ਪ੍ਰਦਰਸ਼ਨੀਆਂ ਅਤੇ ਸਟਾਲਾਂ ਲਗਾਈਆਂ ਗਈਆਂ ਸਨ। ਸੋਨਾਲੀਕਾ ਵੱਲੋਂ ਕਿਸਾਨ ਮੇਲੇ ਵਿਚ ਟਾਈਗਰ ਡੀਆਈ-55 ਥ੍ਰੀ ਲਾਂਚ ਕੀਤਾ ਗਿਆ। ਪ੍ਰਬੰਧਕਾਂ ਨੇ ਦੱਸਿਆ ਕਿ ਇਹ ਟਰੈਕਟਰ ਯੂਰਪ ਵਿਚ ਡਿਜ਼ਾਇਨ ਕੀਤਾ ਗਿਆ ਹੈ ਅਤੇ ਪੰਜਾਬ ਦੇ ਕਿਸਾਨਾਂ ਦੀ ਖੁਸ਼ਹਾਲੀ ਲਈ ਉੱਨਤ ਵਿਸ਼ੇਸ਼ਤਾਵਾਂ ਨਾਲ ਲੈਸ ਹੈ। ਪੀਏਯੂ ਦੇ ਵਾਈਸ ਚਾਂਸਲਰ ਡਾ. ਸਤਿਬੀਰ ਸਿੰਘ ਗੋਸਲ ਅਤੇ ਯੂਐੱਸਏ ਵਿਖੇ ਕਾਂਸਾਸ ਸਟੇਟ ਯੁਨਿਵਰਸਿਟੀ ਵਿਚ ਭਾਰਤੀ ਮੂਲ ਦੇ ਸਾਇੰਟਿਸਟ ਤੇ ਪੋ੍ਫੇੈਸਰ ਬਿਕਰਮ ਸਿੰਘ ਗਿੱਲ ਨੇ ਸੋਨਾਲਿਕਾ ਦੇ ਜ਼ੋਨਲ ਹੈੱਡ ਵਿਕਾਸ ਮਲਿਕ ਦੀ ਮੌਜੂਦਗੀ ਵਿਚ ਕੀਤਾ। ਇਸ ਮੌਕੇ ਕੰਪਨੀ ਦੇ ਜ਼ੋਨਲ ਹੈੱਡ ਵਿਕਾਸ ਮਲਿਕ ਨੇ ਕਿਹਾ ਕਿ ਪੰਜਾਬ ਸੋਨਾਲੀਕਾ ਦਾ ਘਰ ਹੈ ਅਤੇ ਇਸ ਖੇਤਰ ਦੇ ਕਿਸਾਨ ਖੇਤੀਬਾੜੀ ਵਿਚ ਉੱਚ ਤਕਨੀਕ ਨੂੰ ਅਪਣਾਉਣ ਲਈ ਸੋਨਾਲੀਕਾ 'ਤੇ ਭਰੋਸਾ ਕਰਦੇ ਹਨ। ਵਿਵੇਕ ਗੋਇਲ, ਪ੍ਰਰੈਜ਼ੀਡੈਂਟ ਅਤੇ ਚੀਫ਼, ਸੇਲਜ਼ ਐਂਡ ਮਾਰਕੀਟਿੰਗ, ਨੇ ਕਿਹਾ ਕਿ ਕਿਸਾਨ ਮੇਲੇ ਰਾਹੀਂ, ਕੰਪਨੀ ਕਿਸਾਨਾਂ ਨੂੰ ਨਵੀਂ ਯੁੱਗ ਦੀਆਂ ਤਕਨੀਕਾਂ ਨਾਲ ਜੋੜਨ ਅਤੇ ਸਿੱਖਿਅਤ ਕਰਨ ਵਿਚ ਸਭ ਤੋਂ ਵਧੀਆ ਕਦਮ ਚੁੱਕਦੀ ਹੈ।
ਮੰਗਾਂ ਦੀ ਪੂਰਤੀ ਲਈ ਡੀਪੀਐੱਲ ਕਰਮਚਾਰੀਆਂ ਨੇ ਕੀਤਾ ਰੋਸ ਪ੍ਰਦਰਸ਼ਨ
ਸ਼ੁੱਕਰਵਾਰ ਨੂੰ ਇਕ ਪਾਸੇ ਜਿੱਥੇ ਕਿਸਾਨ ਮੇਲੇ ਦਾ ਆਗਾਜ਼ ਹੋਇਆ ਉੱਥੇ ਦੂਜੇ ਪਾਸੇ ਡੀਪੀਐੱਲ ਕੰਟਰੈਕਟ ਵਰਕਰ ਪੀਏਯੂ ਵੈਲਫੇਅਰ ਐਸੋ. ਮੰਗਾਂ ਦੀ ਪੂਰਤੀ ਲਈ ਜ਼ੋਰਦਾਰ ਪ੍ਰਦਰਸ਼ਨ ਕੀਤਾ ਗਿਆ। ਇਸ ਮੌਕੇ ਪ੍ਰਧਾਨ ਜਗਵਿੰਦਰ ਸਿੰਘ ਗਿੱਲ ਨੇ ਦੱਸਿਆ ਕਿ ਉਨ੍ਹਾਂ ਨੂੰ ਨੌਕਰੀ ਕਰਦੇ ਹੋਇਆ ਨੂੰ ਲਗਭਗ 10-15 ਸਾਲ ਹੋ ਚੁੱਕੇ ਹਨ ਅਤੇ ਉਨ੍ਹਾਂ ਨੂੰ 7949/- ਰੁਪਏ ਤਨਖਾਹ ਦਿੱਤੀ ਜਾਂਦੀ ਹੈ। ਇਸ ਰਕਮ ਵਿਚੋਂ ਸਾਡਾ ਈਪੀਐੱਫ ਅਤੇ ਈਐੱਸਆਈ ਕੱਟਿਆ ਜਾਂਦਾ ਹੈ ਤੇ ਸਾਡੇ ਹੱਥ ਵਿਚ ਲਗਪਗ 6698/- ਰੁਪਏ ਹੀ ਆਉਂਦੇ ਹਨ ਅਤੇ ਕੰਨਟਰੈਕਟ ਬੇਸਿਸ ਵਾਲੇ ਕਰਮਚਾਰੀਆਂ ਨੂੰ ਤਨਖਾਹ 9908/- ਰੁਪਏ ਮਿਲਦੀ ਹੈ। ਜਿਸ ਵਿਚੋਂ ਈਪੀਐੱਫ ਅਤੇ ਈਐੱਸਆਈ ਕੱਟ ਕੇ 8349/- ਰੁਪਏ ਹੀ ਮਿਲਦੇ ਹਨ। ਅਸੀਂ ਸਾਰੇ ਮੁਲਾਜ਼ਮ ਗਰੀਬ ਪਰਿਵਾਰਾਂ ਨਾਲ ਸੰਬੰਧਤ ਹਾਂ ਅਤੇ ਇੰਨੀ ਘੱਟ ਤਨਖਾਹ ਵਿਚ ਸਾਨੂੰ ਘਰ ਦਾ ਗੁਜ਼ਾਰਾ ਕਰਨਾ ਬਹੁਤ ਮੁਸ਼ਕਿਲ ਹੋ ਰਿਹਾ ਹੈ। ਉਨ੍ਹਾਂ ਕਿਹਾ ਕਿ ਪੀਏਯੂ, ਲੁਧਿਆਣਾ ਵਿਚ ਲੰਮੇ ਸਮੇਂ ਤੋਂ ਕੰਮ ਕਰਦੇ ਆ ਰਹੇ ਕੱਚੇ ਕਰਮਚਾਰੀਆਂ ਨੂੰ ਸਿਨਿਊਰਟੀ ਦੇ ਹਿਸਾਬ ਨਾਲ ਪੱਕਾ ਕੀਤਾ ਜਾਵੇ ਅਤੇ ਪੀਏਯੂ ਨੂੰ ਪੋਸ਼ਟਾਂ ਭਰਨ ਦੀ ਮਨਜ਼ੂਰੀ ਦਿੱਤੀ ਜਾਵੇ। ਇਸ ਮੌਕੇ ਜ.ਸ ਇੰਦਰਪਾਲ ਸਿੰਘ, ਸੁਖਪਾਲ ਸਿੰਘ, ਜੈ ਸਿੰਘ, ਜਸਵਨ ਸਿੰਘ, ਗੁਰਪ੍ਰਤਾਪ ਸਿੰਘ, ਬੇਅੰਤ ਸਿੰਘ, ਹਰਭੇਜ ਸਿੰਘ, ਹਰਦੀਪ ਸਿੰਘ, ਮਨਜਿੰਦਰ ਸਿੰਘ ਅਤੇ ਜਸਪਾਲ ਸਿੰਘ ਆਦਿ ਹਾਜ਼ਰ ਸਨ।