ਸੁਖਦੇਵ ਗਰਗ, ਜਗਰਾਓਂ : ਅਕਾਲੀ ਦਲ ਨਾਲ ਤੋੜ ਵਿਛੋੜੇ ਤੋਂ ਬਾਅਦ ਪਹਿਲੀ ਵਾਰ ਪੰਜਾਬ ਦੀਆਂ ਸਾਰੀਆਂ ਵਿਧਾਨ ਸਭਾ ਸੀਟਾਂ 'ਤੇ ਚੋਣ ਲੜਨ ਜਾ ਰਹੀ ਭਾਜਪਾ ਜਿੱਥੇ ਆਪਣੇ ਉਮੀਦਵਾਰਾਂ ਦੇ ਨਾਵਾਂ ਸਬੰਧੀ ਮੰਥਨ ਕਰ ਰਹੀ ਹੈ ਉੱਥੇ ਪਾਰਟੀ ਦੇ ਸੰਭਾਵਿਤ ਉਮੀਦਵਾਰਾਂ ਵੱਲੋਂ ਆਪਣੇ ਹਲਕੇ ਵਿਚ ਪਾਰਟੀ ਵਰਕਰਾਂ ਨਾਲ ਮੇਲ ਮਿਲਾਪ ਕੀਤਾ ਜਾ ਰਿਹਾ ਹੈ। ਸਥਾਨਕ ਵਿਧਾਨ ਸਭਾ ਹਲਕੇ ਤੋਂ ਕੁੰਵਰ ਨਰਿੰਦਰ ਸਿੰਘ ਭਾਜਪਾ ਦੇ ਸੰਭਾਵੀ ਉਮੀਦਵਾਰ ਵਜੋਂ ਹਲਕੇ 'ਚ ਵਿਚਰ ਰਹੇ ਹਨ। ਭਾਜਪਾ ਨਾਲ ਪਿਛਲੇ ਲੰਮੇ ਸਮੇਂ ਤੋਂ ਜੋੜੇ ਹੋਏ ਕੁੰਵਰ ਨਰਿੰਦਰ ਸਿੰਘ ਬਤੌਰ ਤਹਿਸੀਲਦਾਰ ਲੁਧਿਆਣਾ ਤੋਂ ਸੇਵਾ ਮੁਕਤ ਹੋਏ ਹਨ। ਤਹਿਸੀਲਦਾਰ ਯੂਨੀਅਨ ਦੇ ਸੂਬਾ ਪ੍ਰਧਾਨ ਰਹਿਣ ਤੋਂ ਇਲਾਵਾ ਭਾਜਪਾ ਨਾਲ ਸਬੰਧਿਤ ਕਈ ਹੋਰ ਸੰਗਠਨਾਂ ਵਿਚ ਕੰਮ ਕਰ ਚੁੱਕੇ ਕੁੰਵਰ ਨਰਿੰਦਰ ਸਿੰਘ ਦਾ ਕਹਿਣਾ ਹੈ ਕਿ ਉਨਾਂ੍ਹ ਨੂੰ ਪਾਰਟੀ ਹਾਈਕਮਾਂਡ ਨੇ ਜਗਰਾਓਂ ਹਲਕੇ ਦੀ ਜਿੰਮੇਵਾਰੀ ਸੌਂਪੀ ਹੈ ਅਤੇ ਪਾਰਟੀ ਦਾ ਹੁਕਮ ਮੰਨ ਕੇ ਜਗਰਾਓਂ ਹਲਕੇ ਦੇ ਲੋਕਾਂ ਦੀ ਸੇਵਾ ਲਈ ਆਇਆ ਹਾਂ। ਭਾਜਪਾ ਵੱਲੋਂ ਭਾਵੇਂ ਕਿਸੇ ਵੀ ਉਮੀਦਵਾਰ ਦਾ ਨਾਮ ਐਲਾਨ ਨਹੀਂ ਕੀਤਾ ਗਿਆ ਪਰ ਸੂਤਰ ਦੱਸਦੇ ਹਨ ਕਿ ਭਾਜਪਾ ਨੇ ਆਪਣੇ ਸੰਭਾਵੀ ਉਮੀਦਵਾਰਾਂ ਨੂੰ ਅੰਦਰਖਾਤੇ ਆਪਣੇ ਆਪਣੇ ਹਲਕੇ 'ਚ ਵਰਕਰਾਂ ਨਾਲ ਮੇਲ ਮਿਲਾਪ ਕਰਨ ਦੀ ਹਰੀ ਝੰਡੀ ਦਿੱਤੀ ਹੋਈ ਹੈ।