ਜਾਗਰਣ ਸੰਵਾਦਦਾਤਾ, ਲੁਧਿਆਣਾ : ਹਲਕਾ ਆਤਮਨਗਰ ਦੇ ਸਾਬਕਾ ਵਿਧਾਇਕ ਸਿਮਰਜੀਤ ਸਿੰਘ ਬੈਂਸ ਦੀਆਂ ਮੁਸ਼ਕਲਾਂ ਲਗਾਤਾਰ ਵਧਦੀਆਂ ਜਾ ਰਹੀਆਂ ਹਨ। ਐਤਵਾਰ ਨੂੰ ਬੈਂਸ ਦੇ ਭਰਾ ਨੂੰ ਡਿਊਟੀ ਮੈਜਿਸਟਰੇਟ ਸ਼ਿਵਾਂਗੀ ਸੰਗਰ ਦੀ ਅਦਾਲਤ 'ਚ ਪੇਸ਼ ਕੀਤਾ ਗਿਆ, ਜਿੱਥੇ ਸ਼ਿਕਾਇਤਕਰਤਾ ਔਰਤ ਦੇ ਵਕੀਲ ਪਰਮਿੰਦਰ ਸਿੰਘ ਲਾਡੀ ਤੇ ਬਚਾਅ ਪੱਖ ਵੱਲੋਂ ਪੇਸ਼ ਹੋਏ ਵਕੀਲ ਪਵਨ ਗੇਈ ਨੇ ਲੰਮਾ ਸਮਾਂ ਬਹਿਸ ਕੀਤੀ। ਪ੍ਰਾਪਤ ਜਾਣਕਾਰੀ ਅਨੁਸਾਰ ਸਿਮਰਜੀਤਸਿੰਘ ਬੈਂਸ ਕੱਲ੍ਹ ਯਾਨੀ ਸੋਮਵਾਰ ਨੂੰ ਆਤਮ-ਸਮਰਪਣ ਕਰ ਸਕਦੇ ਹਨ।
ਕਰੀਬ ਅੱਧੇ ਘੰਟੇ ਤਕ ਬਹਿਸ ਸੁਣਨ ਤੋਂ ਬਾਅਦ ਅਦਾਲਤ ਨੇ ਮੁਲਜ਼ਮ ਕਰਮਜੀਤ ਬੈਂਸ ਨੂੰ ਦੋ ਦਿਨ ਦੇ ਪੁਲਿਸ ਰਿਮਾਂਡ ’ਤੇ ਭੇਜ ਦਿੱਤਾ ਹੈ। ਸ਼ਿਕਾਇਤਕਰਤਾ ਦੇ ਵਕੀਲ ਨੇ ਅਦਾਲਤ 'ਚ ਕਿਹਾ ਕਿ ਮੁਲਜ਼ਮ ਦਾ ਪੁਲਿਸ ਰਿਮਾਂਡ ਦਿੱਤਾ ਜਾਣਾ ਚਾਹੀਦਾ ਹੈ ਕਿਉਂਕਿ ਉਸ ਦਾ ਮੋਬਾਈਲ ਬਰਾਮਦ ਕਰਨਾ ਬਹੁਤ ਜ਼ਰੂਰੀ ਹੈ। ਮੋਬਾਈਲ ਤੋਂ ਔਰਤ ਨੂੰ ਅਸ਼ਲੀਲ ਐਸਐਮਐਸ ਭੇਜੇ ਗਏ ਸਨ। ਇਸ ਤੋਂ ਇਲਾਵਾ ਅਜੇ ਤਕ ਕੋਈ ਹੋਰ ਦੋਸ਼ੀ ਨਹੀਂ ਫੜਿਆ ਗਿਆ ਹੈ ਜਿਸ ਬਾਰੇ ਪੁੱਛਗਿੱਛ ਕੀਤੀ ਜਾਣੀ ਜ਼ਰੂਰੀ ਹੈ।
ਸ਼ਿਕਾਇਤਕਰਤਾ ਦੇ ਵਕੀਲ ਨੇ ਇਹ ਵੀ ਕਿਹਾ ਕਿ ਪੁਲਿਸ ਨੂੰ ਅਜੇ ਤਕ ਇਹ ਪਤਾ ਨਹੀਂ ਲੱਗ ਸਕਿਆ ਹੈ ਕਿ ਅਦਾਲਤ ਵੱਲੋਂ ਭਗੌੜਾ ਐਲਾਨੇ ਜਾਣ ਤੋਂ ਬਾਅਦ ਇਹ ਮੁਲਜ਼ਮ ਕਰਮਜੀਤ ਸਿੰਘ ਬੈਂਸ ਕਿੱਥੇ ਰੁਕਿਆ ਤੇ ਕਿਸ ਨੇ ਉਸਦੀ ਮਦਦ ਕੀਤੀ। ਜਦੋਂਕਿ ਅਦਾਲਤ 'ਚ ਮੁਲਜ਼ਮਾਂ ਦੇ ਵਕੀਲ ਨੇ ਦਲੀਲ ਦਿੱਤੀ ਕਿ ਅਦਾਲਤ 'ਚ ਚਾਰਜਸ਼ੀਟ ਦਾਇਰ ਹੋ ਚੁੱਕੀ ਹੈ, ਇਸ ਲਈ ਪੁਲਿਸ ਰਿਮਾਂਡ ਦੇਣ ਦਾ ਕੋਈ ਆਧਾਰ ਨਹੀਂ ਹੈ। ਇਸ ਨੂੰ ਅਦਾਲਤ ਨੇ ਰੱਦ ਕਰ ਦਿੱਤਾ ਸੀ।