ਸਤਵਿੰਦਰ ਸ਼ਰਮਾ, ਲੁਧਿਆਣਾ : ਦੇਸ਼ ਦੀ ਆਜ਼ਾਦੀ ਲਈ ਆਪਣੀ ਜਾਨ ਕੁਰਬਾਨ ਕਰਨ ਵਾਲੇ ਸਨਅਤੀ ਸ਼ਹਿਰ ਲੁਧਿਆਣਾ ਦੇ ਚੌੜਾ ਬਾਜ਼ਾਰ ਸਥਿਤ ਨੌੰ ਘਰਾਂ ਵਿੱਚ ਜਨਮ ਲੈਣ ਵਾਲੇ ਸ਼ਹੀਦ ਸੁਖਦੇਵ ਥਾਪਰ ਨੂੰ ਨਤਮਸਤਕ ਹੋਣ ਲਈ ਭਾਜਪਾ ਦੇ ਰਾਸ਼ਟਰੀ ਪ੍ਰਧਾਨ ਜਗਤ ਪ੍ਰਕਾਸ਼ ਨੱਢਾ ਪੁੱਜੇ। ਇਸ ਦੌਰਾਨ ਰਾਸ਼ਟਰੀ ਪ੍ਰਧਾਨ ਨੱਢਾ ਦੇ ਨਾਲ ਐਸਸੀ ਕਮਿਸ਼ਨ ਦੇ ਚੇਅਰਮੈਨ ਅਤੇ ਸਾਬਕਾ ਕੇਂਦਰੀ ਰਾਜ ਮੰਤਰੀ ਵਿਜੇ ਸਾਂਪਲਾ ਵੀ ਮੌਜੂਦ ਸਨ। ਸ਼ਹੀਦ ਸੁਖਦੇਵ ਥਾਪਰ ਦਾ ਜੱਦੀ ਘਰ ਚੌੜਾ ਬਾਜ਼ਾਰ ਵਿੱਚੋਂ ਨਿਕਲਦੇ ਰਸਤੇ ਤੋਂ ਜਾਂਦੀਆਂ ਤੰਗ ਗਲੀਆਂ ਵਿੱਚ ਹੋਣ ਕਰਕੇ ਨੱਢਾ ਦਾ ਕਾਫ਼ਲਾ ਤਾਂ ਸ਼ਹੀਦ ਦੇ ਘਰ ਤਕ ਨਾ ਪੁੱਜ ਸਕਿਆ। ਦੇਸ਼ ਦੇ ਮਹਾਨ ਸ਼ਹੀਦ ਨੂੰ ਨਤਮਸਤਕ ਹੋਣ ਤੋਂ ਬਾਅਦ ਨੱਢਾ ਸ਼ਹੀਦ ਸੁਖਦੇਵ ਥਾਪਰ ਮੈਮੋਰੀਅਲ ਟਰੱਸਟ ਦੇ ਪ੍ਰਧਾਨ ਅਸ਼ੋਕ ਥਾਪਰ ਅਤੇ ਹੋਰ ਅਹੁਦੇਦਾਰਾਂ ਨਾਲ ਗੱਲਬਾਤ ਕੀਤੀ। ਜਿਨ੍ਹਾਂ ਸ਼ਹੀਦ ਸੁਖਦੇਵ ਥਾਪਰ ਦੇ ਜਨਮ ਦਿਨ ਅਤੇ ਸ਼ਹੀਦੀ ਦਿਨ ਤੇ ਸਰਕਾਰੀ ਛੁੱਟੀ ਦਾ ਐਲਾਨ, ਸ਼ਹੀਦ ਦੀਆਂ ਤਸਵੀਰਾਂ ਜਨਤਕ ਥਾਂਵਾਂ ਤੇ ਲਗਾਉਣ, ਚੌੜਾ ਬਾਜ਼ਾਰ ਤੋਂ ਸ਼ਹੀਦ ਦੇ ਘਰ ਤੱਕ ਸਿੱਧਾ ਰਸਤਾ ਲਗਾਉਣ ਸਮੇਤ ਹੋਰ ਮੰਗਾਂ ਦਾ ਮੰਗ ਪੱਤਰ ਭਾਜਪਾ ਦੇ ਰਾਸ਼ਟਰੀ ਪ੍ਰਧਾਨ ਜੈ ਪ੍ਰਕਾਸ਼ ਨੱਢਾ ਨੂੰ ਦਿੱਤਾ। ਜਿਸ ਤੋਂ ਬਾਅਦ ਟਰੱਸਟ ਦੇ ਅਹੁਦੇਦਾਰਾਂ ਨੇ ਸ਼ਹੀਦ ਸੁਖਦੇਵ ਥਾਪਰ ਦੀ ਤਸਵੀਰ ਨਾ ਭਾਜਪਾ ਦੇ ਰਾਸ਼ਟਰੀ ਪ੍ਰਧਾਨ ਜਗਤ ਪ੍ਰਕਾਸ਼ ਨੱਢਾ ਦਾ ਸਨਮਾਨ ਵੀ ਕੀਤਾ।
ਇਸ ਮੌਕੇ ਤੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਭਾਜਪਾ ਦੇ ਰਾਸ਼ਟਰੀ ਪ੍ਰਧਾਨ ਜੇਪੀ ਨੱਢਾ ਨੇ ਕਿਹਾ ਕਿ ਸ਼ਹੀਦ ਸੁਖਦੇਵ ਥਾਪਰ, ਸ਼ਹੀਦ ਭਗਤ ਸਿੰਘ, ਸ਼ਹੀਦ ਰਾਜਗੁਰੂ ਦੀਆਂ ਵਡਮੁੱਲੀਆਂ ਕੁਰਬਾਨੀਆਂ ਸਾਡੇ ਲਈ ਪ੍ਰੇਰਨਾ ਸਰੋਤ ਹਨ ਅਤੇ ਅਸੀਂ ਉਨ੍ਹਾਂ ਦੀ ਸੋਚ ਤੇ ਚੱਲਦੇ ਹੋਏ ਦੇਸ਼ ਦੀ ਤਰੱਕੀ ਅਤੇ ਖੁਸ਼ਹਾਲੀ ਲਈ ਹਮੇਸ਼ਾ ਸਮਰਪਿਤ ਰਹਿੰਦੇ ਹਾਂ। ਉਨ੍ਹਾਂ ਕਿਹਾ ਕਿ ਦੇਸ਼ ਨੂੰ ਆਜ਼ਾਦ ਕਰਵਾਉਣ ਵਾਲੇ ਸ਼ਹੀਦਾਂ ਦੀ ਸੋਚ ਤੇ ਪਹਿਰਾ ਦਿੰਦੇ ਹੋਏ ਕੇਂਦਰ ਸਰਕਾਰ ਭਾਰਤ ਨੂੰ ਤਰੱਕੀ ਖੁਸ਼ਹਾਲੀ ਅਤੇ ਮਜ਼ਬੂਤੀ ਵੱਲ ਤੇਜ਼ੀ ਨਾਲ ਅੱਗੇ ਵਧਾ ਰਹੀ ਹੈ। ਉਨ੍ਹਾਂ ਕਿਹਾ ਕਿ ਸ਼ਹੀਦ ਸੁਖਦੇਵ ਥਾਪਰ ਮੈਮੋਰੀਅਲ ਟਰੱਸਟ ਵੱਲੋਂ ਜੋ ਮੰਗ ਪੱਤਰ ਉਨ੍ਹਾਂ ਨੂੰ ਦਿੱਤਾ ਗਿਆ ਹੈ ਉਸ ਬਾਰੇ ਕੇਂਦਰ ਸਰਕਾਰ ਨਾਲ ਰਾਬਤਾ ਕਰ ਜਲਦ ਇਨ੍ਹਾਂ ਮੰਗਾਂ ਨੂੰ ਮਨਵਾਉਣ ਵੱਲ ਤੇਜ਼ੀ ਨਾਲ ਕੰਮ ਕੀਤਾ ਜਾਵੇਗਾ।
ਭਾਜਪਾ ਦੇ ਨਿਸ਼ਾਨ ਤੇ ਚੋਣ ਲੜਨ ਵਾਲੇ ਉਮੀਦਵਾਰ ਪਹੁੰਚੇ ਰਾਸ਼ਟਰੀ ਪ੍ਰਧਾਨ ਨੂੰ ਮਿਲਣ
ਪੰਜਾਬ ਵਿੱਚ ਵਿਧਾਨ ਸਭਾ ਚੋਣਾਂ ਹੋਣ ਤੋਂ ਬਾਅਦ ਪਹਿਲੀ ਵਾਰ ਸੂਬੇ ਦੇ ਸਨਅਤੀ ਸ਼ਹਿਰ ਲੁਧਿਆਣਾ ਪੁੱਜੇ ਭਾਜਪਾ ਦੇ ਰਾਸ਼ਟਰੀ ਪ੍ਰਧਾਨ ਜਗਤ ਪ੍ਰਕਾਸ਼ ਨੱਡਾ ਨੂੰ ਮਿਲਣ ਲਈ ਭਾਜਪਾ ਦੇ ਚੋਣ ਨਿਸ਼ਾਨ ਤੇ ਚੋਣਾਂ ਲੜ ਚੁੱਕੇ ਛਿਅੱਤਰ ਉਮੀਦਵਾਰ ਫਿਰੋਜ਼ਪੁਰ ਰੋਡ ਸਥਿਤ ਹੋਟਲ ਵਿੱਚ ਪੁੱਜੇ। ਜਿੱਥੇ ਨੱਢਾ ਸਾਰਿਆਂ ਨੂੰ ਪੰਜਾਬ ਵਿੱਚ ਹੋਣ ਵਾਲੀਆਂ ਅਗਾਮੀ ਨਗਰ ਨਿਗਮ ਅਤੇ ਸੰਗਰੂਰ ਲੋਕ ਸਭਾ ਦੀ ਜ਼ਿਮਨੀ ਚੋਣ ਤੋਂ ਪਹਿਲਾਂ ਪੰਜਾਬ ਨਿਵਾਸੀਆਂ ਤਕ ਤੇਜ਼ੀ ਨਾਲ ਰਾਬਤਾ ਕਾਇਮ ਕਰਨ ਦੇ ਗੁਰਮੰਤਰ ਦੇਣਗੇ। ਇਸ ਦੌਰਾਨ ਪੰਜਾਬ ਵਿਧਾਨ ਸਭਾ ਵਿੱਚ ਪਾਰਟੀ ਦੇ ਉਮੀਦਵਾਰ ਰਹੇ ਭਾਜਪਾ ਨੇਤਾਵਾਂ ਨੂੰ ਮਿਲਣ ਹੋਟਲ ਪੁੱਜੇ ਰਾਸ਼ਟਰੀ ਪ੍ਰਧਾਨ ਜੇਪੀ ਨੱਢਾ ਦਾ ਪੰਜਾਬੀ ਸਟਾਈਲ ਵਿੱਚ ਸਵਾਗਤ ਕੀਤਾ ਗਿਆ। ਅੱਜ ਨੱਢਾ ਪੂਰਾ ਦਿਨ ਲੁਧਿਆਣਾ ਵਿੱਚ ਰਹਿ ਕੇ ਭਾਜਪਾ ਦੇ ਨੇਤਾਵਾਂ ਅਤੇ ਵਰਕਰਾਂ ਨੂੰ ਪਾਰਟੀ ਦੀ ਮਜ਼ਬੂਤੀ ਲਈ ਦਿਨ ਰਾਤ ਇੱਕ ਕਰਨ ਦਾ ਸੰਦੇਸ਼ ਦੇਣਗੇ।