ਸੰਜੀਵ ਗੁਪਤਾ, ਜਗਰਾਓਂ : ਜਗਰਾਓਂ ਸੀਆਈਏ ਸਟਾਫ ਦੀ ਪੁਲਿਸ ਨੇ 2 ਘਰਾਂ ਵਿਚ ਛਾਪਾਮਾਰੀ ਕਰਦਿਆਂ ਭੁੱਕੀ ਤਸਕਰੀ ਦੇ ਇੱਕ ਵੱਡੇ ਮਾਮਲੇ ਦਾ ਪਰਦਾਫਾਸ਼ ਕਰਦਿਆਂ 35 ਬੋਰੀਆਂ ਭੁੱਕੀ ਬਰਾਮਦ ਕੀਤੀ। ਦੇਰ ਰਾਤ ਪੁਲਿਸ ਨੇ ਇਸ ਮਾਮਲੇ 'ਚ ਥਾਣਾ ਦਾਖਾ ਵਿਖੇ ਮੁਕੱਦਮਾ ਦਰਜ ਕਰ ਲਿਆ। ਮੌਜੂਦਾ ਸਰਕਾਰ ਦੇ ਕਾਰਜਕਾਲ ਦੀ ਸਭ ਤੋਂ ਵੱਡੀ ਬਰਾਮਦਗੀ ਵੀ ਮੰਨਿਆ ਜਾ ਰਿਹਾ ਹੈ। ਪ੍ਰਰਾਪਤ ਜਾਣਕਾਰੀ ਅਨੁਸਾਰ ਜਗਰਾਓਂ ਸੀਆਈਏ ਸਟਾਫ ਦੀ ਪੁਲਿਸ ਨੂੰ ਇਲਾਕੇ ਵਿਚ ਵੱਡੀ ਮਾਤਰਾ 'ਚ ਭੁੱਕੀ ਤਸਕਰੀ ਦੀ ਸੂਹ ਲੱਗੀ ਹੋਈ ਸੀ। ਜਿਸ ਦੇ ਚੱਲਦਿਆਂ ਐਸਐਸਪੀ ਹਰਜੀਤ ਸਿੰਘ ਦੇ ਨਿਰਦੇਸ਼ਾਂ 'ਤੇ ਸੀਆਈਏ ਸਟਾਫ ਦੇ ਮੁਖੀ ਇੰਸਪੈਕਟਰ ਦਲਵੀਰ ਸਿੰਘ ਸਮੇਤ ਪੁਲਿਸ ਫੋਰਸ ਇਸ ਪੂਰੇ ਮਾਮਲੇ 'ਤੇ ਨਜ਼ਰ ਰੱਖੇ ਹੋਏ ਸਨ। ਸੂਤਰਾਂ ਅਨੁਸਾਰ ਅੱਜ ਇਲਾਕੇ ਵਿਚ ਭੁੱਕੀ ਸਪਲਾਈ ਲਈ ਮਹਿੰਦਰਾ ਪਿੱਕਅਪ ਗੱਡੀ ਦੀ ਆਮਦ ਦੀ ਸੂਚਨਾ ਮਿਲਦੇ ਹੀ ਇੰਸਪੈਕਟਰ ਦਲਵੀਰ ਸਿੰਘ ਪੁਲਿਸ ਪਾਰਟੀ ਸਮੇਤ ਮੁੱਲਾਂਪੁਰ ਦਾਖਾ ਇਲਾਕੇ ਵਿਚ ਸਰਗਰਮ ਹੋ ਗਈ। ਪੁਲਿਸ ਵੱਲੋਂ ਕੀਤੀ ਮਿਹਨਤ ਰੰਗ ਵੀ ਲਿਆਈ। ਪਿੰਡ ਬੜੈਚ ਵਿਚ ਪੁਲਿਸ ਨੇ ਮਨਜੀਤ ਸਿੰਘ ਪੁੱਤਰ ਬਲਵੀਰ ਸਿੰਘ ਦੇ ਘਰ ਛਾਪਾਮਾਰੀ ਕੀਤੀ ਤਾਂ ਪੁਲਿਸ ਫੋਰਸ ਨੂੰ ਦੇਖ ਕੇ ਮਨਜੀਤ ਸਿੰਘ ਭੱਜ ਨਿਕਲਿਆ, ਉਸ ਦੇ ਘਰ ਖੜੀ ਮਹਿੰਦਰਾ ਗੱਡੀ ਵਿਚੋਂ 3 ਭੁੱਕੀ ਦੀਆਂ ਬੋਰੀਆਂ ਅਤੇ ਤਲਾਸ਼ੀ ਲੈਣ 'ਤੇ ਘਰ ਵਿਚੋਂ 7 ਬੋਰੀਆਂ ਭੁੱਕੀ ਦੀਆਂ ਬਰਾਮਦ ਹੋਈਆਂ। ਇਸ 'ਤੇ ਪੁਲਿਸ ਪਾਰਟੀ ਨੇ ਭੱਜੇ ਮਨਜੀਤ ਸਿੰਘ ਪਤਨੀ ਸੁਨੀਤਾ ਨੂੰ ਗਿ੍ਫਤਾਰ ਕਰ ਲਿਆ। ਉਸ ਦੀ ਪੁੱਛਗਿੱਛ ਤੋਂ ਬਾਅਦ ਪੁਲਿਸ ਨੇ ਰਣਜੋਧ ਸਿੰਘ ਪੁੱਤਰ ਜੋਰਾ ਸਿੰਘ ਵਾਸੀ ਦਾਖਾ ਦੇ ਘਰ ਛਾਪਾਮਾਰੀ ਕੀਤੀ ਤਾਂ ਇਸ ਘਰ ਵਿਚੋਂ ਭੁੱਕੀ ਦੀਆਂ 25 ਬੋਰੀਆਂ ਬਰਾਮਦ ਹੋਈਆਂ। ਪੁਲਿਸ ਪਾਰਟੀ ਨੇ ਰਣਜੀਤ ਸਿੰਘ ਨੂੰ ਮੌਕੇ 'ਤੇ ਹੀ ਗਿ੍ਫਤਾਰ ਕਰ ਲਿਆ। ਐੱਸਐੱਸਪੀ ਹਰਜੀਤ ਸਿੰਘ ਨੇ ਸੀਆਈਏ ਸਟਾਫ ਦੇ ਮੁਖੀ ਇੰਸਪੈਕਟਰ ਦਲਵੀਰ ਸਿੰਘ ਦੀ ਅਗਵਾਈ ਹੇਠ ਵੱਡੇ ਪੱਧਰ 'ਤੇ ਭੁੱਕੀ ਬਰਾਮਦਗੀ ਦੀ ਪੁਸ਼ਟੀ ਕਰਦਿਆਂ ਕਿਹਾ ਕਿ ਪੁੱਛਗਿੱਛ ਵਿਚ ਭੁੱਕੀ ਤਸੱਕਰੀ ਦੇ ਹੋਰ ਅਹਿਮ ਖੁਲਾਸੇ ਹੋਣਗੇ। ਜਗਰਾਓਂ ਪੁਲਿਸ ਵੱਲੋਂ ਵੱਡੇ ਪੱਧਰ 'ਤੇ ਕੀਤੀ ਗਈ ਬਰਾਮਦ ਭੁੱਕੀ ਦੀ ਬਾਜ਼ਾਰ 'ਚ ਲੱਖਾਂ 'ਚ ਕੀਮਤ ਦੱਸੀ ਜਾ ਰਹੀ ਹੈ।