ਸੰਜੀਵ ਗੁਪਤਾ, ਜਗਰਾਓਂ : ਸਥਾਨਕ ਜੀਟੀ ਰੋਡ 'ਤੇ ਨਾਨਕਸਰ ਨੇੜੇ ਝੁੱਗੀਆਂ ਨੂੰ ਲੱਗੀ ਭਿਆਨਕ ਅੱਗ 'ਚ ਚਾਹੇ ਕੋਈ ਜਾਨੀ ਨੁਕਸਾਨ ਨਹੀਂ ਹੋਇਆ ਪਰ ਹੋਏ ਮਾਲੀ ਨੁਕਸਾਨ ਤੋਂ ਪੀੜਤ ਪਰਿਵਾਰ ਸਦਮੇ 'ਚ ਹਨ। ਇਨ੍ਹਾਂ ਝੁੱਗੀਆਂ 'ਚ ਰਹਿਣ ਵਾਲੇ ਮਿਹਨਤ, ਮਜ਼ਦੂਰੀ ਕਰਕੇ ਤਿਣਕਾ ਤਿਣਕਾ ਜੋੜ ਕੇ ਨਕਦੀ, ਗਹਿਣੇ ਤੇ ਹੋਰ ਸਾਮਾਨ ਅੱਜ ਮਿੰਟਾਂ 'ਚ ਸੜਦਾ ਦੇਖ ਭੁੱਬਾਂ ਮਾਰ ਰੋ ਰਹੇ ਸਨ। ਲੋਕ ਹਮਦਰਦ ਬਣ ਕੇ ਇਕ ਪਾਸੇ ਉਨ੍ਹਾਂ ਦੇ ਆਸ਼ਿਆਨਿਆਂ ਨੂੰ ਲੱਗੀ ਅੱਗ ਬੁਝਾਉਣ 'ਚ ਰੁੱਝੇ ਹੋਏ ਸਨ, ਦੂਜੇ ਪਾਸੇ ਵਿਰਲਾਪ ਕਰ ਰਹੇ ਪਰਿਵਾਰਾਂ ਨੂੰ ਹੌਸਲਾ ਦੇ ਰਹੇ ਸਨ। ਪੀੜਤ ਪਰਿਵਾਰਾਂ ਦੀਆਂ ਅੌਰਤਾਂ ਦਾ ਵਿਰਲਾਪ ਦੇਖਿਆ ਨਹੀਂ ਜਾ ਰਿਹਾ ਸੀ। ਸੜਕ 'ਤੇ ਲਿਟ ਲਿਟ ਕੇ ਰੋਂਦੇ, ਕੁਰਲਾਉਂਦਿਆਂ ਕੋਈ ਬੇਹੋਸ਼ ਹੋ ਜਾਂਦੀ ਤੇ ਕਿਸੇ ਨੂੰ ਦੰਦਲ ਪੈ ਜਾਂਦੀ। ਇਹ ਗਮਗੀਨ ਮਾਹੌਲ ਦੇਖ ਕੇ ਉਮੜੇ ਇਕੱਠ ਦੀਆਂ ਇੱਕ ਵਾਰ ਅੱਖਾਂ ਨਮ ਹੋ ਗਈਆਂ।
ਇਸੇ ਦੌਰਾਨ ਇਕ ਮਜ਼ਦੂਰ ਕਿਸ਼ਨ ਆਪਣੀ ਝੁੱਗੀ ਦੀ ਅੱਗ ਲੱਗਣ ਤੋਂ ਬਾਅਦ ਸੁਆਹ ਫਰੋਲਦੇ ਹੋਏ ਸੜੇ 500-500 ਨੋਟਾਂ ਦਾ ਬੰਡਲ ਤੇ ਸੁਆਹ ਹੋਏ ਗਹਿਣਿਆਂ ਦੀ ਮੁੱਠੀ ਭਰ ਕੇ ਮੌਕੇ 'ਤੇ ਪੁੱਜੇ ਤਹਿਸੀਲਦਾਰ ਮਨਮੋਹਨ ਕੁਮਾਰ ਕੌਸ਼ਿਕ ਅੱਗੇ ਰੋਣ ਲੱਗਾ ਤੇ ਹੱਡ ਤੋੜਵੀਂ ਮਿਹਨਤ ਕਰਕੇ ਕੀਤੀ ਕਮਾਈ ਦੇ ਰਾਖ ਹੋਣ 'ਤੇ ਬਾਂਹ ਫੜਨ ਦੀ ਫ਼ਰਿਆਦ ਕਰਨ ਲੱਗਾ ਜਿਸ 'ਤੇ ਤਹਿਸੀਲਦਾਰ ਨੇ ਉਸ ਨੂੰ ਹੌਂਸਲਾ ਦਿੰਦਿਆਂ ਉਸ ਦੀ ਸੜੀ ਕਰੰਸੀ ਨੂੰ ਬੈਂਕ ਰਾਹੀਂ ਬਦਲਾਉਣ ਤੇ ਪ੍ਰਸ਼ਾਸਨ ਵੱਲੋਂ ਹਰ ਸਹਾਇਤਾ ਦਾ ਭਰੋਸਾ ਦਿੰਦਿਆਂ ਉਸ ਨੂੰ ਹੌਸਲਾ ਦਿੱਤਾ। ਇਸ ਘਟਨਾ ਨੂੰ ਲੈ ਕੇ ਤਹਿਸੀਲਦਾਰ ਵੱਲੋਂ ਮੌਕੇ 'ਤੇ ਤੁਰੰਤ ਪਟਵਾਰੀ ਨੂੰ ਸੱਦ ਕੇ ਸਾਰੇ ਨੁਕਸਾਨ ਦੀ ਰਿਪੋਰਟ ਬਨਾਉਣ ਦੇ ਨਿਰਦੇਸ਼ ਦਿੱਤੇ।