ਜ.ਸ., ਸਮਰਾਲਾ : ਪੰਜਾਬ ਵਿਚ ਤਿੰਨ ਤਲਾਕ ਦਾ ਪਹਿਲਾ ਮਾਮਲਾ ਸਮਰਾਲਾ ਥਾਣੇ ਵਿਚ ਦਰਜ ਹੋਇਆ ਹੈ। ਪਿੰਡ ਕੁੱਬੇ ਦੇ ਵਸਨੀਕ ਯੂਸਫ਼ ਨੇ ਆਪਣੀ ਲੜਕੀ ਨਾਲ ਹੋਈ ਬੇਇਨਸਾਫ਼ੀ ਵਿਰੁੱਧ ਸ਼ਿਕਾਇਤ ਦਿੱਤੀ ਸੀ। ਜਿਸ ’ਤੇ ਪੁਲਿਸ ਨੇ 4 ਵਿਅਕਤੀਆਂ ਵਿਰੁੱਧ 498ਏ ਤਹਿਤ ਕੇਸ ਦਰਜ ਕੀਤਾ ਹੈ। ਪੀੜਤ ਯੂਸਫ ਨੇ ਦੱਸਿਆ ਕਿ ਆਪਣੀ ਧੀ ਦਾ ਵਿਆਹ ਹਿਮਾਚਲ ਪ੍ਰਦੇਸ਼ ਵਾਸੀ ਗੁਲਜ਼ਾਰ ਨਾਲ ਕੀਤਾ ਸੀ। ਨਿਕਾਹ ਵਿਚ 200 ਜਣੇ ਸ਼ਾਮਲ ਹੋਏ ਸਨ। ਮੁਕਲਾਵਾ ਕਿ 11 ਮਾਰਚ 2021 ਨੂੰ ਭੇਜਿਆ ਜਾਣਾ ਸੀ। ਮੁਕਲਾਵੇ ਵਾਲੇ ਦਿਨ ਮੁੰਡੇ ਵਾਲਿਆਂ ਨੇ ਨਵੀਂ ਕਾਰ ਦੀ ਮੰਗ ਕੀਤੀ ਪਰ ਜਦੋਂ ਮੰਗ ਪੂਰੀ ਨਾ ਹੋਈ ਤਾਂ ਉਹ ਬਿਨਾਂ ਮੁਕਲਾਵਾ ਲਏ ਚਲੇ ਗਏ। ਬਾਅਦ ਵਿਚ ਵਿਚੋਲੇ ਨੂਰ ਨੇ ਤਿੰਨ ਤਲਾਕ ਵਾਲਾ ਕਾਗਜ਼ ਭੇਜ ਦਿੱਤਾ। ਜਿਸ ਕਰ ਕੇ ਉਨ੍ਹਾਂ ਨੇ ਅਹਿਦ ਲਿਆ ਕਿ ਉਹ ਇਸ ‘ਤਿੰਨ ਤਲਾਕ’ ਨੂੰ ਸਵੀਕਾਰ ਨਹੀਂ ਕਰਨਗੇ ਤੇ ਕਾਨੂੰਨ ਦਾ ਸਹਾਰਾ ਲੈਣਗੇ। ਯੂਸਫ ਨੇ ਕਿਹਾ ਕਿ ਜੇ ਮੈਂ ਕਾਰ ਨਹੀਂ ਦੇ ਸਕਿਆ ਤਾਂ ਤਿੰਨ ਤਲਾਕ ਦੇ ਕੇ ਮੇਰੀ ਲੜਕੀ ਦੀ ਜ਼ਿੰਦਗੀ ਬਰਬਾਦ ਕਰਨਾ ਵੀ ਬੇਇਨਸਾਫੀ ਹੈ।
ਪੀੜਤ ਲੜਕੀ ਸ਼ਰੀਫਾ ਨੇ ਕਿਹਾ ਕਿ ਆਪਣੇ ਪਿਤਾ ’ਤੇ ਮਾਣ ਹੈ। ਪਿਤਾ ਨੇ ਤਿੰਨ ਤਲਾਕ ਦੇ ਕਾਗਜ਼ ਨਾ ਮੰਨ ਕੇ ਲੜਕੇ ਵਾਲਿਆਂ ਦੇ ਵਿਰੁੱਧ ਸ਼ਿਕਾਇਤ ਦਰਜ ਕਰਵਾਈ ਅਤੇ ਇਸ ’ਤੇ ਕਾਰਵਾਈ ਕਰਨ ਲਈ ਸੈਂਕੜੇ ਵਾਰ ਥਾਣਿਆਂ ਦੇ ਚੱਕਰ ਲਾਏ ਤੇ ਮੈਂ ਨਾਲ ਹੀ ਜਾਂਦੀ ਸਾਂ।
ਕਿਸੇ ਹੋਰ ਕੁੜੀ ਨਾਲ ਇੰਝ ਨਾ ਹੋਵੇ!
ਯੂਸਫ ਨੇ ਕਿਹਾ ਕਿ ਮੈਂ ਇੰਨਾ ਲੜਿਆ ਹਾਂ ਤਾਂ ਕਿ ਕਿਸੇ ਹੋਰ ਲੜਕੀ ਨਾਲ ਅਜਿਹਾ ਕਦੇ ਨਾ ਹੋਵੇ। ਤਿੰਨ ਤਲਾਕ ਕਹਿਣ ਤੋਂ ਬਾਅਦ ਪਤੀ ਨੇ ਬੀਵੀ ਨੂੰ ਛੱਡ ਦਿੱਤਾ। ਇਸ ਨੂੰ ਸਹਿਣ ਨਹੀਂ ਕਰਾਂਗੇ।
ਪੁਲਿਸ ਦਾ ਪੱਖ
ਇਸ ਸਬੰਧੀ ਜਦੋਂ ਸਮਰਾਲਾ ਦੇ ਡੀਐੱਸਪੀ ਹਰਵਿੰਦਰ ਸਿੰਘ ਖਹਿਰਾ ਨੇ ਦੱਸਿਆ ਕਿ ਚਾਰ ਵਿਅਕਤੀਆਂ ਵਿਰੁੱਧ 498ਏ ਤਹਿਤ ਪਰਚਾ ਦਰਜ ਕੀਤਾ ਗਿਆ ਹੈ। ਮੁਲਜ਼ਮਾਂ ਦੀ ਗ੍ਰਿਫ਼ਤਾਰੀ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ। ।