ਸੁਸ਼ੀਲ ਕੁਮਾਰ ਸ਼ਸ਼ੀ, ਲੁਧਿਆਣਾ : ਥਾਣਾ ਡੇਹਲੋਂ ਦੇ ਇਲਾਕੇ ਦੇ ਅਧੀਨ ਪੈਂਦੇ ਇਕ ਪਿੰਡ ਚੋਂ 17 ਵਰ੍ਹਿਆਂ ਦੀ ਲੜਕੀ ਸ਼ੱਕੀ ਹਾਲਾਤਾਂ ਵਿੱਚ ਲਾਪਤਾ ਹੋ ਗਈ। ਪਰਿਵਾਰਕ ਮੈਂਬਰਾਂ ਨੂੰ ਖਦਸ਼ਾ ਹੈ ਕਿ ਅਣਪਛਾਤੇ ਵਿਅਕਤੀ ਨੇ ਆਪਣੇ ਨਿੱਜੀ ਸਵਾਰਥ ਲਈ ਲੜਕੀ ਨੂੰ ਅਗਵਾ ਕੀਤਾ ਹੈ। ਇਸ ਮਾਮਲੇ ਸਬੰਧੀ ਥਾਣਾ ਡੇਹਲੋਂ ਦੀ ਪੁਲਿਸ ਨੂੰ ਜਾਣਕਾਰੀ ਦਿੰਦਿਆਂ ਲੜਕੀ ਦੇ ਭਰਾ ਨੇ ਦੱਸਿਆ ਕਿ 14 ਜੂਨ ਨੂੰ 17 ਸਾਲ ਦੀ ਹੀ ਉਸਦੀ ਭੈਣ ਘਰ ਦੇ ਬਾਹਰੋਂ ਹੀ ਅਚਾਨਕ ਲਾਪਤਾ ਹੋ ਗਈ। 15 ਦਿਨਾਂ ਤਕ ਰਿਸ਼ਤੇਦਾਰਾਂ ਅਤੇ ਵਾਕਫ਼ ਵਿਅਕਤੀਆਂ ਕੋਲੋਂ ਪੁੱਛਗਿੱਛ ਕਰਨ ਦੇ ਬਾਵਜੂਦ ਵੀ ਲੜਕੀ ਸਬੰਧੀ ਕੋਈ ਸੁਰਾਗ ਨਾ ਮਿਲਿਆ। ਪਰਿਵਾਰਕ ਮੈਂਬਰਾਂ ਨੂੰ ਖਦਸ਼ਾ ਹੈ ਕਿ ਕਿਸੇ ਅਣਪਛਾਤੇ ਵਿਅਕਤੀ ਨੇ ਆਪਣੇ ਨਿੱਜੀ ਸਵਾਰਥ ਲਈ ਲੜਕੀ ਨੂੰ ਅਗਵਾ ਕਰ ਕੇ ਲੁਕਾ ਕੇ ਰੱਖਿਆ ਹੋਇਆ ਹੈ। ਮਾਮਲੇ ਦੀ ਗੰਭੀਰਤਾ ਨੂੰ ਦੇਖਦੇ ਹੋਏ ਥਾਣਾ ਡੇਹਲੋਂ ਦੀ ਪੁਲਿਸ ਨੇ ਅਣਪਛਾਤੇ ਮੁਲਜ਼ਮਾਂ ਦੇ ਖ਼ਿਲਾਫ਼ ਐਫਆਈਆਰ ਦਰਜ ਕਰਕੇ ਤਫਤੀਸ਼ ਸ਼ੁਰੂ ਕਰ ਦਿੱਤੀ ਹੈ।
ਵਿਆਹ ਦਾ ਝਾਂਸਾ ਦੇ ਕੇ ਦੋ ਸਕੀਆਂ ਭੈਣਾਂ ਅਗਵਾ
ਉੱਤਰ ਪ੍ਰਦੇਸ਼ ਦੇ ਰਹਿਣ ਵਾਲੇ ਦੋ ਨੌਜਵਾਨਾਂ ਨੇ ਥਾਣਾ ਡੇਹਲੋਂ ਦੇ ਇਲਾਕੇ ਅੰਦਰ ਆਉਂਦੇ ਇਕ ਪਿੰਡ ਦੀ ਮੁਟਿਆਰ ਅਤੇ ਉਸ ਦੀ ਨਾਬਾਲਗ ਭੈਣ ਨੂੰ ਵਿਆਹ ਦਾ ਝਾਂਸਾ ਦੇ ਕੇ ਅਗਵਾ ਕਰ ਲਿਆ ਹੈ। ਇਸ ਮਾਮਲੇ ਸਬੰਧੀ ਥਾਣਾ ਡੇਹਲੋਂ ਦੀ ਪੁਲਿਸ ਨੂੰ ਜਾਣਕਾਰੀ ਦਿੰਦਿਆਂ ਲੜਕੀਆਂ ਦੇ ਪਿਤਾ ਨੇ ਦੱਸਿਆ ਕਿ 16 ਜੂਨ ਨੂੰ ਉਸ ਦੀ18 ਅਤੇ 15 ਸਾਲ ਦੀਆਂ ਦੋਵੇਂ ਧੀਆਂ ਘਰ ਦੇ ਬਾਹਰੋਂ ਭੇਦਭਰੇ ਹਾਲਾਤਾਂ ਵਿਚ ਲਾਪਤਾ ਹੋ ਗਈਆਂ। ਦੋ ਹਫ਼ਤਿਆਂ ਤੱਕ ਉਨ੍ਹਾਂ ਦੀ ਤਲਾਸ਼ ਕਰਨ ਦੇ ਬਾਵਜੂਦ ਵੀ ਲੜਕੀਆਂ ਸਬੰਧੀ ਕੋਈ ਜਾਣਕਾਰੀ ਨਾ ਮਿਲੀ। ਇਸੇ ਦੌਰਾਨ ਲੜਕੀ ਦੇ ਪਿਤਾ ਨੂੰ ਪਤਾ ਲੱਗਾ ਕਿ ਉੱਤਰ ਪ੍ਰਦੇਸ਼ ਦੇ ਰਹਿਣ ਵਾਲੇ ਸ਼ਿਵਮ ਅਤੇ ਰਾਮ ਨੇ ਵਿਆਹ ਦਾ ਝਾਂਸਾ ਦੇ ਕੇ ਉਨ੍ਹਾਂ ਦੀਆਂ ਦੋਵਾਂ ਬੇਟੀਆਂ ਨੂੰ ਅਗਵਾ ਕਰ ਲਿਆ ਹੈ। ਉਧਰ ਇਸ ਮਾਮਲੇ ਵਿਚ ਥਾਣਾ ਡੇਹਲੋਂ ਦੇ ਏਐਸਆਈ ਸੁਰਿੰਦਰ ਸਿੰਘ ਦਾ ਕਹਿਣਾ ਹੈ ਕਿ ਪੁਲਿਸ ਨੇ ਲੜਕੀ ਦੇ ਪਿਤਾ ਦੇ ਬਿਆਨ ਉੱਪਰ ਸ਼ਿਵਮ ਤੇ ਰਾਮ ਦੇ ਖਿਲਾਫ ਕੇਸ ਦਰਜ ਲੜਕੀਆਂ ਤੇ ਮੁਲਜ਼ਮਾਂ ਦੀ ਤਲਾਸ਼ ਸ਼ੁਰੂ ਕਰ ਦਿੱਤੀ ਹੈ।