ਜੇਐੱਨਐੱਨ, ਮੋਗਾ : ਚੋਣ ਕਮਿਸ਼ਨ ਤੋਂ ਸਲਾਹ ਲੈਣ ਤੋਂ ਬਾਅਦ ਆਖਰਕਾਰ ਫਿਲਮ ਅਦਾਕਾਰ ਸੋਨੂੰ ਸੂਦ ਖਿਲਾਫ ਐਤਵਾਰ ਦੇਰ ਰਾਤ ਥਾਣਾ-1 'ਚ ਚੋਣ ਜ਼ਾਬਤੇ ਦੀ ਉਲੰਘਣਾ ਕਰਨ ਦੇ ਦੋਸ਼ ਤਹਿਤ ਧਾਰਾ-188 ਤਹਿਤ ਮਾਮਲਾ ਦਰਜ ਕਰ ਲਿਆ ਗਿਆ। ਸੁਪਰਵਾਈਜ਼ਰ ਦੇ ਨਿਰਦੇਸ਼ਾਂ 'ਤੇ ਪੁਲਿਸ ਨੇ ਕਾਲੇ ਰੰਗ ਦੀ ਐਂਡੈਵਰ ਕਾਰ ਜਿਸ ਵਿਚ ਸੋਨੂੰ ਸੂਦ ਨੂੰ ਰੋਕਿਆ ਸੀ, ਨੂੰ ਜ਼ਬਤ ਕਰ ਲਿਆ ਗਿਆ ਹੈ। ਐਸਡੀਐਮ ਸਤਵੰਤ ਸਿੰਘ ਨੇ ਦੱਸਿਆ ਕਿ ਸੁਪਰਵਾਈਜ਼ਰ ਦੇ ਹੁਕਮਾਂ ’ਤੇ ਇਹ ਕਾਰਵਾਈ ਸਿੱਧੇ ਤੌਰ ’ਤੇ ਐਸਐਸਪੀ ਪੱਧਰ ’ਤੇ ਹੋਈ ਹੈ।
ਨਿਯਮਾਂ ਮੁਤਾਬਕ ਚਾਰ ਲੋਕ ਪੋਲਿੰਗ ਵਾਲੇ ਦਿਨ ਕਾਰ 'ਚ ਨਹੀਂ ਘੁੰਮ ਸਕਦੇ ਸੀ, ਸੋਨੂੰ ਚਾਰ ਲੋਕਾਂ ਨਾਲ ਕਾਰ 'ਚ ਮੌਜੂਦ ਸਨ। ਹਾਲਾਂਕਿ ਸੋਨੂੰ ਸੂਦ ਇਕ ਫਿਲਮ ਦੀ ਸ਼ੂਟਿੰਗ ਦੇ ਸਿਲਸਿਲੇ 'ਚ ਐਤਵਾਰ ਸ਼ਾਮ ਨੂੰ ਦੱਖਣੀ ਅਫਰੀਕਾ ਲਈ ਰਵਾਨਾ ਹੋ ਗਏ। ਸੋਨੂੰ ਸੂਦ ਦੀ ਕਾਰ ਰੁਕਣ ਤੋਂ ਬਾਅਦ ਉਨ੍ਹਾਂ ਮੁੱਖ ਚੋਣ ਅਫ਼ਸਰ ਪੰਜਾਬ ਨੂੰ ਟਵਿੱਟਰ ਰਾਹੀਂ ਜਾਣਕਾਰੀ ਦਿੱਤੀ ਕਿ ਮੋਗਾ ਵਿਧਾਨ ਸਭਾ ਹਲਕੇ 'ਚ ਅਕਾਲੀ ਉਮੀਦਵਾਰ ਵੋਟਰਾਂ ਨੂੰ ਪੈਸੇ ਆਦਿ ਵੰਡ ਕੇ ਚੋਣਾਂ ਨੂੰ ਪ੍ਰਭਾਵਿਤ ਕਰ ਰਹੇ ਹਨ।
ਥਾਣਾ-1 'ਚ ਦਰਜ ਐੱਫ.ਆਈ.ਆਰ. ਮੁਤਾਬਕ ਦੱਸਿਆ ਗਿਆ ਸੀ ਕਿ ਸੋਨੂੰ ਸੂਦ ਮੁੰਬਈ ਦੇ ਕੁਝ ਲੋਕਾਂ ਨਾਲ ਮਿਲ ਕੇ ਆਪਣੀ ਭੈਣ ਮਾਲਵਿਕਾ ਸੂਦ ਲਈ ਪ੍ਰਚਾਰ ਕਰ ਰਹੇ ਸਨ। ਉਨ੍ਹਾਂ ਦੀ ਭੈਣ ਮਾਲਵਿਕਾ ਸੂਦ ਕਾਂਗਰਸ ਦੀ ਮੋਗਾ ਵਿਧਾਨ ਸਭਾ ਸੀਟ ਤੋਂ ਉਮੀਦਵਾਰ ਹੈ। ਹਾਲਾਂਕਿ ਉਹ ਜਿਸ ਕਾਰ 'ਚ ਸਫਰ ਕਰ ਰਹੇ ਸਨ, ਉਹ ਖੁਦ ਸੋਨੂੰ ਸੂਦ ਦੇ ਨਾਂ 'ਤੇ ਨਹੀਂ ਹੈ। ਥਾਣੇ ਦੇ ਰਿਕਾਰਡ ਅਨੁਸਾਰ ਗੱਡੀ ਹਰਵਿੰਦਰ ਸਿੰਘ ਉਰਫ਼ ਕਾਲਾ ਵਾਸੀ ਦੱਤ ਰੋਡ ਮੋਗਾ ਦੇ ਨਾਂ ’ਤੇ ਹੈ। ਹਾਲਾਂਕਿ ਇਹ ਕਾਰ ਅਕਸਰ ਸੋਨੂੰ ਸੂਦ ਦੀ ਰਿਹਾਇਸ਼ 'ਤੇ ਖੜ੍ਹੀ ਹੁੰਦੀ ਸੀ ਪਰ ਉਹ ਇਸ ਦੀ ਵਰਤੋਂ ਚੋਣਾਂ 'ਚ ਕਰ ਰਹੇ ਸੀ।
ਐਫਆਈਆਰ 'ਚ ਜ਼ਿਕਰ ਕੀਤਾ ਗਿਆ ਹੈ ਕਿ ਚੋਣ ਡਿਊਟੀ 'ਤੇ ਤਾਇਨਾਤ ਪੁਲਿਸ ਅਧਿਕਾਰੀ ਹਰਪ੍ਰੀਤ ਸਿੰਘ ਨੇ ਦਾਅਵਾ ਕੀਤਾ ਕਿ ਉਸਨੂੰ ਇਕ ਮੁਖਬਰ ਤੋਂ ਸੂਚਨਾ ਮਿਲੀ ਸੀ ਕਿ ਸੋਨੂੰ ਮੁੰਬਈ ਦੇ ਲੋਕਾਂ ਨਾਲ ਆਪਣੀ ਭੈਣ ਲਈ ਚੋਣ ਪ੍ਰਚਾਰ ਕਰ ਰਹੇ ਸਨ ਤੇ ਉਹ ਇਕ ਪੋਲਿੰਗ ਸਟੇਸ਼ਨ ਦੇ ਬਾਹਰ ਕਾਰ 'ਚ ਸਨ। ਸੋਨੂੰ ਸੂਦ ਨੇ ਪਹਿਲਾਂ ਹੀ ਆਪਣੇ 'ਤੇ ਲੱਗੇ ਦੋਸ਼ਾਂ ਨੂੰ ਨਕਾਰਦਿਆਂ ਕਿਹਾ ਹੈ ਕਿ ਉਨ੍ਹਾਂ ਨੂੰ ਸੂਚਨਾ ਮਿਲੀ ਸੀ ਕਿ ਅਕਾਲੀ ਉਮੀਦਵਾਰ ਬਰਜਿੰਦਰ ਸਿੰਘ ਬਰਾੜ ਉਰਫ ਮੱਖਣ ਪੋਲਿੰਗ ਬੂਥ ਦੇ ਬਾਹਰ ਪਾਰਟੀ ਬੂਥ 'ਚ ਬੈਠੇ ਸਾਡੇ ਵਰਕਰਾਂ ਨੂੰ ਧਮਕੀਆਂ ਦੇ ਰਿਹਾ ਹੈ, ਇਸ ਸੂਚਨਾ ਦੇ ਆਧਾਰ 'ਤੇ ਉਹ ਉੱਥੋਂ ਚਲੇ ਗਏ।