ਸੰਜੀਵ ਗੁਪਤਾ, ਜਗਰਾਓਂ : ਥਾਣਾ ਸਿਟੀ ਦੀ ਪੁਲਿਸ ਨੇ ਘਰ ਬਾਹਰੋਂ ਆਟੋ ਚੋਰੀ ਕਰਨ ਵਾਲੇ ਦੋ ਵਿਅਕਤੀਆਂ ਨੂੰ ਸ਼ਿਕਾਇਤ ਮਿਲਦਿਆਂ ਹੀ ਆਟੋ ਸਮੇਤ 24 ਘੰਟਿਆਂ 'ਚ ਗਿ੍ਫ਼ਤਾਰ ਕਰ ਲਿਆ। ਬੁੱਧਵਾਰ ਥਾਣਾ ਸਿਟੀ ਦੇ ਮੁਖੀ ਇੰਸਪੈਕਟਰ ਹਰਜਿੰਦਰ ਸਿੰਘ ਨੇ ਦੱਸਿਆ ਚੂੰਗੀ ਨੰਬਰ 7 ਵਾਸੀ ਰਿੰਕੂ ਜੋ ਕਿ ਆਟੋ ਚਲਾ ਕੇ ਆਪਣੇ ਘਰ ਦਾ ਗੁਜ਼ਾਰਾ ਕਰਦਾ ਹੈ।
ਬੀਤੀ 24 ਜੂਨ ਦੀ ਰਾਤ ਨੂੰ ਉਹ ਰੋਜ ਵਾਂਗ ਘਰ ਦੇ ਬਾਹਰ ਆਟੋ ਖੜ੍ਹਾ ਕਰਕੇ ਸੌਂ ਗਿਆ। ਸਵੇਰੇ ਉਠ ਕੇ ਦੇਖਿਆ ਤਾਂ ਉਸ ਦਾ ਆਟੋ ਗਾਇਬ ਸੀ, ਜਿਸ 'ਤੇ ਉਹ ਆਪਣੇ ਤੌਰ 'ਤੇ ਭਾਲ ਕਰਦਾ ਰਿਹਾ। ਆਟੋ ਨਾ ਮਿਲਣ 'ਤੇ ਉਸ ਨੇ ਕੱਲ੍ਹ 28 ਜੂਨ ਨੂੰ ਆਟੋ ਚੋਰੀ ਮਾਮਲੇ ਦੀ ਸ਼ਿਕਾਇਤ ਥਾਣਾ ਸਿਟੀ ਵਿਖੇ ਦਰਜ ਕਰਵਾਈ। ਇਸ ਮਾਮਲੇ 'ਚ ਸਬ ਇੰਸਪੈਕਟਰ ਮਨਜੀਤ ਸਿੰਘ ਨੇ ਜਾਂਚ ਕਰਦਿਆਂ ਆਟੋ ਚੋਰੀ ਕਰਨ ਵਾਲੇ ਪ੍ਰਗਟ ਸਿੰਘ ਤੇ ਕਮਲਪ੍ਰਰੀਤ ਸਿੰਘ ਉਰਫ ਕਾਲੂ ਵਾਸੀਆਨ ਸੋਹੀਆਂ ਨੂੰ ਕੁਝ ਘੰਟਿਆਂ 'ਚ ਹੀ ਗਿ੍ਫਤਾਰ ਕਰ ਲਿਆ। ਉਕਤ ਦੋਵਾਂ ਦੀ ਗਿ੍ਫਤਾਰੀ ਦੇ ਨਾਲ ਹੀ ਉਨ੍ਹਾਂ ਦੀ ਨਿਸ਼ਾਨਦੇਹੀ 'ਤੇ ਚੋਰੀ ਕੀਤਾ ਆਟੋ ਵੀ ਬਰਾਮਦ ਕਰ ਲਿਆ। ਉਨ੍ਹਾਂ ਕਿਹਾ ਉਕਤ ਦੋਵਾਂ ਨੂੰ ਅਦਾਲਤ ਵਿਚ ਪੇਸ਼ ਕਰਕੇ ਪੁਲਿਸ ਰਿਮਾਂਡ ਹਾਸਲ ਕਰ ਲਿਆ ਹੈ, ਜਿਸ ਵਿਚ ਇਨ੍ਹਾਂ ਵੱਲੋਂ ਚੋਰੀ ਦੀਆਂ ਹੋਰ ਵਾਰਦਾਤਾਂ 'ਚ ਸ਼ਮੂਲੀਅਤ ਬਾਰੇ ਵੀ ਪੁੱਛਗਿਛ ਕੀਤੀ ਜਾਵੇਗੀ।