ਸਰਵਣ ਸਿੰਘ ਭੰਗਲਾਂ, ਸਮਰਾਲਾ : ਅੱਜ ਭਾਰਤੀ ਕਿਸਾਨ ਯੂਨੀਅਨ ਕਾਦੀਆਂ ਵੱਲੋਂ ਜ਼ਿਲ੍ਹਾ ਪ੍ਰਧਾਨ ਹਰਦੀਪ ਸਿੰਘ ਗਿਆਸਪੁਰਾ ਦੀ ਅਗਵਾਈ 'ਚ ਸਮੁੱਚੀ ਜਥੇਬੰਦੀ ਵੱਲੋਂ ਕਿਸਾਨਾਂ ਨੂੰ ਯੂਰੀਆ ਖਾਦ ਦੀ ਸਪਲਾਈ ਦੀ ਚੱਲਦੀ ਆ ਰਹੀ ਘਾਟ ਦੇ ਰੋਸ ਵਜੋਂ ਘੁਲਾਲ ਟੋਲ ਪਲਾਜ਼ਾ 'ਤੇ ਧਰਨਾ ਲਾਇਆ ਗਿਆ।
ਸਵੇਰ ਤੋਂ ਸ਼ੁਰੂ ਕੀਤੇ ਇਸ ਧਰਨੇ ਨਾਲ ਲੁਧਿਆਣਾ ਤੋਂ ਚੰਡੀਗੜ੍ਹ ਜਾਣ ਵਾਲੀ ਸਾਰੀ ਟ੍ਰੈਫਿਕ ਪ੍ਰਭਾਵਿਤ ਹੋਈ। ਜਥੇਬੰਦੀ ਦੇ ਜ਼ਿਲ੍ਹਾ ਪ੍ਰਧਾਨ ਹਰਦੀਪ ਸਿੰਘ ਗਿਆਸਪੁਰਾ, ਮਾਛੀਵਾੜਾ ਬਲਾਕ ਦੇ ਪ੍ਰਧਾਨ ਮੋਹਣ ਸਿੰਘ ਬਾਲਿਓ ਤੇ ਸਮਰਾਲਾ ਬਲਾਕ ਦੇ ਪ੍ਰਧਾਨ ਨਮਰੋਜ ਸਿੰਘ ਰੋਜੀ ਉਟਾਲਾਂ ਨੇ ਸਾਂਝੇ ਤੌਰ 'ਤੇ ਕਿਹਾ ਕਿ ਅਗੇਤੇ ਆਲੂਆਂ ਤੇ ਕਣਕ ਦੀ ਲਵਾਈ ਦਾ ਸੀਜਨ ਹੋਣ ਕਰਕੇ ਕਿਸਾਨਾਂ ਨੂੰ ਖੇਤਾਂ ਲਈ ਲੋੜੀਂਦਾ ਯੂਰੀਆ ਨਹੀਂ ਮਿਲ ਰਿਹਾ ਤੇ ਸਰਕਾਰ ਦੀ ਿਢੱਲਮੱਠ ਕਰਕੇ ਇਹ ਯੂਰੀਆ ਸਹਿਕਾਰੀ ਸਭਾਵਾਂ 'ਚੋਂ ਮਿਲਣ ਦੇ ਬਜਾਏ, ਕਿਸਾਨਾਂ ਨੂੰ ਖੁੱਲ੍ਹੇ ਬਾਜ਼ਾਰ 'ਚੋਂ ਬਲੈਕ 'ਚ ਖਰੀਦਣਾ ਪੈ ਰਿਹਾ ਹੈ ਜਿਸ ਕਰਕੇ ਵਪਾਰੀ ਵਰਗ ਕਿਸਾਨਾਂ ਦਾ ਆਰਥਿਕ ਸ਼ੋਸ਼ਣ ਕਰ ਰਿਹਾ ਹੈ ਜਦਕਿ ਇਹ ਮੁੱਢਲੀ ਜ਼ਿੰਮੇਵਾਰੀ ਸਰਕਾਰ ਦੀ ਹੀ ਬਣਦੀ ਹੈ ਕਿ ਉਹ ਸਹਿਕਾਰੀ ਸਭਾਵਾਂ 'ਚੋਂ ਸਰਕਾਰੀ ਰੇਟਾਂ ਤੇ ਹੀ ਯੂਰੀਆ ਕਿਸਾਨਾਂ ਨੂੰ ਮੁਹੱਈਆ ਕਰਵਾਏ। ਆਗੂਆਂ ਨੇ ਕਿਹਾ ਪਿਛਲੇ ਕਈ ਦਿਨਾਂ ਤੋਂ ਇਹ ਕਿਲਤ ਇਸੇ ਤਰ੍ਹਾਂ ਚੱਲਦੀ ਆ ਰਹੀ ਸੀ ਜਿਸ ਕਰਕੇ ਉਨ੍ਹਾਂ ਨੂੰ ਮਜ਼ਬੂਰ ਹੋ ਕੇ ਆਪਣੇ ਬਣਦੇ ਹੱਕ ਲੈਣ ਲਈ ਇਹ ਧਰਨਾ ਲਾਉਣ ਲਈ ਮਜਬੂਰ ਹੋਣਾ ਪਿਆ। ਬਾਅਦ ਦੁਪਿਹਰ ਇਸ ਧਰਨੇ ਨੂੰ ਖੁੱਲ੍ਹਵਾਉਣ ਲਈ ਮਾਰਕਫੈੱਡ ਤੇ ਇਫਕੋ ਦੇ ਮੈਨੇਜਰ, ਏਆਰ ਸਮਰਾਲਾ ਤੇ ਤਹਿਸੀਲਦਾਰ ਸਮਰਾਲਾ ਮੌਕੇ 'ਤੇ ਪੁੱਜੇ ਤੇ ਜਥੇਬੰਦੀ ਦੇ ਆਗੂਆਂ ਨਾਲ ਗੱਲਬਾਤ ਕਰਕੇ ਉਨ੍ਹਾਂ ਨੂੰ ਭਰੋਸਾ ਦਿਵਾਇਆ ਕਿ ਕਲ੍ਹ ਤਕ ਯੂਰੀਆ ਦੇ ਰੈਕ ਲਗਵਾ ਕੇ ਸਹਿਕਾਰੀ ਸਭਾਵਾਂ 'ਚ ਯੂਰੀਆ ਪੁੱਜਦਾ ਕੀਤਾ ਜਾਵੇਗਾ। ਜ਼ਿਲ੍ਹਾ ਪ੍ਰਧਾਨ ਹਰਦੀਪ ਸਿੰਘ ਗਿਆਸਪੁਰਾ ਨੇ ਐਲਾਨ ਕੀਤਾ ਕਿ ਅਧਿਕਾਰੀਆ ਦੇ ਭਰੋਸੇ ਤੋਂ ਬਾਅਦ ਧਰਨਾ ਮੁਲਤਵੀ ਕੀਤਾ ਗਿਆ ਹੈ ਪਰ ਜੇਕਰ ਕਲ੍ਹ ਤਕ ਕੀਤੇ ਵਾਅਦੇ ਅਨੁਸਾਰ ਕਿਸਾਨਾਂ ਨੂੰ ਖਾਦ ਨਾ ਮਿਲੀ ਤਾਂ ਇਹ ਧਰਨਾ ਮੁੜ ਅਣਮਿੱਥੇ ਸਮੇਂ ਤਕ ਦੁਬਾਰਾ ਲਾ ਦਿੱਤਾ ਜਾਵੇਗਾ।
ਇਸ ਮੌਕੇ ਕਿਰਨਦੀਪ ਸਿੰਘ ਸਰਪੰਚ ਬਾਲਿਓਂ, ਉਜਾਗਰ ਸਿੰਘ ਚਹਿਲਾਂ, ਬਚਿੱਤਰ ਸਿੰਘ ਘੁਲਾਲ, ਬਹਾਦਰ ਸਿੰਘ ਰੋਹਲੇ, ਮਨਜੀਤ ਸਿੰਘ ਰੋਹਲੇ, ਤੇਜਿੰਦਰ ਸਿੰਘ ਘੁਲਾਲ, ਗੁਰਮੁੱਖ ਸਿੰਘ ਢੰਡੇ, ਨੇਤਰ ਸਿੰਘ ਢੰਡੇ, ਕੁਲਦੀਪ ਸਿੰਘ ਗੜੀ, ਮਨਪ੍ਰਰੀਤ ਸਿੰਘ ਘੁਲਾਲ ਆਦਿ ਹਾਜ਼ਰ ਸਨ।