ਕੌਸ਼ਲ ਮੱਲ੍ਹਾ, ਹਠੂਰ : ਗ੍ਰਾਮ ਪੰਚਾਇਤ ਡੱਲਾ ਦੀ ਮੀਟਿੰਗ ਸਰਪੰਚ ਜਸਵਿੰਦਰ ਕੌਰ ਸਿੱਧੂ ਦੀ ਅਗਵਾਈ ਹੇਠ ਪਿੰਡ ਡੱਲਾ ਵਿਖੇ ਹੋਈ। ਇਸ ਮੀਟਿੰਗ ਨੂੰ ਸੰਬੋਧਨ ਕਰਦਿਆਂ ਪ੍ਰਧਾਨ ਨਿਰਮਲ ਸਿੰਘ ਡੱਲਾ ਨੇ ਕਿਹਾ ਸਮੇਂ-ਸਮੇਂ ਦੀਆਂ ਸਰਕਾਰਾਂ ਨੇ ਸਿੱਖ ਕੌਮ ਨਾਲ ਮਤਰੇਈ ਮਾਂ ਵਰਗਾ ਸਲੂਕ ਕੀਤਾ ਹੈ।
ਉਨ੍ਹਾਂ ਕਿਹਾ ਸਰਕਾਰਾਂ ਦੀ ਚਾਪਲੂਸੀ ਕਰਨ ਵਾਲੇ ਵਿਅਕਤੀਆਂ ਨੂੰ ਜਲਦੀ ਜੇਲ੍ਹਾਂ 'ਚੋਂ ਰਿਹਾਅ ਕੀਤਾ ਜਾਦਾ ਹੈ ਪਰ ਮਾਨਯੋਗ ਕੋਰਟ ਵੱਲੋ ਐਲਾਨੀ ਸਜਾ ਪੂਰੀ ਹੋਣ ਦੇ ਬਾਵਜੂਦ ਵੀ ਸਿੱਖ ਕੈਦੀਆਂ ਨੂੰ ਜੇਲ੍ਹਾਂ 'ਚੋਂ ਰਿਹਾਅ ਨਹੀਂ ਕੀਤਾ ਜਾ ਰਿਹਾ ਜੋ ਸਰਕਾਰਾਂ ਦੀ ਬਦਨੀਤੀ ਦਾ ਸ਼ਿਕਾਰ ਹੋ ਰਹੇ ਹਨ। ਉਨ੍ਹਾਂ ਬੰਦੀ ਸਿੰਘਾਂ ਦੀ ਰਿਹਾਈ ਲਈ ਚੰਡੀਗੜ੍ਹ ਵਿਖੇ ਚੱਲ ਰਹੇ ਇਨਸਾਫ ਮੋਰਚੇ ਦੀ ਹਮਾਇਤ ਕਰਦਿਆਂ ਕਿਹਾ ਆਉਣ ਵਾਲੇ ਦਿਨਾਂ 'ਚ ਪਿੰਡ ਡੱਲਾ ਤੋਂ ਚੰਡੀਗੜ੍ਹ ਇਨਸਾਫ ਮੋਰਚੇ 'ਚ ਸ਼ਾਮਲ ਹੋਣ ਲਈ ਕਾਫਲਾ ਰਵਾਨਾ ਹੋਇਆ ਕਰੇਗਾ ਤੇ ਹਰ ਹਫਤੇ ਪਿੰਡ ਡੱਲਾ ਦੇ ਹਰ ਵਾਰਡ 'ਚੋਂ ਨੌਜਵਾਨ ਤੇ ਬੀਬੀਆਂ ਮੋਰਚੇ 'ਚ ਸ਼ਾਮਲ ਹੋਣਗੀਆਂ। ਉਨ੍ਹਾਂ ਪਿੰਡ ਵਾਸੀਆਂ ਨੂੰ ਅਪੀਲ ਕੀਤੀ ਕਿ ਪਾਰਟੀਬਾਜ਼ੀ ਤੋਂ ਉਪਰ ਉੱਠ ਕੇ ਬੰਦੀ ਸਿੰਘਾਂ ਦੀ ਰਿਹਾਈ ਲਈ ਇੱਕ ਝੰਡੇ ਥੱਲੇ ਇਕੱਠੇ ਹੋਣਾ ਅੱਜ ਸਮੇਂ ਦੀ ਮੁੱਖ ਲੋੜ ਹੈ।
ਇਸ ਮੌਕੇ ਪ੍ਰਧਾਨ ਜੋਰਾ ਸਿੰਘ ਸਰਾਂ, ਪ੍ਰਧਾਨ ਧੀਰਾ ਸਿੰਘ ਡੱਲਾ, ਯੂਥ ਆਗੂ ਕਰਮਜੀਤ ਸਿੰਘ ਕੰਮੀ, ਇਕਬਾਲ ਸਿੰਘ, ਕੁਲਵਿੰਦਰ ਸਿੰਘ, ਕਾਲਾ ਸਿੰਘ, ਜੌਰ ਸਿੰਘ, ਬਿੰਦੀ ਸਿੰਘ, ਗੁਰਚਰਨ ਸਿੰਘ ਆਦਿ ਹਾਜ਼ਰ ਸਨ।