ਸੰਜੀਵ ਗੁਪਤਾ, ਜਗਰਾਓਂ : ਪਸ਼ੂ ਮੰਡੀ ਵਿਖੇ ਅੰਤਰਰਾਸ਼ਟਰੀ 16ਵੇਂ ਪੀਡੀਐੱਫਏ ਡੇਅਰੀ ਅਤੇ ਖੇਤੀ ਐਕਸਪੋ 2023 ਦੇ ਦੁੱਧ ਚੁਆਈ ਮੁਕਾਬਲਿਆਂ ਵਿਚ ਕਰਨਾਲ ਦੇ ਪਿੰਡ ਬੀਬੀਪੁਰ ਜਟਾਨ ਦੇ ਕ੍ਰਿਸ਼ਨ ਕੁਮਾਰ ਦੀ ਗਾਂ ਨੇ 72.060 ਕਿੱਲੋ ਦੁੱਧ ਦੇ ਕੇ ਕੌਮੀ ਰਿਕਾਰਡ ਤੋੜਦਿਆਂ ਆਪਣਾ ਰਿਕਾਰਡ ਕਾਇਮ ਕੀਤਾ। ਇਸ ਜੇਤੂ ਗਾਂ ਦੇ ਮਾਲਕ ਨੂੰ ਪੀਡੀਐੱਫਏ ਵੱਲੋਂ ਦਿੱਲੀ ਤੋਂ ਵਿਸ਼ੇਸ਼ ਤੌਰ ’ਤੇ ਪੁੱਜੇ ਕੌਮੀ ਪਸ਼ੂ ਪਾਲਣ ਵਿਭਾਗ ਦੇ ਸੈਕਟਰੀ ਰਾਜੇਸ਼ ਕੁਮਾਰ ਸਿੰਘ, ਪੰਜਾਬ ਖਾਦੀ ਬੋਰਡ ਦੇ ਚੇਅਰਮੈਨ ਦਿਲਵੀਰ ਸਿੰਘ, ਪੀਡੀਐੱਫਏ ਦੇ ਪ੍ਰਧਾਨ ਦਲਜੀਤ ਸਿੰਘ ਸਦਰਪੁਰਾ ਸਮੇਤ ਸ਼ਖਸੀਅਤਾਂ, ਮੁੱਖ ਮਹਿਮਾਨਾਂ ਅਤੇ ਮੈਂਬਰਾਂ ਵੱਲੋਂ ਲੱਖਾਂ ਰੁਪਏ ਦੀ ਕੀਮਤ ਦਾ ਜੌਨ ਡੀਅਰ ਟਰੈਕਟਰ ਨਾਲ ਨਿਵਾਜਿਆ ਗਿਆ।
ਇਸ ਤੋਂ ਇਲਾਵਾ ਮੋਗਾ ਦੇ ਪਿੰਡ ਨੂਰਪੁਰ ਹਕੀਮਾਂ ਦੇ ਹਰਪ੍ਰੀਤ ਸਿੰਘ ਦੀ ਗਾਂ ਨੇ 68.400 ਕਿਲੋਗ੍ਰਾਮ ਦੁੱਧ ਦਿੰਦਿਆਂ ਦੂਜਾ ਸਥਾਨ ਅਤੇ ਕਰਨਾਲ ਦੇ ਪਿੰਡ ਜੰਜਾਰੀ ਦੇ ਕਿਸਾਨ ਸੁਨੀਲ ਦੀ ਗਾਂ ਨੇ 68.250 ਕਿਲੋਗ੍ਰਾਮ ਦੁੱਧ ਦਿੰਦਿਆਂ ਤੀਜਾ ਸਥਾਨ ਹਾਸਲ ਕੀਤਾ ਜਿਨ੍ਹਾਂ ਨੂੰ ਸੰਸਥਾ ਵੱਲੋਂ ਨਕਦ ਇਨਾਮਾਂ ਨਾਲ ਸਨਮਾਨਿਤ ਕੀਤਾ ਗਿਆ। ਇਸ ਮੌਕੇ ਕੌਮੀ ਪਸ਼ੂ ਪਾਲਣ ਵਿਭਾਗ ਦੇ ਸੈਕਟਰੀ ਰਾਜੇਸ਼ ਕੁਮਾਰ ਸਿੰਘ ਨੇ ਪੀਡੀਐੱਫਏੇ ਨੂੰ ਪਿਛਲੇ ਵਰਿ੍ਹਆਂ ਵਾਂਗ ਕੌਮਾਂਤਰੀ ਐਕਸਪੋ ਦੀ ਸਫਲਤਾ ’ਤੇ ਵਧਾਈ ਦਿੰਦਿਆਂ ਕਿਹਾ ਕਿ ਪੀਡੀਐੱਫਏੇ ਨੇ ਬਰੀਡ ਵਿਚ ਲਾਮਿਸਾਲ ਕ੍ਰਾਂਤੀ ਲਿਆਂਉਂਦਿਆਂ ਅੰਤਰਰਾਸ਼ਟਰੀ ਪੱਧਰ ’ਤੇ ਨਾਮਣਾ ਖੱਟਿਆ ਹੈ। ਕੌਮੀ ਵਿਭਾਗ ਪੀਡੀਐੱਫਏੇ ਨਾਲ ਹੱਥ ਮਿਲਾ ਕੇ ਦੇਸ਼ ਦੇ ਸਾਰੇ ਸੂਬਿਆਂ ਵਿਚ ਕੋਆਪ੍ਰੇਟਿਵ ਡੇਅਰੀ ਨੂੰ ਮਜ਼ਬੂਤ ਕਰਨ ਲਈ ਵੱਡੇ ਅਤੇ ਕ੍ਰਾਂਤੀਕਾਰੀ ਫ਼ੈਸਲੇ ਲਵੇਗਾ। ਅੱਜ ਵੀ ਉਹ ਇਸੇ ਮਕਸਦ ਦੀ ਪੂਰਤੀ ਲਈ ਇਸ ਐਕਸਪੋ ਦਾ ਦੌਰਾ ਕਰਨ ਆਏ ਹਨ। ਦੌਰੇ ਦੌਰਾਨ ਉਨ੍ਹਾਂ ਜਿਨ੍ਹਾਂ ਇਸ ਐਕਸਪੋ ਦੀ ਸਫਲਤਾ ਬਾਰੇ ਸੁਣਿਆ ਸੀ, ਉਸ ਤੋਂ ਵੀ ਵੱਧ ਦੇਖਣ ਨੂੰ ਮਿਲਿਆ।
ਇਸ ਮੌਕੇ ਪ੍ਰਧਾਨ ਦਲਜੀਤ ਸਿੰਘ ਸਦਰਪੁਰਾ ਨੇ ਕਿਹਾ ਕਿ ਇਹ ਡੇਅਰੀ ਐਕਸਪੋ ਪਿਛਲੇ 16 ਸਾਲਾਂ ਤੋਂ ਕਿਸਾਨਾਂ ਲਈ ਕਿਸਾਨਾਂ ਵੱਲੋਂ ਹੀ ਕਰਵਾਈ ਜਾਂਦੀ ਹੈ। ਇਸ ਵਾਰ ਐਕਸਪੋ ਨੂੰ ਹੋਰ ਵੱਡਾ ਬਣਾਉਣ ਲਈ ਬਰੀਡ ਅਤੇ ਦੁੱਧ ਚੁਆਈ ਦੇ ਮੁਕਾਬਲਿਆਂ ਦੇ ਇਨਾਮ ਦੁੱਗਣੇ ਕੀਤੇ ਗਏ ਸਨ ਜਿਸ ਬਦੌਲਤ ਇਸ ਵਾਰ ਪੰਜਾਬ ਜਾਂ ਨੇੜਲੇ ਸੂਬਿਆਂ ਤੋਂ ਹੀ ਨਹੀਂ ਸਗੋਂ ਦੇਸ਼ ਭਰ ਤੋਂ ਡੇਅਰੀ ਮਾਲਕ ਪਹੁੰਚੇ ਹਨ।
ਇਸ ਮੌਕੇ ਜੁਆਇੰਟ ਸਕੱਤਰ ਜੀਐੱਨ ਸਿੰਘ, ਡਿਪਟੀ ਕਮਿਸ਼ਨਰ ਗਗਨ ਸਿੰਘ, ਛੱਤੀਸਗੜ੍ਹ ਦੇ ਡਾਇਰੈਕਟਰ ਚੰਦਨ ਤ੍ਰਿਪਾਠੀ, ਮਿਲਕਫੈੱਡ ਛੱਤੀਸਗੜ੍ਹ ਦੇ ਐੱਮਡੀ ਤੁਲਿਕਾ ਪਰਜਾਪਤੀ, ਪੀਡੀਐੱਫਏ ਦੇ ਜਨਰਲ ਸਕੱਤਰ ਬਲਵੀਰ ਸਿੰਘ, ਰਾਜਪਾਲ ਸਿੰਘ ਕੁਲਾਰ, ਪ੍ਰੈੱਸ ਸਕੱਤਰ ਰੇਸ਼ਮ ਸਿੰਘ ਭੁੱਲਰ, ਰਣਜੀਤ ਸਿੰਘ ਲੰਗੇਆਣਾ ਆਦਿ ਹਾਜ਼ਰ ਸਨ।