ਸੁਖਪਾਲ ਹੁੰਦਲ/ਅਵਿਨਾਸ਼ ਸ਼ਰਮਾ, ਕਪੂਰਥਲਾ: ਕਪੂਰਥਲਾ ਸ਼ਹਿਰ ਦੇ ਲੱਗਦੇ ਪਿੰਡ ਮਨਸੂਰਵਾਲ ਦੋਨਾ ਵਿਖੇ ਵੀਰਵਾਰ ਨੂੰ ਮਾਹੌਲ ਉਸ ਸਮੇਂ ਤਣਾਅਪੂਰਨ ਹੋ ਗਿਆ ਜਦੋਂ ਦੋ ਕਨਾਲ ਜ਼ਮੀਨ ’ਤੇ ਕੀਤੇ ਗਏ ਕਬਜ਼ੇ ਨੂੰ ਹਟਾਉਣ ਲਈ ਅਤੇ ਨਿਸ਼ਾਨਦੇਹੀ ਤੋਂ ਬਾਅਦ ਜ਼ਮੀਨ ਦੇ ਮਾਲਕ ਨੂੰ ਉਸ ਦੀ ਜ਼ਮੀਨ ਸੌਂਪਣ ਦੀ ਕਾਰਵਾਈ ਕਰਨ ਲਈ ਪੁੱਜੇ ਪ੍ਰਸ਼ਾਸਨਿਕ ਅਧਿਕਾਰੀਆਂ ਨੂੰ ਕਬਜ਼ਾਧਾਰੀਆਂ ਵੱਲੋਂ ਧੱਕਾਮੁੱਕੀ ਅਤੇ ਪੱਥਰਬਾਜ਼ੀ ਕਰਦੇ ਹੋਏ ਤੇਲ ਪਾ ਕੇ ਅੱਗ ਲਾਉਣ ਦੀ ਕੋਸ਼ਿਸ਼ ਕੀਤੀ ਗਈ। ਇਸ ਦੌਰਾਨ ਪ੍ਰਸ਼ਾਸਨਿਕ ਤੇ ਪੁਲਿਸ ਅਧਿਕਾਰੀਆਂ ਨੇ ਭਾਰੀ ਪੁਲਿਸ ਬਲ ਦਾ ਪ੍ਰਯੋਗ ਕਰਦੇ ਹੋਏ ਆਪਣੀ ਜਾਨ ਬਚਾਈ।
ਜਾਣਕਾਰੀ ਅਨੁਸਾਰ ਜਲੰਧਰ ਰੋਡ ’ਤੇ ਪੈਂਦੇ ਪਿੰਡ ਮਨਸੂਰਵਾਲ ਦੋਨਾ ਵਿਖੇ ਦੋ ਕਨਾਲ ਜ਼ਮੀਨ ਪੀਸੀਐਸ ਅਧਿਕਾਰੀ ਦਰਬਾਰਾ ਸਿੰਘ ਪੁੱਤਰ ਅਜੀਤ ਸਿੰਘ ਵਾਸੀ ਪਿੰਡ ਢਪੱਈ ਦੇ ਨਾਂ ’ਤੇ ਹੈ । ਉਨ੍ਹਾਂ ਵੱਲੋਂ ਆਪਣੀ ਜ਼ਮੀਨ ਦੀ ਨਿਸ਼ਾਨਦੇਹੀ ਕਰਵਾਉਣ ਅਤੇ ਕਬਜ਼ਾ ਦਿਵਾਉਣ ਲਈ ਐੱਸਡੀਐੱਮ ਕਪੂਰਥਲਾ ਦੀ ਅਦਾਲਤ ਵਿਚ ਪਟੀਸ਼ਨ ਦਾਇਰ ਕੀਤੀ ਹੋਈ ਸੀ, ਜਿਸ ਤੋਂ ਬਾਅਦ ਐੱਸਡੀਐੱਮ ਕਪੂਰਥਲਾ ਲਾਲ ਵਿਸ਼ਵਾਸ ਨੇ ਸਰਕਾਰੀ ਦਸਤਾਵੇਜ਼ਾਂ ਦੇ ਆਧਾਰ ’ਤੇ ਜ਼ਮੀਨ ਮਾਲਕ ਦਰਬਾਰਾ ਸਿੰ ਘ ਦੀ ਜ਼ਮੀਨ ਦੀ ਨਿਸ਼ਾਨਦੇਹੀ ਕਰ ਕੇ ਕਬਜ਼ਾ ਦਿਵਾਉਣ ਲਈ ਨਾਇਬ ਤਹਿਸੀਲਦਾਰ ਪਵਨ ਕੁਮਾਰ ਨੂੰ ਬਤੌਰ ਡਿਊਟੀ ਮੈਜਿਸਟੇ੍ਰਟ ਨਿਯੁਕਤ ਕੀਤਾ ਸੀ। ਵੀਰਵਾਰ ਨੂੰ ਜ਼ਮੀਨ ਦੀ ਨਿਸ਼ਾਨਦੇਹੀ ਕਰਵਾਉਣ ਲਈ ਥਾਣਾ ਸਿਟੀ ਦੇ ਐੱਸਐੱਚਓ ਕਿਰਪਾਲ ਸਿੰਘ ਪੁਲਿਸ ਸਮੇਤ ਡਿਊਟੀ ਮੈਜਿਸਟੇ੍ਰਟ ਪਵਨ ਕੁਮਾਰ ਪੁੱਜੇ ਜਿੱਥੇ ਜ਼ਮੀਨ ’ਤੇ ਲੰਬੇ ਸਮੇਂ ਤੋਂ ਕਬਜ਼ਾ ਕਰੀ ਬੈਠੇ ਕਬਜ਼ਾਧਾਰੀਆਂ ਵੱਲੋਂ ਧੱਕਾਮੁੱਕੀ ਅਤੇ ਪੱਥਰਬਾਜ਼ੀ ਕਰਦੇ ਹੋਏ ਡਿਊਟੀ ਮੈਜਿਸਟੇ੍ਰਟ ਅਤੇ ਹੋਰ ਮੁਲਾਜ਼ਮਾਂ ’ਤੇ ਤੇਲ ਪਾ ਕੇ ਅੱਗ ਲਾਉਣ ਦੀ ਕੋਸ਼ਿਸ਼ ਕੀਤੀ ਗਈ। ਮਾਹੌਲ ਨੂੰ ਤਣਾਅਪੂਰਨ ਹੁੰਦਾ ਦੇਖ ਕੇ ਪ੍ਰਸ਼ਾਸਨ ਵੱਲੋਂ ਭਾਰੀ ਗਿਣਤੀ ’ਚ ਹੋਰ ਪੁਲਿਸ ਬਲ ਨੂੰ ਬੁਲਾਇਆ ਗਿਆ, ਜਿਸ ’ਚ ਥਾਣਾ ਕੋਤਵਾਲੀ ਦੇ ਐੱਸਐੱਚਓ ਕਸ਼ਮੀਰ ਸਿੰਘ ਅਤੇ ਥਾਣਾ ਸਦਰ ਦੇ ਐੱਸਐੱਚਓ ਇੰਸੰਪੈਕਟਰ ਸੋਨਮਦੀਪ ਕੌਰ ਮੌਕੇ ’ਤੇ ਪੁੱਜੇ ਅਤੇ ਮਾਹੌਲ ਨੂੰ ਸ਼ਾਂਤ ਕੀਤਾ। ਡਿਊਟੀ ਮੈਜਿਸਟੇ੍ਰਟ ਪਵਨ ਕੁਮਾਰ ਨੇ ਗੱਲਬਾਤ ਕਰਦੇ ਹੋਏ ਕਿਹਾ ਕਿ ਕਬਜ਼ਾਧਾਰੀਆਂ ਨੇ ਉਨ੍ਹਾਂ ’ਤੇ ਤੇਲ ਵੀ ਪਾਇਆ ਹੈ ਅਤੇ ਅੱਗ ਲਾਉਣ ਦੀ ਕੋਸ਼ਿਸ਼ ਕੀਤੀ ਹੈ। ਉਨ੍ਹਾਂ ਬੜੀ ਮੁਸ਼ਕਿਲ ਨਾਲ ਆਪਣੀ ਜਾਨ ਬਚਾਈ ਹੈ। ਉਨ੍ਹਾਂ ਕਿਹਾ ਕਿ ਇਨ੍ਹਾਂ ਨਾਜਾਇਜ਼ ਕਬਜ਼ਾਧਾਰੀਆਂ ਖ਼ਿਲਾਫ਼ ਐੱਸਐੱਸਪੀ ਕਪੂਰਥਲਾ ਨੂੰ ਮਾਮਲਾ ਦਰਜ ਕਰਨ ਲਈ ਵੀ ਲਿਖਿਆ ਜਾਵੇਗਾ।