ਅਜੈ ਕਨੌਜੀਆ, ਕਪੂਰਥਲਾ : ਮਾਤਾ ਭੱਦਰਕਾਲੀ ਜੀ ਦਾ 75ਵਾਂ ਇਤਿਹਾਸਕ ਮੇਲਾ ਮਾਤਾ ਭੱਦਰਕਾਲੀ ਮੰਦਰ ਸ਼ੇਖੂਪੁਰ 'ਚ 25 ਤੇ 26 ਮਈ ਨੂੰ ਧੂਮਧਾਮ ਨਾਲ ਮਨਾਇਆ ਜਾ ਰਿਹਾ ਹੈ । ਮੇਲੇ ਨੂੰ ਲੈ ਕੇ ਸਾਰੀਆਂ ਤਿਆਰੀਆਂ ਮੁਕੰਮਲ ਹੋ ਚੁੱਕੀਆਂ ਹਨ। ਮੇਲੇ 'ਚ ਸ਼ਰਧਾਲੂਆਂ ਲਈ ਮਨੋਰੰਜਨ ਦੇ ਸਾਧਨ ਤੇ ਪੰਘੂੜੇ ਆਦਿ ਵੀ ਲਗਾਏ ਗਏ ਹਨ । ਮੇਲੇ ਦੇ ਸੰਬੰਧ ਵਿਚ ਅੱਜ ਮੰਦਰ ਵਿਖੇ ਝੰਡੇ ਦੀ ਰਸਮ ਅਦਾ ਕੀਤੀ ਗਈ । ਇਸੇ ਲੜੀ ਦੇ ਤਹਿਤ 1100 ਸ਼੍ਰੀ ਦੁਰਗਾ ਸਤੁਤੀ ਦੇ ਪਾਠ ਅੱਜ ਐਤਵਾਰ ਨੂੰ ਸਵੇਰੇ 9 ਵਜੇ ਸ਼ੁਰੂ ਕੀਤੇ ਜਾਣਗੇ ਅਤੇ ਕਰੀਬ ਬਾਰਾਂ ਵਜੇ ਉਨਾਂ੍ਹ ਪਾਠਾਂ ਦੀ ਸਮਾਪਤੀ ਕੀਤੀ ਜਾਵੇਗੀ, ਪਾਠ ਤੋਂ ਬਾਅਦ ਸੰਗਤਾਂ ਲਈ ਲੰਗਰ ਦਾ ਪੂਰਾ ਪ੍ਰਬੰਧ ਕੀਤਾ ਗਿਆ ਹੈ। ਮੰਦਰ ਕਮੇਟੀ ਦੇ ਪ੍ਰਬੰਧਕ ਅਨੂਪ ਕੱਲ੍ਹਣ ਅਤੇ ਮੁਕੇਸ਼ ਆਨੰਦ ਨੇ ਦੱਸਿਆ ਕਿ ਮੇਲੇ ਨੂੰ ਲੈ ਕੇ ਲੋਕਾਂ ਵਿਚ ਭਾਰੀ ਉਤਸ਼ਾਹ ਦੇਖਣ ਨੂੰ ਮਿਲ ਰਿਹਾ ਹੈ। ਉਨਾਂ੍ਹ ਨੇ ਦੱਸਿਆ ਕਿ ਪਿਛਲੇ ਦੋ ਸਾਲਾਂ ਦੌਰਾਨ ਕੋਰੋਨਾ ਮਹਾਮਾਰੀ ਕਰ ਕੇ ਕਈ ਸ਼ਰਧਾਲੂ ਮੇਲੇ 'ਚ ਨਹੀਂ ਪਹੁੰਚ ਸਕੇ ਪਰ ਇਸ ਵਾਰ ਲੱਖਾਂ ਦੀ ਗਿਣਤੀ ਵਿੱਚ ਲੋਕਾਂ ਦੇ ਪਹੁੰਚਣ ਦੀ ਉਮੀਦ ਹੈ। ਮੇਲੇ ਨੂੰ ਲੈ ਕੇ ਮੰਦਰ ਕਮੇਟੀ ਦੇ ਪ੍ਰਬੰਧਕਾਂ ਦਾ ਮੈਂਬਰਾਂ ਨਾਲ ਮੀਟਿੰਗ ਦਾ ਦੌਰ ਚੱਲ ਰਿਹਾ ਹੈ ਅਤੇ ਬੈਠਕ 'ਚ ਮੈਂਬਰਾਂ ਦੀਆਂ ਡਿਊਟੀਆਂ ਸੰਬੰਧੀ ਵਿਚਾਰ-ਵਟਾਂਦਰਾ ਕੀਤਾ ਜਾ ਰਿਹਾ ਹੈ । ਜਾਣਕਾਰੀ ਅਨੁਸਾਰ 25 ਮਈ ਨੂੰ ਸ਼ੋਭਾ ਯਾਤਰਾ ਦਾ ਬ੍ਹਮਕੁੰਡ ਮੰਦਰ ਸ਼ਾਲੀਮਾਰ ਬਾਗ ਤੋਂ ਸ਼ਾਮ 5 ਵਜੇ ਸ਼ੁਭ ਆਰੰਭ ਹੋਵੇਗਾ। ਇਹ ਸ਼ੋਭਾ ਯਾਤਰਾ ਕਪੂਰਥਲਾ ਦੇ ਸਾਰੇ ਵੱਖ-ਵੱਖ ਏਰੀਏ ਸਦਰ ਬਾਜ਼ਾਰ, ਸਤਿਨਰਾਇਣ ਮੰਦਰ, ਸਬਜ਼ੀ ਮੰਡੀ, ਬੱਸ ਸਟੈਂਡ , ਕਚਹਿਰੀ ਚੌਕ, ਫੁਹਾਰਾ ਚੌਕ, ਦਾਣਾ ਮੰਡੀ ਤੋਂ ਹੁੰਦੇ ਹੋਏ ਸ਼ੇਖੂਪੁਰ ਰਾਤ ਨੂੰ ਸਮਾਪਤ ਹੋਵੇਗੀ। ਸ਼ੋਭਾ ਯਾਤਰਾ ਵਾਲੇ ਦਿਨ ਰਾਤ ਨੂੰ ਮਹਾਮਾਈਂ ਦੇ ਮੰਦਰ ਵਿਚ ਜਾਗਰਣ ਕੀਤਾ ਜਾਵੇਗਾ। 26 ਮਈ ਸਵੇਰੇ 9 ਵਜੇ ਹਵਨ ਕੀਤਾ ਜਾਵੇਗਾ । ਮੰਦਰ ਕਮੇਟੀ ਦੀ ਸ਼ਹਿਰ ਵਾਸੀਆਂ ਨੂੰ ਅਪੀਲ ਹੈ ਕਿ ਇਸ ਮੇਲੇ 'ਚ ਵੱਧ-ਚੜ੍ਹ ਕੇ ਹਿੱਸਾ ਲਵੋ ਅਤੇ ਮਾਤਾ ਭੱਦਰਕਾਲੀ ਦਾ ਆਸ਼ੀਰਵਾਦ ਪ੍ਰਰਾਪਤ ਕਰੋ ।
ਕੀ ਹੈ ਮੰਦਰ ਦਾ ਇਤਿਹਾਸ
ਮਾਤਾ ਭੱਦਰਕਾਲੀ ਮੰਦਰ ਦਾ ਕਾਫ਼ੀ ਪੁਰਾਣਾ ਇਤਿਹਾਸ ਹੈ। ਪਾਕਿਸਤਾਨ ਬਣਨ ਤੋਂ ਪਹਿਲਾਂ ਮਾਤਾ ਭਦਰਕਾਲੀ ਦਾ ਮੇਲਾ ਲਾਹੌਰ ਦੀ ਕਸੂਰ ਤਹਿਸੀਲ 'ਚ ਲੱਗਦਾ ਸੀ। ਪਾਕਿਸਤਾਨ ਬਣਨ ਤੋਂ ਪਹਿਲਾਂ ਮੇਲਾ 1948 ਨੂੰ ਕਪੂਰਥਲਾ ਦੇ ਪਿੰਡ ਸ਼ੇਖੂਪੁਰ ਵਿਖੇ ਸ਼ੁਰੂ ਹੋਇਆ । ਪ੍ਰਬੰਧਕਾਂ ਅਨੁਸਾਰ 1939 -1945 ਦੁਬਈ 'ਚ ਹੋਏ ਦੂਜੇ ਵਿਸ਼ਵ ਯੁੱਧ ਦੌਰਾਨ ਹੁਸ਼ਿਆਰਪੁਰ ਦੇ ਇਕ ਫੌਜੀ ਜਵਾਨ ਨੇ ਕਸੂਰ ਸਥਿਤ ਮਾਤਾ ਭੱਦਰਕਾਲੀ ਮੰਦਰ ਵਿਚ ਮੰਨਤ ਮੰਗੀ ਸੀ ਪਰ ਸਾਲ 1947 ਦੇ ਬਟਵਾਰੇ ਤੋਂ ਬਾਅਦ ਉਹ ਪਾਕਿਸਤਾਨ ਨਹੀਂ ਜਾ ਸਕਦਾ ਸੀ । ਦੱਸਿਆ ਜਾਂਦਾ ਹੈ ਕਿ ਉਸ ਰਾਤ ਫੌਜੀ ਨੂੰ ਸੁਪਨਾ ਆਇਆ ਸੀ ਇਸ ਵਿਚ ਮਾਤਾ ਭੱਦਰਕਾਲੀ ਨੇ ਉਸਨੂੰ ਕਿਹਾ ਕਿ ਮੇਰਾ ਨਿਵਾਸ ਭਾਰਤ ਦੇ ਪੰਜਾਬ ਸੂਬੇ ਵਿਚ ਪਿੰਡ ਸ਼ੇਖੂਪੁਰ ਜ਼ਿਲ੍ਹਾ ਕਪੂਰਥਲਾ ਵਿਚ ਹੈ ਤੇ ਫੌਜੀ ਅਗਲੇ ਦਿਨ ਹੀ ਸ਼ੇਖਪੁਰ ਵਿਚ ਮੱਥਾ ਟੇਕਣ ਆਇਆ ਤੇ ਆਪਣੀ ਮੰਨਤ ਅਨੁਸਾਰ ਇਕ ਟੱਲ ਭੇਟ ਕੀਤਾ, ਜੋ ਅੱਜ ਵੀ ਉੱਥੇ ਮੌਜੂਦ ਹੈ ਤੇ ਇਸ ਤਰਾਂ੍ਹ ਇਸ ਮੰਦਰ 'ਚ ਲੋਕਾਂ ਦੀ ਆਸਥਾ ਵਧਦੀ ਗਈ ਅਤੇ ਲੋਕ ਮੰਦਰ ਵਿਚ ਝੰਡੇ ਝੁਲਾਉਂਦੇ ਗਏ। ਹੌਲੀ-ਹੌਲੀ ਲੋਕਾਂ ਦੀਆਂ ਇਸ ਮੰਦਰ ਤੋਂ ਮੰਨਤਾਂ ਪੂਰੀਆਂ ਹੋਣੀਆਂ ਸ਼ੁਰੂ ਹੋਈਆਂ ਤੇ ਇੱਥੇ ਮੇਲਾ ਲੱਗਣਾ ਸ਼ੁਰੂ ਹੋ ਗਿਆ। ਇਸ ਵਾਰ ਮਾਤਾ ਭੱਦਰਕਾਲੀ ਦਾ ਮੇਲਾ 75ਵਾਂ ਤੇ ਲੱਖਾਂ ਦੀ ਗਿਣਤੀ 'ਚ ਲੋਕ ਦੇਸ਼ਾਂ-ਵਿਦੇਸ਼ਾਂ ਤੋਂ ਇੱਥੇ ਨਤਮਸਤਕ ਹੋਣ ਲਈ ਆਉਂਦੇ ਹਨ ।