ਵਿਜੇ ਸੋਨੀ, ਫਗਵਾੜਾ : ਫਗਵਾੜਾ ਸ਼ਹਿਰ ਦੇ ਮੁਹੱਲਾ ਉਂਕਾਰ ਨਗਰ ਵਾਰਡ ਨੰਬਰ 28 ਵਿਖੇ ਆਮ ਆਦਮ ਪਾਰਟੀ ਦੇ ਵਾਰਡ ਸੇਵਕ ਸਮਰ ਗੁਪਤਾ ਦੀ ਅਗਵਾਈ ਹੇਠ ਨਗਰ ਨਿਗਮ ਦੇ ਸਹਿਯੋਗ ਨਾਲ 'ਮੇਰਾ ਸ਼ਹਿਰ ਮੇਰਾ ਮਾਣ' ਮੁਹਿੰਮ ਤਹਿਤ ਮੁਹੱਲਾ ਵਾਸੀਆਂ ਦੀਆਂ ਸਮੱਸਿਆਵਾਂ ਦਾ ਹੱਲ ਕਰਵਾਉਣ ਲਈ ਇਕ ਸਮਾਗਮ ਕਰਵਾਇਆ ਗਿਆ। ਇਸ ਮੌਕੇ ਆਮ ਆਦਮੀ ਪਾਰਟੀ ਹਲਕਾ ਇੰਚਾਰਜ ਜੋਗਿੰਦਰ ਸਿੰਘ ਮਾਨ ਵਿਸ਼ੇਸ਼ ਤੌਰ 'ਤੇ ਸ਼ਾਮਲ ਹੋਏ। ਇਸ ਮੌਕੇ ਵੱਖ ਵੱਖ ਵਿਭਾਗਾਂ ਦੇ ਅਧਿਕਾਰੀਆਂ ਨੇ ਮੁਹੱਲਾ ਵਾਸੀਆਂ ਦੀਆਂ ਸਮੱਸਿਆਵਾਂ ਜਿਵੇਂ ਸਟਰੀਟ ਲਾਈਟ, ਸੀਵਰੇਜ ਤੇ ਵਾਟਰ ਸਪਲਾਈ ਨਾਲ ਸਬੰਧਤ ਮੁਸ਼ਕਲਾਂ ਦਾ ਹੱਲ ਕਰਵਾਇਆ। ਵਾਰਡ ਸੇਵਕ ਸਮਰ ਗੁਪਤਾ ਨੇ ਦੱਸਿਆ ਕਿ ਵਾਰਡ ਨੰਬਰ 28 ਵਿਚ ਲੋਕਾਂ ਨੂੰ ਪੀਣ ਵਾਲੇ ਪਾਣੀ ਦੀ ਬਹੁਤ ਵੱਡੀ ਸਮੱਸਿਆ ਰਹਿੰਦੀ ਹੈ। ਪਹਿਲਾਂ ਅਕਾਲੀ-ਭਾਜਪਾ ਫਿਰ ਕਾਂਗਰਸ ਦੀਆਂ ਸਰਕਾਰਾਂ ਕਾਬਜ਼ ਰਹੀਆਂ ਪਰ ਮੁਹੱਲਾ ਵਾਸੀਆਂ ਦੀ ਸਮੱਸਿਆ ਦਾ ਕੋਈ ਹੱਲ ਨਹੀਂ ਹੋ ਸਕਿਆ। ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਹਲਕਾ ਇੰਚਾਰਜ ਜੋਗਿੰਦਰ ਸਿੰਘ ਮਾਨ ਵੱਲੋਂ ਮੌਕੇ ਦਾ ਜਾਇਜ਼ਾ ਲੈ ਕੇ ਤੁਰੰਤ ਅਧਿਕਾਰੀਆਂ ਨੂੰ ਇਸ ਸਮੱਸਿਆ ਨੂੰ ਹੱਲ ਕਰਨ ਦੇ ਨਿਰਦੇਸ਼ ਦਿੱਤੇ ਗਏ। ਸਮਰ ਗੁਪਤਾ ਨੇ ਦੱਸਿਆ ਕਿ ਭਾਜਪਾ ਤੇ ਕਾਂਗਰਸ ਦੀ ਸੱਤਾ ਵਿਚ ਉਂਕਾਰ ਨਗਰ ਗਰਾਉਂਡ ਨੂੰ ਕੂੜੇ ਦੇ ਡੰਪ ਵਿਚ ਤਬਦੀਲ ਕਰ ਦਿੱਤਾ ਗਿਆ ਸੀ। ਜਿਸ ਕਾਰਨ ਲੋਕ ਬਹੁਤ ਪਰੇਸ਼ਾਨ ਸਨ। ਆਮ ਆਦਮੀ ਪਾਰਟੀ ਦੀ ਸਰਕਾਰ ਪੰਜਾਬ ਅੰਦਰ ਬਣਦੇ ਸਾਰ ਹੈ, ਜਿਥੇ ਪੂਰੇ ਪੰਜਾਬ ਦੀ ਦਿਖ ਬਦਲ ਰਹੀ ਹੈ, ਉਸੇ ਤਰ੍ਹਾਂ ਉਂਕਾਰ ਨਗਰ ਗਰਾਊਂਡ ਵਿਚ ਬਣੇ ਕੂੜੇ ਦੇ ਡੰਪ ਨੂੰ ਹਟਵਾਇਆ ਗਿਆ ਹੈ। ਜਿਥੇ ਨੌਜਵਾਨ ਰੋਜ਼ਾਨਾ ਵੱਖ-ਵੱਖ ਖੇਡਾਂ ਖੇਡਦੇ ਹਨ। ਉਨ੍ਹਾਂ ਵਾਰਡ ਵਾਸੀਆਂ ਨੂੰ ਭਰੋਸਾ ਦਿਵਾਇਆ ਕਿ ਹਲਕਾ ਇੰਚਾਰਜ ਜੋਗਿੰਦਰ ਸਿੰਘ ਮਾਨ ਦੀ ਅਗਵਾਈ ਹੇਠ ਬਹੁਤ ਜਲਦ ਪੀਣ ਵਾਲੇ ਪਾਣੀ ਦੀ ਸਮੱਸਿਆ ਪੂਰੀ ਤਰ੍ਹਾਂ ਹੱਲ ਹੋ ਜਾਵੇਗੀ। ਉਨ੍ਹਾਂ ਦੱਸਿਆ ਕਿ ਮੌਕੇ 'ਤੇ ਅਧਿਕਾਰੀਆਂ ਨੂੰ ਪੰਪ ਲਾਉਣ ਲਈ ਜਗ੍ਹਾ ਦਿਖਾ ਦਿੱਤੀ ਗਈ ਹੈ। ਪੰਪ ਲੱਗਣ ਤੋਂ ਬਾਅਦ ਪੀਣ ਵਾਲੇ ਪਾਣੀ ਦੀ ਸਮੱਸਿਆ ਪੂਰੀ ਤਰ੍ਹਾਂ ਖਤਮ ਹੋ ਜਾਵੇਗੀ। ਇਸ ਮੌਕੇ ਹਲਕਾ ਇੰਚਾਰਜ ਜੋਗਿੰਦਰ ਸਿੰਘ ਮਾਨ, ਸਮਰ ਗੁਪਤਾ, ਰਵਿੰਦਰ ਸਿੰਘ, ਨਗਰ ਨਿਗਮ ਦੇ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀ, ਰਾਜ ਕਿਸ਼ੋਰ, ਕਿਰਨ ਗੁਪਤਾ, ਬਨਾਰਸੀ, ਸ਼ਾਮ ਸੁੰਦਰ, ਚਮਨ,ਪਿ੍ਰਤਪਾਲ ਕੌਰ ਤੁਲੀ, ਗੁਰਦੀਪ ਸਿੰਘ ਤੁਲੀ ਤੇ ਮੁਹੱਲਾ ਵਾਸੀ ਹਾਜ਼ਰ ਸਨ।
-----------
'ਆਪ' ਹਲਕਾ ਇੰਚਾਰਜ ਦਾ ਉਪਰਾਲਾ ਸ਼ਲਾਘਾਯੋਗ
ਵਾਰਡ ਨੰਬਰ 28 ਦੇ ਸਾਬਕਾ ਕੌਂਸਲਰ ਚੰਦਾ ਮਿਸ਼ਰਾ ਨੇ ਦੱਸਿਆ ਕਿ ਪਾਣੀ ਦੇ ਪੰਪ ਲਗਵਾਉਣ ਲਈ ਪਹਿਲਾਂ ਤੋਂ ਹੀ ਯਤਨਸ਼ੀਲ਼ ਸਨ ਪਰ ਕੁਝ ਸ਼ਰਾਰਤੀ ਅਨਸਰਾਂ ਨੇ ਸਟੇਅ ਲੈ ਕੇ ਪੰਪ ਲੱਗਣ ਦੇ ਕੰਮ ਨੂੰ ਰੁਕਵਾ ਦਿੱਤਾ ਸੀ, ਜਿਸ ਕਾਰਨ ਕਈ ਸਾਲਾਂ ਤੋਂ ਲੋਕ ਪੀਣ ਵਾਲੇ ਪਾਣੀ ਦੀ ਸਮੱਸਿਆ ਤੋਂ ਪਰੇਸ਼ਾਨ ਹਨ। ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਦੇ ਹਲਕਾ ਇੰਚਾਰਜ ਜੋਗਿੰਦਰ ਸਿੰਘ ਮਾਨ ਨੇ ਪਾਰਟੀਬਾਜ਼ੀ ਤੋਂ ਉਪਰ ਉਠ ਕੇ ਲੋਕਾਂ ਦੀ ਸਮੱਸਿਆ ਸਮਝੀ ਅਤੇ ਪੰਪ ਲਗਵਾਉਣ ਲਈ ਨਿਗਮ ਅਧਿਕਾਰੀਆਂ ਨੂੰ ਜਲਦ ਕੰਮ ਸ਼ੁਰੂ ਕਰਨ ਦੇ ਨਿਰਦੇਸ਼ ਦਿੱਤੇ, ਜੋ ਸ਼ਲਾਘਾਯੋਗ ਹਨ।