ਸੁਖਪਾਲ ਸਿੰਘ ਹੁੰਦਲ, ਕਪੂਰਥਲਾ : ਅਰਦਾਸ ਕਰੋ ਕਿ ਵਿਰਾਸਤ ਜ਼ਿਲ੍ਹੇ ਦੇ ਸਿਵਲ ਹਸਪਤਾਲ ਵਿਚ ਕਦੇ ਵੀ ਅੱਗ ਨਾ ਲੱਗੇ। ਜੇਕਰ ਅਜਿਹਾ ਹੁੰਦਾ ਹੈ ਤਾਂ ਜਬਲਪੁਰ ਦੇ ਹਸਪਤਾਲ ਵਰਗੀ ਹਾਲਤ ਵੀ ਹੋ ਸਕਦੀ ਹੈ। ਅੱਗ ਲੱਗਣ ਦੀ ਸੂਰਤ ਵਿਚ ਬਚਾਅ ਦਾ ਕੋਈ ਪ੍ਰਬੰਧ ਨਹੀਂ ਹੈ। ਅੱਗ ਬੁਝਾਊ ਯੰਤਰ ਸਿਰਫ਼ ਦਿਖਾਵੇ ਲਈ ਥਾਂ-ਥਾਂ ਲਟਕ ਰਹੇ ਹਨ, ਪਰ ਉਨ੍ਹਾਂ ਵਿਚ ਗੈਸ ਨਹੀਂ ਹੈ। ਅੱਗ ਬੁਝਾਉਣ ਵਾਲੇ ਸਾਰੇ ਯੰਤਰ ਅੱਠ ਸਾਲਾਂ ਤੋਂ ਖਰਾਬ ਹਨ।
ਹਾਲਾਤ ਇਹ ਹਨ ਕਿ ਜੇਕਰ ਹਸਪਤਾਲ ਵਿਚ ਕਿਸੇ ਕਾਰਨ ਅੱਗ ਲੱਗ ਜਾਂਦੀ ਹੈ ਤਾਂ ਕਿੰਨੇ ਲੋਕਾਂ ਦੀ ਜਾਨ ਜਾ ਸਕਦੀ ਹੈ ਅਤੇ ਕਿੰਨੇ ਲੋਕ ਝੁਲਸ ਸਕਦੇੇ ਹਨ, ਇਸ ਦਾ ਅੰਦਾਜ਼ਾ ਵੀ ਨਹੀਂ ਲਾਇਆ ਜਾ ਸਕਦਾ। 175 ਬਿਸਤਰਿਆਂ ਦੀ ਸਮਰੱਥਾ ਵਾਲੇ ਸਿਵਲ ਹਸਪਤਾਲ ਵਿਚ ਰੋਜ਼ਾਨਾ ਪੰਜ ਤੋਂ ਸੱਤ ਸੌ ਮਰੀਜ਼ ਇਲਾਜ ਲਈ ਆਉਂਦੇ ਹਨ। ਕਈ ਵਾਰ ਤਾਂ ਇੱਕੋ ਬੈੱਡ 'ਤੇ ਦੋ ਮਰੀਜ਼ਾਂ ਨੂੰ ਰੱਖਣਾ ਪੈਂਦਾ ਹੈ।
ਪੰਜਾਬੀ ਜਾਗਰਣ ਦੀ ਟੀਮ ਨੇ ਬੁੱਧਵਾਰ ਨੂੰ ਸਿਵਲ ਹਸਪਤਾਲ ਦਾ ਦੌਰਾ ਕੀਤਾ ਅਤੇ ਸਭ ਤੋਂ ਪਹਿਲਾਂ ਜਣੇਪਾ ਵਾਰਡ ਦੀ ਹਾਲਤ ਦੇਖੀ। ਵਾਰਡ ਵਿਚ ਕਈ ਬੈੱਡਾਂ 'ਤੇ ਨਵਜੰਮੇ ਬੱਚਿਆਂ ਨਾਲ ਮਾਵਾਂ ਮੌਜੂਦ ਸਨ। ਇਹ ਵਾਰਡ ਸਾਰਾ ਦਿਨ ਭਰਿਆ ਰਹਿੰਦਾ ਹੈ। ਜੇਕਰ ਇਸ ਵਾਰਡ 'ਚ ਅੱਗ ਲੱਗ ਜਾਂਦੀ ਹੈ ਤਾਂ ਇੱਥੋਂ ਨਿਕਲਣਾ ਮੁਸ਼ਕਲ ਹੋ ਜਾਵੇਗਾ। ਭਾਵੇਂ ਵਾਰਡ ਵਿਚ ਜਾਣ ਲਈ ਦੋ ਰਸਤੇ ਹਨ ਪਰ ਜੇਕਰ ਵਾਰਡ ਵਿਚ ਅੱਗ ਲੱਗ ਜਾਂਦੀ ਹੈ ਤਾਂ ਅੌਰਤਾਂ ਦਾ ਬਾਹਰ ਨਿਕਲਣਾ ਮੁਸ਼ਕਲ ਹੋ ਜਾਵੇਗਾ। ਵਾਰਡ 'ਚ 10 ਅੱਗ ਬੁਝਾਊ ਯੰਤਰ ਲੱਗੇ ਹੋਏ ਹਨ ਪਰ ਉਹ ਅੱਠ ਸਾਲਾਂ ਤੋਂ ਬੰਦ ਹਨ।
-----------
56 ਸਿਲੰਡਰ ਅਤੇ 50 ਰੇਤ ਦੀਆਂ ਬਾਲਟੀਆਂ, ਵਰਤੋਂ ਕਰਨ ਵਾਲਾ ਕੋਈ ਨਹੀਂ
ਵਰਨਣਯੋਗ ਹੈ ਕਿ 2014 'ਚ ਅੱਗ 'ਤੇ ਕਾਬੂ ਪਾਉਣ ਲਈ 175 ਬਿਸਤਰਿਆਂ ਵਾਲੇ ਸਿਵਲ ਹਸਪਤਾਲ ਕਪੂਰਥਲਾ ਵਿਚ ਦੋ ਕਰੋੜ ਰੁਪਏ ਦੀ ਲਾਗਤ ਨਾਲ ਅੱਗ ਬੁਝਾਊ ਯੰਤਰ ਲਾਏ ਗਏ ਸਨ ਪਰ ਅੱਠ ਸਾਲਾਂ ਤੋਂ ਇਹ ਯੰਤਰ ਹਸਪਤਾਲ ਦੀਆਂ ਕੰਧਾਂ 'ਤੇ ਸ਼ੋਅ ਪੀਸ ਬਣੇ ਹੋਏ ਹਨ। ਭਾਵੇਂ ਅੱਗ 'ਤੇ ਕਾਬੂ ਪਾਉਣ ਲਈ ਸਿਹਤ ਵਿਭਾਗ ਵੱਲੋਂ 56 ਸਿਲੰਡਰ ਅਤੇ 50 ਰੇਤ ਦੀਆਂ ਬਾਲਟੀਆਂ ਵੀ ਲਟਕੀਆਂ ਹੋਈਆਂ ਹਨ ਪਰ ਲੋੜ ਪੈਣ 'ਤੇ ਇਨ੍ਹਾਂ ਦੀ ਵਰਤੋਂ ਕਰਨ ਵਾਲਾ ਕੋਈ ਨਹੀਂ ਹੈ। ਓਵਰਲੋਡਿੰਗ ਨਾਲ ਨਜਿੱਠਣ ਲਈ ਚਾਰ ਜਨਰੇਟਰ ਵੀ ਲਗਾਏ ਗਏ ਹਨ ਅਤੇ ਸ਼ੁਕਰ ਹੈ ਕਿ ਇਹ ਸਾਰੇ ਜਨਰੇਟਰ ਕੰਮ ਕਰਨ ਦੀ ਹਾਲਤ ਵਿਚ ਹਨ।
---------
ਵਾਰਡਾਂ 'ਚ ਸਫ਼ਾਈ ਨਹੀਂ
ਸਿਵਲ ਹਸਪਤਾਲ ਦੇ ਜਨਰਲ ਵਾਰਡ ਅਤੇ ਹੋਰ ਵਾਰਡਾਂ ਵਿੱਚ ਅੱਗ ਦੀ ਲਪੇਟ ਵਿੱਚ ਫਸੇ ਲੋਕਾਂ ਨੂੰ ਬਾਹਰ ਕੱਢਣ ਲਈ ਚੌੜੀਆਂ ਪੌੜੀਆਂ ਬਣਾਈਆਂ ਗਈਆਂ ਹਨ। ਇੱਥੇ ਕਈ ਮਹੀਨਿਆਂ ਤੋਂ ਹਸਪਤਾਲ ਦੀ ਛੱਤ ਦੀ ਸਫ਼ਾਈ ਨਹੀਂ ਹੋਈ। ਉਪਰਲੀ ਮੰਜ਼ਿਲ 'ਤੇ ਦਾਖ਼ਲ ਮਰੀਜ਼ ਜਦੋਂ ਛੱਤ 'ਤੇ ਸੈਰ ਕਰਨ ਲਈ ਪਹੁੰਚਦੇ ਹਨ ਤਾਂ ਉਨ੍ਹਾਂ ਨੂੰ ਗੰਦਗੀ ਦਾ ਸਾਹਮਣਾ ਕਰਨਾ ਪੈਂਦਾ ਹੈ।
----------
ਸਰਕਾਰ ਨੂੰ ਕਈ ਵਾਰ ਲਿਖਤੀ ਰੂਪ 'ਚ ਦਿੱਤੀ ਜਾਣਕਾਰੀ : ਐੱਸਐੱਮਓ
ਅੱਗ ਬੁਝਾਊ ਉਪਕਰਨਾਂ ਦੀ ਹਾਲਤ ਸਬੰਧੀ ਜਦੋਂ ਐੱਸਐੱਮਓ ਡਾ. ਸੰਦੀਪ ਧਵਨ ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਦੱਸਿਆ ਕਿ ਇਹ ਉਪਕਰਨ 2014 ਵਿਚ ਲਗਾਏ ਗਏ ਸਨ। ਕੁਝ ਦਿਨ ਚੱਲਣ ਤੋਂ ਬਾਅਦ ਪੰਪ ਖ਼ਰਾਬ ਹੋ ਕੇ ਬੰਦ ਹੋ ਗਿਆ। ਇਸ ਸਬੰਧੀ ਪੰਜਾਬ ਸਰਕਾਰ ਨੂੰ ਕਈ ਵਾਰ ਲਿਖਤੀ ਤੌਰ 'ਤੇ ਦੱਸਿਆ ਜਾ ਚੁੱਕਾ ਹੈ ਪਰ ਅੱਗ 'ਤੇ ਕਾਬੂ ਪਾਉਣ ਲਈ ਫਾਇਰ ਵਿਭਾਗ ਅਤੇ ਹੋਰ ਸਾਮਾਨ ਦਾ ਪੂਰਾ ਪ੍ਰਬੰਧ ਹੈ।