ਕੁਲਬੀਰ ਸਿੰਘ ਮਿੰਟੂ/ਲਖਵੀਰ ਸਿੰਘ ਲੱਖੀ, ਸੁਲਤਾਨਪੁਰ ਲੋਧੀ : ਸੁਲਤਾਨਪੁਰ ਲੋਧੀ ਦੇ ਨੇੜਲੇ ਪਿੰਡ ਸਰਾਏ ਜੱਟਾਂ 'ਚ ਇਕ ਗਰੀਬ ਪਰਿਵਾਰ ਦਾ ਸਾਰਾ ਕੁਝ ਉਸ ਸਮੇਂ ਖ਼ਤਮ ਹੋ ਗਿਆ, ਜਦੋਂ ਇਸ ਪਰਿਵਾਰ ਦੀਆਂ ਤਕਰੀਬਨ 50 ਦੇ ਕਰੀਬ ਬੱਕਰੀਆਂ ਦੀ ਅਚਾਨਕ ਮੌਤ ਹੋ ਗਈ, ਜਿਸ ਕਾਰਨ ਪਰਿਵਾਰ ਦਾ 4 ਤੋਂ 5 ਲੱਖ ਰੁਪਏ ਦਾ ਨੁਕਸਾਨ ਹੋਇਆ ਹੈ।
ਜਾਣਕਾਰੀ ਅਨੁਸਾਰ ਨੇੜਲੇ ਪਿੰਡ ਸਵਾਲ ਦੇ ਖੇਤਾਂ 'ਚ ਚਾਰਾ ਚਰ ਰਹੀਆਂ ਲਗਪਗ 75 ਬੱਕਰੀਆਂ 'ਚੋਂ 50 ਦੇ ਕਰੀਬ ਬੱਕਰੀਆਂ ਆੜ 'ਚ ਪਾਣੀ ਪੀਣ ਤੋਂ ਬਾਅਦ ਕਾਲ ਦੀ ਭੇਟ ਚੜ੍ਹ ਗਈਆਂ, ਜਦਕਿ ਵੈਟਰਨਰੀ ਵਿਭਾਗ ਦੀ ਟੀਮ 'ਚ ਸ਼ਾਮਲ ਡਾ. ਰਮੇਸ਼ ਸ਼ਰਮਾ, ਬਲਵਿੰਦਰ ਸਿੰਘ ਤੇ ਸੀਨੀਅਰ ਵੈਟਰਨਰੀ ਅਫਸਰ ਡਾ. ਲਖਵਿੰਦਰ ਸਿੰਘ ਦੀਆਂ ਕੋਸ਼ਿਸ਼ਾਂ ਸਦਕਾ 25 ਦੇ ਕਰੀਬ ਬੱਕਰੀਆਂ ਦੀਆਂ ਜਾਨਾਂ ਬਚ ਗਈਆਂ ਹਨ। ਜਾਣਕਾਰੀ ਅਨੁਸਾਰ ਪਿੰਡ ਜੱਟਾਂ ਦੀ ਸਰਾਂ ਨਾਲ ਸਬੰਧਤ ਬੱਕਰੀ ਪਾਲਕ ਬਲਦੇਵ ਸਿੰਘ ਕਾਲਾ ਪੁੱਤਰ ਮੰਗਲ ਸਿੰਘ, ਚਰਨ ਦਾਸ ਪੁੱਤਰ ਜੋਗੀ ਰਾਮ, ਸੁਖਦੇਵ ਲਾਲ ਪੁੱਤਰ ਰਤਨ ਲਾਲ ਤੇ ਬਲਕਾਰ ਚੰਦ ਪੁੱਤਰ ਬਾਊ ਰਾਮ ਪਿੰਡ ਸਵਾਲ 'ਚ ਬੱਕਰੀਆਂ ਚਰਾ ਰਹੇ ਸਨ ਕਿ ਅਚਾਨਕ ਆੜ 'ਚ ਪਾਣੀ ਪੀਣ ਮਗਰੋਂ ਇਕ ਤੋਂ ਬਾਅਦ ਇਕ ਬੱਕਰੀ ਤੜਪਦੀ ਹੋਈ ਖੇਤਾਂ 'ਚ ਡਿੱਗਦੀ ਵੇਖ ਚਰਵਾਹਿਆਂ ਨੂੰ ਹੱਥਾਂ-ਪੈਰਾਂ ਦੀ ਪੈ ਗਈ। ਵੈਟਰਨਰੀ ਡਾਕਟਰਾਂ ਦੀ ਟੀਮ ਨੇ ਸੂਚਨਾ ਮਿਲਦੇ ਹੀ ਬਿਨਾਂ ਸਮਾਂ ਗਵਾਏ ਸਹਿਕਦੀਆਂ ਬੱਕਰੀਆਂ ਦਾ ਮੌਕੇ 'ਤੇ ਹੀ ਇਲਾਜ ਸ਼ੁਰੂ ਕਰ ਦਿੱਤਾ ਤੇ 25 ਤੋਂ ਵੱਧ ਬੱਕਰੀਆਂ ਨੂੰ ਬਚਾਉਣ 'ਚ ਸਫਲਤਾ ਹਾਸਲ ਕੀਤੀ।
ਮੰਨਿਆ ਜਾ ਰਿਹਾ ਹੈ ਕਿ ਜਿਸ ਆੜ 'ਚ ਬੱਕਰੀਆਂ ਨੇ ਪਾਣੀ ਪੀਤਾ ਉਸ 'ਚ ਕੀਟਨਾਸ਼ਕ ਦਵਾਈਆਂ ਦਾ ਮਿਸ਼ਰਣ ਸੀ। ਪਾਣੀ ਜ਼ਹਿਰੀਲਾ ਹੋਣ ਕਰ ਕੇ ਇਹ ਹਾਦਸਾ ਵਾਪਰਿਆ। ਫਿਲਹਾਲ ਵੈਟਰਨਰੀ ਵਿਭਾਗ ਦੀ ਟੀਮ ਨੇ ਬੱਕਰੀਆਂ ਦੀ ਮੌਤ ਦੇ ਕਾਰਨਾਂ ਦੀ ਜਾਂਚ ਲਈ ਪੋਸਟਮਾਰਟਮ ਵਾਸਤੇ ਸੈਂਪਲ ਲੈ ਲਏ ਹਨ। ਇਸ ਮੌਕੇ ਤਕਰੀਬਨ 50 ਬੱਕਰੀਆਂ ਦੀ ਮੌਤ ਹੋਣ ਨਾਲ ਗ਼ਰੀਬ ਪਰਿਵਾਰ ਦਾ 4 ਤੋਂ 5 ਲੱਖ ਰੁਪਏ ਦਾ ਨੁਕਸਾਨ ਹੋਇਆ ਹੈ ਤੇ ਉਸ ਨੇ ਸਰਕਾਰ ਅੱਗੇ ਗੁਹਾਰ ਲਗਾਈ ਹੈ ਕਿ ਸਾਨੂੰ ਹੋਏ ਨੁਕਸਾਨ ਦਾ ਮੁਆਵਜ਼ਾ ਦਿੱਤਾ ਜਾਵੇ, ਕਿਉਂਕਿ ਇਨ੍ਹਾਂ ਬੇਜ਼ੁਬਾਨ ਜੀਵਾਂ ਦੀ ਮੌਤ ਨਾਲ ਸਾਡਾ ਰੁਜ਼ਗਾਰ ਵੀ ਖ਼ਤਮ ਹੋ ਗਿਆ ਹੈ। ਇਸ ਮੌਕੇ ਸਾਬਕਾ ਸਰਪੰਚ ਚਰਨਜੀਤ ਸਿੰਘ ਿਢੱਲੋਂ ਨੇ ਦੱਸਿਆ ਕਿ 50 ਦੇ ਕਰੀਬ ਬੱਕਰੀਆਂ ਦੀ ਮੌਤ ਹੋ ਚੁੱਕੀ ਹੈ ਤੇ ਡਾਕਟਰਾਂ ਵੱਲੋਂ ਪੋਸਟਮਾਰਟਮ ਲਈ ਸੈਂਪਲ ਲੈ ਕੇ ਜਲੰਧਰ ਭੇਜ ਦਿੱਤਾ ਗਿਆ ਹੈ ਅਤੇ ਪਟਵਾਰੀ ਵੱਲੋਂ ਤਹਿਸੀਲਦਾਰ ਨੂੰ ਰਿਪੋਰਟ ਸੌਂਪ ਦਿੱਤੀ ਗਈ ਹੈ ਜੋ ਕਿ ਸਰਕਾਰ ਨੂੰ ਭੇਜੀ ਜਾਵੇਗੀ। ਇਸ ਤੋਂ ਬਾਅਦ ਹੀ ਸਰਕਾਰ ਵੱਲੋਂ ਸ਼ਾਇਦ ਇਸ ਗ਼ਰੀਬ ਪਰਿਵਾਰ ਨੂੰ ਕੋਈ ਮੁਆਵਜ਼ਾ ਮਿਲ ਸਕੇ।