ਹਰਨੇਕ ਸਿੰਘ ਜੈਨਪੁਰੀ, ਕਪੂਰਥਲਾ : ਸੰਤ ਬਲਬੀਰ ਸਿੰਘ ਸੀਚੇਵਾਲ (Sant Balbir Singh Seechewal) ਨੂੰ ਆਮ ਆਦਮੀ ਪਾਰਟੀ (AAP) ਵੱਲੋਂ ਰਾਜ ਸਭਾ ਵਿਚ ਭੇਜਿਆ ਜਾ ਰਿਹਾ ਹੈ। ਸੰਤ ਸੀਚੇਵਾਲ ਨੇ ਪਿੰਡ ਸੀਚੇਵਾਲ ਤੋਂ ਸਮਾਜ ਸੇਵਾ ਦੀ ਸ਼ੁਰੂਆਤ ਕਰ ਕੇ ਕਈ ਪਿੰਡਾਂ ਨੂੰ ਮੁਡ਼ ਸੁਰਜੀਤ ਕੀਤਾ। ਉਨ੍ਹਾਂ ਨੇ ਅਲੋਪ ਹੋ ਰਹੀ ਕਾਲੀ ਵੇਈਂ ਨੂੰ ਮੁਡ਼ ਸੁਰਜੀਤ ਕਰਨ ਤੇ ਦੇਸ਼ ਭਰ ਵਿਚ ਵਾਤਾਵਰਨ ਪੱਖੋਂ ਜਾਗਰੂਕ ਕੀਤਾ। ਪੰਜਾਬ ਦੇ ਨਾਲ-ਨਾਲ ਗੰਗਾ ਤੇ ਦੇਸ਼ ਦੀਆਂ ਹੋਰ ਵੱਡੀਆਂ ਨਦੀਆਂ ਨੂੰ ਪ੍ਰਦੂਸ਼ਣ ਮੁਕਤ ਕਰਨ ਦੀ ਮੁਹਿੰਮ ਵਿਚ ਤਨਦੇਹੀ ਨਾਲ ਕੰਮ ਕੀਤਾ ਹੈ।
ਸੰਤ ਸੀਚੇਵਾਲ ਨੇ ਨਾ-ਸਿਰਫ਼ ਕਾਲੀ ਵੇਈਂ ਦੀ ਤਸਵੀਰ ਬਦਲ ਦਿੱਤੀ, ਸਗੋਂ ਅਜਿਹਾ ਮਾਡਲ ਵਿਕਸਤ ਕੀਤਾ, ਜਿਸ ਨਾਲ ਖੇਤਾਂ ਵਿਚ ਫ਼ਸਲਾਂ ਤੇ ਬਗੀਚਿਆਂ ਵਿੱਚ ਲੱਗੇ ਫੁਲ ਅਤੇ ਫਲਦਾਰ ਰੁੱਖ ਮਹਿਕਣ ਲੱਗ ਪਏ ਹਨ। 2008 ਵਿਚ ਵਾਤਾਵਰਨ ਨੂੰ ਸਾਫ਼ ਰੱਖਣ ਲਈ ਕੀਤੇ ਗਏ ਸੰਘਰਸ਼ ਲਈ ਟਾਈਮਜ਼ ਮੈਗਜ਼ੀਨ ਨੇ ਉਨ੍ਹਾਂ ਨੂੰ ਸੰਸਾਰ ਦੇ 30 ‘ਵਾਤਾਵਰਨ ਨਾਇਕਾਂ’ ਦੀ ਸੂਚੀ ਵਿਚ ਥਾਂ ਦਿੱਤੀ ਸੀ। ਇਸ ਤੋਂ ਇਲਾਵਾ ਭਾਰਤ ਸਰਕਾਰ ਨੇ ਜਨਵਰੀ 2017 ਵਿਚ ਉਨ੍ਹਾਂ ਨੂੰ ਪਦਮਸ਼੍ਰੀ ਨਾਲ ਸਨਮਾਨਤ ਕੀਤਾ। ਸੀਚੇਵਾਲ ਮਾਡਲ ਹੁਣ ਵੱਖ-ਵੱਖ ਸੂਬਿਆਂ ਦੀਆਂ ਸਰਕਾਰਾਂ ਵੱਲੋਂ ਅਪਣਾਇਆ ਜਾ ਰਿਹਾ ਹੈ।
ਕਾਲੀ ਵੇਈਂ ਦਾ 163 ਕਿਲੋਮੀਟਰ ਹਿੱਸਾ ਗੰਦਗੀ, ਸੀਵਰੇਜ ਤੇ ਫੈਕਟਰੀਆਂ ਦੇ ਗੰਦੇ ਪਾਣੀ ਕਾਰਨ ਤਬਾਹ ਹੋਣ ਦੇ ਕੰਢੇ ’ਤੇ ਸੀ। 6 ਤੋਂ ਵੱਧ ਕਸਬਿਆਂ ਤੇ 40 ਪਿੰਡਾਂ ਦੇ ਲੋਕ ਇਸ ਵਿਚ ਕੂਡ਼ਾ ਸੁੱਟਦੇ ਸਨ। ਜਨਤਕ ਅਣਦੇਖੀ ਕਾਰਨ ਇਹ ਦਰਿਆ, ਗੰਦੇ ਨਾਲੇ ਵਿਚ ਬਦਲ ਗਿਆ ਸੀ। ਇਸ ਕਾਰਨ ਕਰੀਬ 93 ਪਿੰਡਾਂ ਦੀ 50 ਹਜ਼ਾਰ ਏਕਡ਼ ਜ਼ਮੀਨ ਸੋਕੇ ਦੀ ਲਪੇਟ ਵਿਚ ਆ ਗਈ। ਸੰਤ ਸੀਚੇਵਾਲ ਦੀ ਨਜ਼ਰ ਇਸ ਮਰ ਰਹੇ ਦਰਿਆ ’ਤੇ ਪਈ। ਉਨ੍ਹਾਂ ਪ੍ਰਣ ਲਿਆ ਕਿ ਇਸ ਨੂੰ ਬਚਾਉਣਾ ਹੈ। ਉਨ੍ਹਾਂ ਨੇ ਸਾਲ 2000 ਵਿਚ ਜਨਚੇਤਨਾ ਯਾਤਰਾ ਸ਼ੁਰੂ ਕੀਤੀ ਸੀ। ਇਸ ਦੇ ਨਾਲ ਹੀ ਕਾਰ ਸੇਵਾ ਰਾਹੀਂ ਕਾਲੀ ਵੇਈਂ ਦੀ ਸਫ਼ਾਈ ਸ਼ੁਰੂ ਕੀਤੀ। ਪਹਿਲਾਂ ਉਹ ਤੁਰੇ ਫਿਰ ਕੁਝ ਲੋਕ ਨਾਲ ਚੱਲ ਪਏ। ਫਿਰ ਹੌਲੀ-ਹੌਲੀ ਲੋਕ ਜੁਡ਼ਦੇ ਗਏ ਤੇ ਕਾਫ਼ਲਾ ਵੱਧਦਾ ਚੱਲਦਾ ਗਿਆ ਤੇ ਕਾਲੀ ਵੇਈਂ ਵਿਚ ਸਾਫ਼ ਪਾਣੀ ਦੀ ਧਾਰਾ ਵਗਣ ਲੱਗੀ।
ਗੰਦੇ ਪਾਣੀ ਦੀ ਸਫ਼ਾਈ ਕਰ ਕੇ ਕੀਤੀ ਖੇਤਾਂ ਦੀ ਸਿੰਚਾਈ
ਦਰਿਆ ਸਾਫ਼ ਹੋਣ ਲੱਗਾ ਪਰ ਸੰਤ ਸੀਚੇਵਾਲ ਨੂੰ ਇਹ ਸਵਾਲ ਪਰੇਸ਼ਾਨ ਕਰਨ ਲੱਗਾ ਕਿ ਗੰਦੇ ਪਾਣੀ ਦਾ ਕੀ ਕੀਤਾ ਜਾਵੇ? ਸੀਵਰੇਜ ਤੇ ਕਾਰਖ਼ਾਨਿਆਂ ਦਾ ਗੰਦਾ ਪਾਣੀ, ਨਦੀਆਂ ਵਿਚ ਡਿੱਗਣਾ ਜਾਂ ਹੋਰ ਕਿਤੇ ਜਮ੍ਹਾਂ ਕਰਨਾ, ਵਾਤਾਵਰਨ ਤੇ ਮਨੁੱਖੀ ਸਿਹਤ ਨੂੰ ਨੁਕਸਾਨ ਪਹੁੰਚਾਏਗਾ। ਸੀਚੇਵਾਲ ਨੇ ਇਸ ’ਤੇ ਵਿਚਾਰ ਕੀਤਾ ਤੇ ਗੰਦੇ ਪਾਣੀ ਨੂੰ ਸਾਫ ਕਰਨ ਤੇ ਇਸ ਦੀ ਖੇਤੀ ਵਿਚ ਵਰਤੋਂ ਕਰਨ ਦਾ ਦੇਸੀ ਤਰੀਕਾ ਲੱਭਿਆ।
ਇਹ ਹੈ ਸੀਚੇਵਾਲ ਮਾਡਲ
ਸੀਵਰੇਜ ਦੇ ਗੰਦੇ ਪਾਣੀ ਨੂੰ ਰੋਕਣ ਲਈ ਸੰਤ ਸੀਚੇਵਾਲ ਨੇ ਕਾਲੀ ਵੇਈਂ ਵਿਚ ਸੀਵਰ ਲਾਈਨ ਵਿਛਾਈ। ਦਰਿਆ ਦਾ ਗੰਦਾ ਪਾਣੀ ਵੱਡੇ ਛੱਪਡ਼ ਵਿਚ ਇਕੱਠਾ ਕਰਨਾ ਸ਼ੁਰੂ ਕਰ ਦਿੱਤਾ। ਛੱਪਡ਼ ਵਿਚ ਪਾਉਣ ਤੋਂ ਪਹਿਲਾਂ ਪਾਣੀ ਨੂੰ ਤਿੰਨ ਟੋਇਆਂ ਵਿੱਚੋਂ ਲੰਘਾਇਆ ਜਾਂਦਾ ਸੀ। ਇਹ ਸਵਦੇਸ਼ੀ ਤੌਰ ’ਤੇ ਬਣਾਇਆ ਗਿਆ ਸੀਵਰੇਜ ਪਲਾਂਟ ਪੂਰੀ ਤਰ੍ਹਾਂ ਸਫਲ ਰਿਹਾ। ਸ਼ੁੱਧ ਕੀਤਾ ਗਿਆ ਪਾਣੀ ਸਿੰਚਾਈ ਲਈ ਵਰਤਿਆ ਜਾਂਦਾ ਸੀ।
ਅਜੇ ਬਹੁਤ ਕੰਮ ਬਾਕੀ : ਸੀਚੇਵਾਲ
ਸੰਤ ਸੀਚੇਵਾਲ ਦਾ ਕਹਿਣਾ ਹੈ ਕਿ ਹੁਣ ਤਕ ਬਹੁਤ ਕੰਮ ਹੋ ਚੁੱਕਾ ਹੈ। ਕਾਲਾ ਸੰਘਿਆਂ ਡਰੇਨ ਤੇ ਬੁੱਢੇ ਨਾਲੇ ਦੀ ਸਫ਼ਾਈ ਕਰਵਾਉਣਾ ਵੱਡੀ ਚੁਣੌਤੀ ਹੈ, ਇਸ ਨੂੰ ਪੂਰਾ ਕਰਨਾ ਪਵੇਗਾ। ਲੁਧਿਆਣਾ ਦਾ ਬੁੱਢਾ ਨਾਲਾ, ਕਾਲਾ ਸੰਘਿਆਂ ਤੇ ਜਮਸ਼ੇਰ ਡਰੇਨਾਂ ਨੂੰ ਦਰਿਆਵਾਂ ਵਿਚ ਜਾਣ ਤੋਂ ਰੋਕਣਾ ਪਹਿਲ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਲੋਕਾਂ ਦੇ ਸਹਿਯੋਗ ਸਦਕਾ ਹੀ ਦੇਸ਼ ਦੀਆਂ ਹੋਰ ਨਦੀਆਂ ਨੂੰ ਸਾਫ਼ ਕੀਤਾ ਜਾ ਸਕਦਾ ਹੈ। ਦਰਿਆਵਾਂ ਤੇ ਪਾਣੀ ਦੇ ਸੋਮਿਆਂ ਦੀ ਸਫ਼ਾਈ ਸਰਕਾਰ ਦੀ ਜ਼ਿੰਮੇਵਾਰੀ ਹੈ ਪਰ ਸਿਆਸੀ ਪਾਰਟੀਆਂ ਦੇ ਆਗੂ ਇਸ ਪਾਸੇ ਧਿਆਨ ਨਹੀਂ ਦੇ ਰਹੇ। ਪ੍ਰਦੂਸ਼ਣ ਕੰਟਰੋਲ ਬੋਰਡ ਵੀ ਆਪਣੀ ਜ਼ਿੰਮੇਵਾਰੀ ਤੋਂ ਭੱਜ ਰਿਹਾ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਕੁਦਰਤੀ ਜਲ ਸਰੋਤਾਂ ਨੂੰ ਪ੍ਰਦੂਸ਼ਤ ਕਰਨ ਲਈ ਅਪਰਾਧਕ ਮਾਮਲਾ ਦਰਜ ਹੋਣਾ ਚਾਹੀਦਾ ਹੈ।