ਹਰਮੇਸ਼ ਸਰੋਆ,ਫਗਵਾੜਾ : ਫਗਵਾੜਾ ਬੰਗਾ ਰੋਡ 'ਤੇ ਵਿਆਹ ਦੀ ਪਾਰਟੀ 'ਚ ਅਣਪਛਾਤੇ ਚੋਰਾਂ ਵੱਲੋਂ ਗਹਿਣੇ ਤੇ ਨਕਦੀ ਨਾਲ ਭਰਿਆ ਬੈਗ ਚੋਰੀ ਕਰ ਲਿਆ ਤੇ ਮੌਕੇ ਤੋਂ ਫ਼ਰਾਰ ਹੋ ਗਏ। ਚੋਰੀ ਦੀ ਵਾਰਦਾਤ ਦਾ ਪਰਿਵਾਰਕ ਮੈਂਬਰਾਂ ਨੂੰ ਉਸ ਵੇਲੇ ਪਤਾ ਲਗਾ ਜਦੋਂ ਪਰਿਵਾਰਕ ਮੈਂਬਰ ਵਿਆਹੀ ਜੋੜੀ ਨੂੰ ਸ਼ਗਨ ਪਾਉਣ ਲਈ ਸਟੇਜ 'ਤੇ ਗਏ ਤੇ ਬੈਗ ਸਟੇਜ 'ਤੇ ਰੱਖ ਕੇ ਸ਼ਗਨ ਪਾਉਣ ਲੱਗੇ ਤਾਂ ਸਟੇਜ 'ਤੇ ਹੀ ਖੜ੍ਹੇ ਦੋ ਅਣਪਛਾਤੇ ਵਿਅਕਤੀ ਦੋ ਮਿੰਟ 'ਚ ਹੀ ਚੋਰੀ ਦੀ ਵਾਰਦਾਤ ਨੂੰ ਅੰਜਾਮ ਦੇ ਕੇ ਫ਼ਰਾਰ ਹੋ ਗਏ। ਚੋਰੀ ਦੀ ਇਹ ਵਾਰਦਾਤ ਮੌਕੇ 'ਤੇ ਚੱਲ ਰਹੇ ਵੀਡੀਓ ਕੈਮਰਿਆਂ 'ਚ ਕੈਦ ਹੋ ਗਈ।
ਮਾਮਲੇ ਸਬੰਧੀ ਜਾਣਕਾਰੀ ਦਿੰਦਿਆਂ ਦੀਪਕ ਕੁਮਾਰ ਝਾਅ ਨੇ ਵਾਸੀ ਸ਼ਿਵ ਪੁਰੀ ਫਗਵਾੜਾ ਨੇ ਦੱਸਿਆ ਕਿ ਮਾਰਵਲ ਰਿਸੋਰਟ ਬੰਗਾ ਰੋਡ ਵਿਖੇ ਉਨ੍ਹਾਂ ਵੱਲੋਂ ਵਿਆਹ ਦੀ ਪਾਰਟੀ ਰੱਖੀ ਗਈ ਸੀ । ਦੁਪਹਿਰ 3 ਵੱਜ ਕੇ 50 ਕੁ ਮਿੰਟ ਤੇ ਜਦੋਂ ਪਰਿਵਾਰਕ ਮੈਂਬਰਾਂ ਵੱਲੋਂ ਸ਼ਗੁਨ ਦੀ ਰਸਮ ਕੀਤੀ ਜਾ ਰਹੀ ਸੀ ਤਾਂ ਉਨ੍ਹਾਂ ਦੀ ਮਾਤਾ ਜੀ ਵੱਲੋਂ ਜਦੋਂ ਨਕਦੀ ਤੇ ਗਹਿਣਿਆਂ ਵਾਲਾ ਬੈਗ ਸਟੇਜ 'ਤੇ ਰੱਖਿਆ ਜਾਂਦਾ ਹੈ ਤੇ ਸਟੇਜ ਦੇ ਪਿੱਛੇ ਦੋ ਅਣਪਛਾਤੇ ਵਿਅਕਤੀ ਆਉਂਦੇ ਹਨ ਤੇ ਦੋ ਮਿੰਟ 'ਚ ਹੀ ਗਹਿਣਿਆਂ ਤੇ ਨਕਦੀ ਵਾਲਾ ਬੈਗ ਲੈ ਕੇ ਫ਼ਰਾਰ ਹੋ ਜਾਂਦੇ ਹਨ। ਪਰਿਵਾਰਕ ਮੈਂਬਰਾਂ ਦੇ ਦੱਸਣ ਮੁਤਾਬਿਕ ਉਨ੍ਹਾਂ ਦਾ ਕਰੀਬ 9 ਤੋਂ 10 ਲੱਖ ਦਾ ਨੁਕਸਾਨ ਹੋ ਗਿਆ।